ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) –
ਝੋਨੇ ਅਤੇ ਬਾਸਮਤੀ ਦੀ ਫਸਲ ਨੂੰ ਬੀਜ ਜਨਤ ਰੋਗਾਂ ਤੋਂ ਬਚਾਉਣ ਲਈ ਪਨੀਰੀ ਬੀਜਣ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਰਸਾਇਣਾਂ ਨਾਲ ਸੋਧ ਲੈਣਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ ਲੱਗਣ ਵਾਲੀਆ ਬਿਮਾਰੀਆਂ ਤੋਂ ਬਚਿਆ ਜਾ ਸਕੇ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਨੀਲਿਮਾ ਅਤੇ ਡਾ. ਇੰਦਰਜੀਤ ਸਿੰਘ ਧੰਜੂ ਦੀ ਅਗਵਾਈ ਹੇਠ ਚਲਾਈ ਜਾ ਰਹੀ ਸਾਉਣੀ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਗੂੜਾ ਕਲਾਂ ਵਿੱਚ ਲਗਾਏ ਕਿਸਾਨ ਜਾਗਰੁਕਤਾ ਕੈਂਪ ਵਿੱਚ ਕਿਸਾਨਾਂ ਨੂੰ ਤੰਦਰੁਸਤ ਪਨੀਰੀ ਤਿਆਰ ਕਰਨ ਬਾਰੇ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਕਹੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਸੰਦੀਪ ਸਿੰਘ ਢਿਲੋਂ ਖੇਤੀਬਾੜੀ ਵਿਕਾਸ ਅਫਸਰ,ਸੁਦੇਸ਼ ਕੁਮਾਰ ਖੇਤੀਬਾੜੀ ਉਪ ਨਿਰੀਖਕ, ਰਣਜੋਧ ਸਿੰਘ ਫੀਲਡ ਵਰਕਰ, ਜਸਵੀਰ ਸਿੰਘ ਚੇਅਰਮੈਨ, ਸਰਿੰਦਰ ਸਿੰਘ, ਰਣਵੀਰ ਸਿੰਘ, ਗਨੇਸ਼ ਸਿੰਘ ਅਤੇ ਜਸਪਾਲ ਸਮੇਤ ਹੋਰ ਕਿਸਾਨ ਹਾਜ਼ਰ ਸਨ।ਮੌਕੇ ਤੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਪਨੀਰੀ ਬੀਜਣ ਤੋਂ ਪਹਿਲਾਂ ਬੀਜ ਨੂੰ ਸੋਧ ਕੇ ਪ੍ਰਦਰਸ਼ਤ ਕੀਤਾ ਗਿਆ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ 2009 ਅਨੁਸਾਰ ਝੋਨੇ ਦੀ ਲਵਾਈ 15 ਜੂਨ ਪਹਿਲਾਂ ਨਹੀ ਕੀਤੀ ਜਾ ਸਕਦੀ।ਉਨਾਂ ਕਿਹਾ ਕਿ ਝੋਨੇੇ ਦੀ ਪਨੀਰੀ ਦਾ ਢੁਕਵਾਂ ਸਮਾਂ 15-20 ਮਈ ਹੈ ਜਦ ਕਿ ਬਾਸਮਤੀ 1121 ਦੀ ਪਨੀਰੀ ਬੀਜਣ ਦਾ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਹੈ।ਉਨਾਂ ਕਿਹਾ ਕਿ ਖੇਤੀ ਜਿਨਸਾਂ ਦੇ ਸਿੱਧੇ ਮੰਡੀਕਰਨ ਲਈ ਕਿਸਾਨ ਬਾਜ਼ਾਰ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।ਉਨਾਂ ਕਿਸਾਨਾਂ ਨੂੰ ਆਪੋ ਆਪਣੇ ਖੇਤਾਂ ਦੀ ਮਿੱਟੀ ਪਰਖ ਕਰਵਾ ਕੇ ਮਿੱਟੀ ਪਰਖ ਰਿਪੋਰਟ ਦੇ ਆਧਾਰ ਤੇ ਖਾਦਾਂ ਵਰਤਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਿੱਟੀ ਪਰਖ ਤੋਂ ਕਿਸਾਨਾਂ ਨੂੰ ਜ਼ਮੀਨ ਦੀ ਉਪਜਾਊ ਸ਼ਕਤੀ,ਉਸ ਦੇ ਖਾਰੀ ਅੰਗ, ਜੀਵਕ ਕਾਰਬਨ ਅਤੇ ਜ਼ਰੂਰੀ ਤੱਤਾਂ ਦੀ ਉਪਲੱਬਧੀ ਦਾ ਪਤਾ ਲੱਗਦਾ ਹੈ।ਡਾ ਸੰਦੀਪ ਸਿੰਘ ਨੇ ਪਨੀਰੀ ਬੀਜਣ ਤੋਂ ਪਹਿਲਾਂ ਝੋਨੇ ਦੇ ਬੀਜ ਦੀ ਸੋਧ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਪਨੀਰੀ ਬੀਜ ਨੂੰ ਬੀਜਣ ਤੋਂ ਪਹਿਲਾਂ 8 ਕਿਲੋ ਬੀਜ ਨੂੰ 20 ਗਾਮ ਕਾਰਬੈਂਡਾਜ਼ਿਮ ਅਤੇ 1 ਗ੍ਰਾਮ ਸਟ੍ਰੈਪਟੋਸਾਈਕਲਿਨ ਨੂੰ 10 ਲਿਟਰ ਪਾਣੀ ਦੇ ਘੋਲ ਵਿੱਚ ਘੱਟੋ ਘੱਟ 10-12 ਘੰਟੇ ਭਿਉਂ ਕੇ ਰੱਖੋ।ਉਨਾਂ ਕਿਹਾ ਬਾਸਮਤੀ ਪੈਰਾਂ ਦੇ ਗਲਣ ਦਾ ਰੋਗ ਦੀ ਰੋਕਥਾਮ ਲਈ ਪਨੀਰੀ ਦੀ ਬਿਜਾਈ ਤੋਂ ਪਹਿਲਾਂ ਬੀਜ ਅਤੇ ਲਵਾਈ ਤੋਂ ਪਹਿਲਾਂ ਪਨੀਰੀ ਦੀਆਂ ਜੜਾਂ ਨੂੰ ਸੋਧਣਾ ਬਹੁਤ ਜ਼ਰੂਰੀ ਹੈ।ਅਖੀਰ ਵਿੱਚ ਸਰਪੰਚ ਗਰਾਮ ਪੰਚਾਇਤ ਗੂੜਾ ਕਲਾਂ ਨੇ ਕਿਸਾਨ ੳਤੇ ਖੇਤੀ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੰਗਲ ਭੁਰ ਦਾਣਾ ਮੰਡੀ ਕੱਚੀ ਹੋਣ ਕਰਕੇ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਹੁਤੇ ਕਿਸਾਨ ਆਪਣੀ ਜਿਨਸ ਜ਼ਿਲਾ ਹੁਸ਼ਿਆਰਪੁਰ ਲੈ ਜਾਂਦੇ ਹਨ ਜਿਸ ਕਾਰਨ ਪਠਾਨਕੋਟ ਮਾਰਕੀਟ ਕਮੇਟੀ ਨੂੰ ਵਿੱਤੀ ਨੁਕਸਾਨ ਉਠਾਉਣਾ ਪੈਂਦਾ ਹੈ।ਉਨਾਂ ਜ਼ਿਲਾ ਪ੍ਰਸ਼ਾਸ਼ਣ ਤੋਂ ਮੰਗ ਕੀਤੀ ਕਿ ਨੰਗਲ ਭੁਰ ਦਾਣਾ ਮੰਡੀ ਦੇ ਫਰਸ਼ ਨੂੰ ਜਲਦੀ ਪੱਕਿਆਂ ਕੀਤਾ ਜਾਵੇ।
Check Also
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ …
Punjab Post Daily Online Newspaper & Print Media