ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਤੋਂ ਰੋਕਣ ਲਈ ਖੇਤੀਬਾੜੀ ਵਿਭਾਗ ਨੇ ਆਧੁਨਿਕ ਖੇਤੀ ਮਸ਼ੀਨਰੀ ਜਿਸ ਵਿਚ ਹੈਪੀ ਸੀਡਰ, ਪੈਡੀ ਸਟਰਾਅ ਚੋਪਰ ਕਮ ਸ਼ਰੈਡਰ, ਰਿਵਰਸਏਬਲ ਐਮ ਬੀ ਪਲਾਓ, ਰੇਕ, ਬੇਲਰ, ਜੀਰੋ ਡਰਿਲ, ਡੀ ਐਸ ਆਰ ਡਰਿਲ, ਪਾਵਰ ਓਪਰੇਟਿਡ ਸਪਰੇਅ ਪੰਪ, ਬੈਟਰੀ ਓਪਰੇਟਿਡ ਸਪਰੇਅ ਪੰਪ, ਟਰੈਕਟਰ ਨਾਲ ਚੱਲਣ ਵਾਲਾ ਸਪਰੇਅ ਪੰਪ, ਰੇਜ਼ਡ ਬੈਡ ਪਲਾਂਟਰ, ਲੇਜ਼ਰ ਲੈਂਡ ਲੈਵਲਰ, ਪੋਸਟ ਹਾਡ ਡਿੱਗਰ, ਸਬ ਸੋਆਇਲਰ, ਰੋਟਰੀ ਪਾਵਰ ਹੈਰੋ, ਪਾਵਰ ਵੀਡਰ ਅਤੇ ਮਲਟੀ ਕਰਾਪ ਪਲਾਂਟਰ ਸਬਸਿਡੀ ਉੱਤੇ ਦੇਣ ਦਾ ਫੈਸਲਾ ਕੀਤਾ ਹੈ। ਉਕਤ ਜਾਣਕਾਰੀ ਦਿੰਦੇ ਮੁੱਖ ਖੇਤੀਬਾੜੀ ਅਧਿਕਾਰੀ ਦਲਬੀਰ ਸਿੰਘ ਛੀਨਾ ਅਤੇ ਸਹਾਇਕ ਖੇਤੀਬਾੜੀ ਇੰਜੀਨਿਅਰ ਰਣਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਸਾੜੇ ਜਾਂਦੇ ਨਾੜ ਅਤੇ ਪਰਾਲੀ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਰਾਲੀ ਅਤੇ ਨਾੜ ਨੂੰ ਖੇਤ ਵਿਚ ਵਾਹ ਦਿੱਤਾ ਜਾਵੇ ਤਾਂ ਇਸ ਨਾਲ ਜ਼ਮੀਨ ਦਾ ਜੈਵਿਕ ਮਾਦਾ ਵੱਧਦਾ ਹੈ ਜੋ ਕਿ ਉਪਜਾਊ ਸ਼ਕਤੀ ਵਿੱਚ ਵਧਾਉਣ ਵਿਚ ਸਹਾਈ ਹੁੰਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਲਗਾਤਾਰ ਨਾੜ ਅਤੇ ਪਰਾਲੀ ਖੇਤ ਵਿੱਚ ਮਿਲਾ ਦਿੱਤੇ ਜਾਣ ਤਾਂ ਵੱਡੀ ਹੱਦ ਤੱਕ ਰਾਸਾਇਣਿਕ ਖਾਦਾਂ ਦੀ ਲੋੜ ਵੀ ਘੱਟ ਜਾਂਦੀ ਹੈ। ਸ਼੍ਰੀ ਰੰਧਾਵਾ ਨੇ ਦੱਸਿਆ ਕਿ ਨਾੜ ਅਤੇ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਲਈ ਕਈ ਆਧੁਨਿਕ ਯੰਤਰ ਮਾਰਕਿਟ ਵਿੱਚ ਆ ਚੁੱਕੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਹੀ ਕੁੱਝ ਖੇਤੀ ਸੰਦ ਵਿਭਾਗ ਵੱਲੋਂ ਕਿਸਾਨਾਂ ਨੂੰ ਸਸਤੇ ਮੁੱਲ ਉੱਤੇ ਦੇਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਕਿਸਾਨ ਨਾੜ ਨੂੰ ਸਾੜਨ ਤੋਂ ਰੁੱਕ ਜਾਣ।ਛੀਨਾ ਨੇ ਦੱਸਿਆ ਕਿ ਜੋ ਵੀ ਕਿਸਾਨ ਇਹ ਖੇਤੀ ਸੰਦ ਲੈਣਾ ਚਾਹੁੰਦੇ ਹਨ ਉਹ ਆਪਣੀਆਂ ਦਰਖਾਸਤਾਂ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਦੇ ਅੰਮ੍ਰਿਤਸਰ ਸੱਥਿਤ ਦਫ਼ਤਰ ਵਿੱਚ 30 ਮਈ ਤੱਕ ਜਮ੍ਹਾਂ ਕਰਾ ਦੇਣ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media