ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) –
ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਵਿੱਚ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਦੇ ਮੀਟਿੰਗ ਹਾਲ ਵਿਖੇ ਕੀਤੀ ਗਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਕੁਲਦੀਪ ਸਿੰਘ ਡੀ.ਐਸ.ਪੀ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ, ਸੁਖਦੇਵ ਰਾਜ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ, ਯਸਪਾਲ ਨਾਇਬ ਤਹਿਸੀਲਦਾਰ ਪਠਾਨਕੋਟ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਸੰਭਾਵੀ ਹੜ੍ਹਾਂ ਦਾ ਸਮਾਂ 1 ਜੂਨ 2017 ਤੋਂ 30 ਸਤੰਬਰ 2017 ਤੱਕ ਮੰਨਿਆ ਜਾ ਰਿਹਾ ਹੈ ਅਤੇ ਇਸ ਸਮੇਂ ਦੋਰਾਨ ਕਿਸੇ ਵੀ ਤਰ੍ਹਾਂ ਦੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਸਾਰੇ ਪ੍ਰਬੰਧ ਪਹਿਲਾ ਤੋਂ ਹੀ ਮੁਕੰਮਲ ਕਰ ਲੈਣੇ ਚਾਹੀਦੇ ਹਨ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹੜ੍ਹਾਂ ਸਬੰਧੀ ਅਗੇਤੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ ਤੇ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਕੰਮ ਕਰਨਗੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਸੰਭਾਵੀ ਹੜ੍ਹਾਂ ਦੇ ਦੋਰਾਨ ਪਹਿਲਾਂ ਤੋਂ ਹੀ ਸਕੂਲਾਂ ਦਾ ਚੁਨਾਬ ਕਰਕੇ ਇਕ ਲਿਸਟ ਤਿਆਰ ਕੀਤੀ ਜਾਵੇ ਤਾਂ ਜੋ ਜਰੂਰਤ ਪੈਣ ਤੇ ਉਨ੍ਹਾਂ ਸਕੂਲਾਂ ਨੂੰ ਕੈਂਪਾਂ ਵਿੱਚ ਬਦਲਿਆ ਜਾ ਸਕੇ।ਉਨ੍ਹਾਂ ਐਸ.ਡੀ.ਐਮ ਧਾਰ ਕਲਾਂ ਅਤੇ ਪਠਾਨਕੋਟ ਨੂੰ ਕਿਹਾ ਕਿ ਉਹ ਫਲੱਡ ਕੰਟਰੋਲ ਸਮਾਨ ਦਾ ਨਿਰੀਖਣ ਕਰਨਗੇ ਅਤੇ ਜੋ ਵੀ ਕਮੀ ਪਾਈ ਜਾਂਦੀ ਹੈ ਉਸ ਨੂੰ ਨਿਰਧਾਰਤ ਸਮੇਂ ਅੰਦਰ ਦੂਰ ਕੀਤਾ ਜਾਵੇਗਾ।ਉਨ੍ਹਾਂ ਰਣਜੀਤ ਸਾਗਰ ਡੈਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਪਰੋਕਤ ਸਮੇਂ ਦੋਰਾਨ ਅਗਰ ਪਾਣੀ ਛੱਡਣ ਦੀ ਜਰੂਰਤ ਪੈਂਦੀ ਹੈ ਤਾਂ ਪਾਣੀ ਛੱਡਣ ਦੇ 24 ਘੰਟੇ ਪਹਿਲਾ ਹੀ ਪਬਲਿਕ ਨੂੰ ਸੂਚਿਤ ਕੀਤਾ ਜਾਵੇ।ਉਨ੍ਹਾਂ ਸਿਵਲ ਹਸਪਤਾਲ ਪਠਾਨਕੋਟ ਨੂੰ ਵੀ ਆਦੇਸ ਜਾਰੀ ਕਰਦਿਆਂ ਕਿਹਾ ਕਿ 1 ਜੂਨ ਤੋਂ ਪਹਿਲਾ ਦਵਾਈਆਂ ਦਾ ਸਟਾਕ ਰੱਖਿਆ ਜਾਵੇ ਅਤੇ ਕਿਸ ਕਰਮਚਾਰੀ ਦੀ ਡਿਊਟੀ ਕਿਸ ਸਥਾਨ ਤੇ ਲਗਾਈ ਜਾ ਸਕਦੀ ਹੈ ਇਸ ਦੀ ਵੀ ਸੂੱਚੀ ਬਣਾਈ ਜਾਵੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ 1 ਜੂਨ 2017 ਤੋਂ 30 ਸਤੰਬਰ 2017 ਅਧਿਕਾਰੀ ਬਿਨ੍ਹਾਂ ਆਗਿਆ ਹੈਡ ਕੁਆਟਰ ਨਹੀਂ ਛੱਡੇਗਾ।ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ।ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਸੰਭਾਵੀ ਹੜ੍ਹਾਂ ਸਬੰਧੀ ਉਨ੍ਹਾਂ ਦੇ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰ ਲਏ ਜਾਣਗੇ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media