ਲੜਕੀ ਦੇ ਪੜਣ ਨਾਲ ਪਰਿਵਾਰ ਹੀ ਨਹੀਂ, ਸਗੋਂ ਪੂਰੇ ਸਮਾਜ ਹੁੰਦਾ ਹੈ ਸਿਖਿਅਤ – ਛੀਨਾ
ਅੰਮਿ੍ਰਤਸਰ, 28 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਮੈਨੇਜ਼ਮੈਂਟ ਸੋਸਾਇਟੀ ਅਧੀਨ ਵਿੱਦਿਅਕ ਖੇਤਰ ’ਚ ਨਾਮਣਾ ਖੱਟ ਰਹੇ
ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਸਾਲਾਨਾ ਕਾਨਵੋਕੇਸ਼ਨ ਦੌਰਾਨ 209 ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਕਾਨਵੋਕੇਸ਼ਨ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੋਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਉਤਸ਼ਾਹਿਤ ਕਰਦਿਆਂ ਦੇਸ਼ ਦੀ ਤਰੱਕੀ ਲਈ ਪ੍ਰੋਫ਼ੈਸ਼ਨਲ ਵਿੱਦਿਆ ਹਾਸਲ ਕਰਨ ’ਤੇ ਜ਼ੋਰ ਦਿੱਤਾ।
ਮਜੀਠੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਰਵਾਇਤੀ ਸਿੱਖਿਆ ਤੋਂ ਇਲਾਵਾ ਹੱਥੀਂ ਕੰਮ ਕਰਨ ਤੇ ਹੁਨਰ ਨੂੰ ਉਜਾਗਰ ਕਰਨਾ ਵਿੱਦਿਆ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ।ਕਾਲਜ ਪਿ੍ਰੰਸੀਪਲ ਨਾਨਕ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਕਾਨਵੋਕੇਸ਼ਨ ’ਚ ਮਜੀਠੀਆ ਦੀ ਹਾਜ਼ਰੀ ’ਚ ਡਿਗਰੀ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥਣਾਂ ਨੂੰ ਉਚ ਸਿੱਖਿਆ ਹਾਸਲ ਕਰਕੇ ਦੇਸ਼ ਸੇਵਾ ਲਈ ਅਰਪਿਤ ਹੋਣ ਲਈ ਉਤਸ਼ਾਹਿਤ ਕੀਤਾ।
ਕਾਨਵੋਕੇਸ਼ਨ ਦੌਰਾਨ ਮਜੀਠੀਆ, ਛੀਨਾ ਅਤੇ ਪਿ੍ਰੰ: ਨਾਨਕ ਸਿੰਘ ਨੇ ਗ੍ਰੈਜ਼ੂਏਟ ਅਤੇ ਪੋਸਟ ਗ੍ਰੈਜ਼ੂਏਟ ਡਿਗਰੀਆਂ ਆਦਿ ਨਾਲ ਸਬੰਧਿਤ ਵਿਦਿਆਰਥਣਾਂ ਨੂੰ ਡਿਗਰੀਆਂ ਦੇਣ ਤੋਂ ਇਲਾਵਾ ਵਿੱਦਿਆ ਦੇ ਖੇਤਰ ’ਚ ਉਚ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਚੈਕ, ਤਮਗੇ ਅਤੇ ਸਰਟੀਫ਼ਿਕੇਟ ਦੇ ਕੇ ਨਿਵਾਜਿਆ ਗਿਆ।ਮਜੀਠੀਆ ਨੇ ਵਿੱਦਿਆ ਨੂੰ ਪਰਉਪਕਾਰੀ ਦੱਸਦਿਆਂ ਕਿਹਾ ਕਿ ਸਹੀ ਢੰਗ ਨਾਲ ਸਿੱਖਿਅਤ ਆਦਮੀ ਜਾਂ ਔਰਤ ’ਚ ਹਲੀਮੀ ਹੁੰਦੀ ਹੈ। ਛੀਨਾ ਨੇ ਕਿਹਾ ਕਿ ਜੇਕਰ ਲੜਕੇ ਨੂੰ ਪੜਾਇਆ ਜਾਂਦਾ ਹੈ ਤਾਂ ਉਹ ਆਪ ਵਿੱਦਿਆ ਹਾਸਲ ਕਰਦਾ ਹੈ, ਜੇਕਰ ਲੜਕੀ ਨੂੰ ਪੜਾਇਆ ਜਾਂਦਾ ਹੈ ਤਾਂ ਪੂਰਾ ਪਰਿਵਾਰ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜੀਆਂ ਵੀ ਸਿੱਖਿਅਤ ਹੁੰਦੀਆਂ ਹਨ।
ਪਿ੍ਰੰ: ਨਾਨਕ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਨਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਭੇਟ ਕੀਤੇ। ਸਮਾਗਮ ਦੀ ਸ਼ੁਰੂਆਤ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਕਰਕੇ ਕੀਤਾ ਗਿਆ। ਇਸ ਤੋਂ ਪਹਿਲਾਂ ਪਿ੍ਰੰ: ਨਾਨਕ ਸਿੰਘ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸੰਸਥਾ ਦੀ ਵਿੱਦਿਅਕ, ਸੱਭਿਆਚਾਰਕ ਖੇਤਰ ’ਚ ਹਾਸਲ ਕੀਤੀਆਂ ਉਪਲਬੱਧੀਆਂ ਤੇ ਸਰਗਰਮੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਣ, ਗੁਰੂ ਨਾਨਕ ਦੇਵ ਹਸਪਤਾਲ ਤੋਂ ਡਾ. ਸ਼ਿਵਾਜੀ, ਗਲੋਬਲ ਕਾਲਜ ਤੋਂ ਪ੍ਰੋ: ਵੰਦਨਾ, ਕਾਲਜ ਸੁਪਰਡੈਂਟ ਨਰਿੰਦਰ ਸਿੰਘ, ਅੰਡਰ ਸੈਕਟਰੀ ਡੀ. ਐਸ ਰਟੌਲ, ਪ੍ਰੋ: ਮੋਹਿੰਦਰ ਸਿੰਘ, ਪ੍ਰੋ: ਗਿਰਜਾ ਭੱਲਾ, ਪ੍ਰੋ: ਕ੍ਰਿਸ਼ਨਾ, ਪ੍ਰੋ: ਗੁਲਸ਼ਨ, ਪ੍ਰੋ: ਭਾਰਤੀ ਗੁਪਤਾ, ਪ੍ਰੋ: ਅਮਨਦੀਪ ਕੌਰ, ਪ੍ਰੋ: ਜਗਦੀਪ ਕੌਰ, ਪ੍ਰੋ: ਸੋਨੀਆ, ਪ੍ਰੋ: ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਸ੍ਰੀ ਵਿਨੋਦ ਪਾਲ ਤੋਂ ਇਲਾਵਾ ਸਮੂੰਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ। ਇਸ ਮੌਕੇ ਵਿਦਿਆਰਥਣਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media