ਅੰਮ੍ਰਿਤਸਰ, 1 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਇਰਾਕ ਦੇ ਮੋਸੂਲ ਸ਼ਹਿਰ ਵਿੱਚ ਬੰਦੀ 40 ਵਿਅਕਤੀਆਂ ਦੇ ਪੀੜ੍ਹਤ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ੫੦-੫੦ ਹਜ਼ਾਰ ਦੇ ਚੈੱਕ ਦਿੱਤੇ ਜਾਣਗੇ। ਜਿਸ ਦੀ ਕੁਲ ਰਕਮ 20 ਲੱਖ ਰੁਪਏ ਬਣਦੀ ਹੈ। ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਜਥੇਦਾਰ ਅਵਤਾਰ ਸਿੰਘ ਨੇ ਇਰਾਕ ‘ਚ ਬੰਦੀ 19 ਪੀੜ੍ਹਤ ਪ੍ਰੀਵਾਰਾਂ ਨੂੰ 50-50 ਹਜ਼ਾਰ ਦੇ ਚੈਕ ਤਕਸੀਮ ਕੀਤੇ। ਜਿਨ੍ਹਾਂ ਵਿਚ ਮਨਜਿੰਦਰ ਸਿੰਘ ਦੀ ਮਾਤਾ ਸੁਖਵਿੰਦਰ ਕੌਰ, ਜਤਿੰਦਰ ਸਿੰਘ ਦੇ ਪਿਤਾ ਬਲਕਾਰ ਸਿੰਘ, ਹਰਸਿਮਰਨਜੀਤ ਸਿੰਘ ਦੇ ਪਿਤਾ ਤਰਸੇਮ ਸਿੰਘ, ਸੋਨੂੰ ਮਸੀਹ ਦੀ ਪਤਨੀ ਸੀਮਾ, ਗੁਰਚਰਨ ਸਿੰਘ ਦੇ ਪਿਤਾ ਸਰਦਾਰਾ ਸਿੰਘ, ਕਵਲਜੀਤ ਸਿੰਘ ਦੇ ਪਿਤਾ ਹਰਭਜਨ ਸਿੰਘ, ਨਿਸਾਨ ਸਿੰਘ ਦੀ ਮਾਤਾ ਸਵਿੰਦਰ ਕੌਰ, ਹਰੀਸ਼ ਕੁਮਾਰ ਦੇ ਪਿਤਾ ਸਤਪਾਲ ਸਿੰਘ, ਗੁਰਬਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ, ਮਲਕੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ, ਰਣਜੀਤ ਸਿੰਘ ਦੀ ਮਾਤਾ ਬਲਵਿੰਦਰ ਕੌਰ, ਧਰਮਿੰਦਰ ਕੁਮਾਰ ਦੇ ਪਿਤਾ ਰਾਜ ਕੁਮਾਰ, ਬਲਵੰਤ ਰਾਏ ਦੀ ਪਤਨੀ ਗਿਆਨ ਕੌਰ, ਕਮਲਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ, ਗੁਰਦੀਪ ਸਿੰਘ ਦੀ ਪਤਨੀ ਮੀਨਾ ਰਾਣੀ, ਕੁਲਵਿੰਦਰ ਸਿੰਘ ਦੀ ਪਤਨੀ ਅਮਨਦੀਪ ਕੌਰ, ਰੂਪ ਲਾਲ ਦੀ ਪਤਨੀ ਕਮਲਜੀਤ, ਸੁਰਜੀਤ ਮਿਨਕਾ ਦੀ ਪਤਨੀ ਊਸਾ ਰਾਣੀ ਤੇ ਧਰਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਦੇ ਨਾਮ ਸ਼ਾਮਲ ਹਨ। ਪ੍ਰੈਸ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਰਾਕ ‘ਚ ਬੰਦੀ ਵਿਅਕਤੀਆਂ ਦੇ ਪ੍ਰੀਵਾਰਾਂ ਨਾਲ ਹਰ ਮੁਸੀਬਤ ਵਿੱਚ ਖੜ੍ਹੀ ਹੈ। ਉਹ ਚਾਹੇ ਪੰਜਾਬੀ ਹੋਣ ਜਾਂ ਭਾਰਤ ਦੀ ਕਿਸੇ ਵੀ ਸਟੇਟ ਨਾਲ ਸਬੰਧਤ ਹੋਣ, ਉਨ੍ਹਾਂ ਦੀ ਬਿਨਾ ਕਿਸੇ ਭੇਦ-ਭਾਵ ਦੇ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਗੁਰਦੁਆਰਿਆਂ , ਸਕੂਲਾਂ, ਕਾਲਜਾਂ ਤੇ ਹਸਪਤਾਲਾਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾ ਰਹੀ ਹੈ, ਓਥੇ ਕੁਦਰਤੀ ਆਫਤਾਂ ਸਮੇਂ ਵੀ ਪੀੜ੍ਹਤ ਵਿਅਕਤੀਆਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਂਦੀ ਹੈ। ਇਰਾਕ ਦੇ ਗ੍ਰਹਿ ਯੁੱਧ ‘ਚ ਬੰਦੀ ਬਣਾਏ ਗਏ ਵਿਅਕਤੀਆਂ ਨੂੰ 20 ਲੱਖ ਦੀ ਰਾਸ਼ੀ ਤਕਸੀਮ ਕੀਤੀ ਗਈ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਪ੍ਰੋ:ਸਰਚਾਂਦ ਸਿੰਘ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਪ੍ਰਤੀ ਪ੍ਰੀਵਾਰ 10-10 ਹਜ਼ਾਰ ਰੁਪਏ ਨਗਦ ਦਿੱਤੇ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 1925 ਦੇ ਗੁਰਦੁਆਰਾ ਐਕਟ ਮੁਤਾਬਿਕ ਵੰਡ ਤੋਂ ਪਹਿਲਾਂ ਵਾਲੇ ਪੰਜਾਬ ਦੇ ਸਮੇਂ ਦੀ ਸਿੱਖਾਂ ਦੀ ਸਾਂਝੀ ਤੇ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਸਿੱਖ ਪੰਥ ਦੇ ਹਿਤਾਂ ਦੀ ਗੱਲ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਐਲਾਨ ਕਰਨ ਨਾਲ ਕਮੇਟੀ ਸਥਾਪਿਤ ਨਹੀਂ ਹੋ ਸਕਦੀ। ਅਸੀਂ ਵੀ ਕਾਨੰਨਂੀ ਮਾਹਿਰਾਂ ਦੀ ਰਾਇ ਲੈ ਰਹੇ ਹਾਂ ਅਤੇ ਇਸ ਮੁੱਦੇ ਲਈ ਕਾਨੂੰਨੀ ਪੈਨਲ ਸਥਾਪਿਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿਘ ਨੂੰ ਕਮੇਟੀ ਦੇ ਵਫਦ ਵਲੋਂ ਮਿਲਣ ਉਪਰੰਤ ਸ੍ਰੀ ਰਾਜਨਾਥ ਸਿਘ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਆਪਣੇ ਸਕੱਤਰ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੰਜਾਬ ਦੇ ਫੰਡਾਂ ਵਿਚੋਂ ਹਰਿਆਣੇ ਦੇ ਸਿੱਖਾਂ ਲਈ ਬਹੁਪੱਖੀ ਵਿਕਾਸ ਕਰ ਰਹੀ ਹੈ। ਜਿਸ ਵਿਚ ਹਰਿਆਣੇ ਦੇ ਗੁਰਦੁਆਰਿਆਂ ਤੋਂ ਇਲਾਵਾ, ਵਿਦਿਆ, ਸਿਹਤ ਸੇਵਾਵਾਂ ਅਤੇ ਧਾਰਮਿਕ ਖੇਤਰ ਲਈ ਕਰੌੜਾਂ ਰੁਪਿਆਂ ਦਾ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਗੁਰਦੁਆਰਾ ਸਾਹਿਬਾਨ ਦੀਆਂ ਗੋਲਕਾਂ ਤੋਂ ਜੋ ਬਜ਼ਟ ਇਕੱਠਾ ਹੁੰਦਾ ਹੈ ਉਹ ਓਥੇ ਹੀ ਖਰਚ ਕਰ ਦਿੱਤਾ ਜਾਂਦਾ ਹੈ ਜਿਸ ਲਈ ਹਰਿਆਣੇ ਵਿਚ ਸਬ-ਆਫਿਸ ਵੀ ਸਥਾਪਿਤ ਕੀਤਾ ਗਿਆ ਹੈ, ਜੋ ਬਿੱਲਾਂ ਦੀ ਅਦਾਇਗੀ ਓਥੇ ਹੀ ਕਰਦਾ ਹੈ। ਹਰਿਆਣਾ ਦੀ ਕਾਂਗਰਸ ਸਰਕਾਰ ਸ਼੍ਰੋਮਣੀ ਕਮੇਟੀ ਨਾਲ ਵਿਤਕਰਾ ਕਰ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਵਲੋਂ ਲੋਕਾਂ ਦੀ ਭਲਾਈ ਵਾਸਤੇ ਕੀਤੇ ਜਾ ਰਹੇ ਨਿਰਮਾਣ ਨੂੰ ਵੀ ਰੋਕ ਰਹੀ ਹੈ। ਉਨਾਂ ਕਿਹਾ ਕਿ 150 ਕਰੌੜ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਸ਼ਾਹਬਾਦ ਮਾਰਕੰਡਾ ਵਿਖੇ ਮੀਰੀ-ਪੀਰੀ ਮੈਡੀਕਲ ਕਾਲਜ ਅੱਧ ਵਿਚਾਲੇ ਲਟਕ ਰਿਹਾ ਹੈ। ਜਿਸ ਦਾ ਨੀਂਹ ਪੱਥਰ 2006 ਨੂੰ ਰੱਖਿਆ ਗਿਆ ਸੀ, ਪਰ ਐਨ. ਓ. ਸੀ. ਨਾ ਦੇਣ ਕਾਰਣ ਇਹ ਪ੍ਰੋਜੈਕਟ ਵਿੱਚ ਵਿਚਾਲੇ ਹੈ। ਉਨ੍ਹਾਂ ਕਿਹਾ ਕਿ ਸ.ਹਰਪਾਲ ਸਿੰਘ ਪਾਲੀ, ਸ.ਅਮਰੀਕ ਸਿੰਘ ਅਤੇ ਸ.ਗੁਰਮੀਤ ਸਿੰਘ ਸਾਡੇ ਮੈਂਬਰ ਨਹੀਂ ਸਨ ਉਹ ਅਜਾਦ ਲੜੇ ਸਨ। ਹਰਿਆਣੇ ਵਿੱਚ ਜਿਹੜੇ ਮੈਂਬਰਾਂ ਦੇ ਵੱਖਰੀ ਕਮੇਟੀ ਦੀ ਚਾਹਤ ਕਾਰਨ ਅਖਬਾਰਾਂ ਵਿੱਚ ਨਾਂ ਦਿੱਤੇ ਹਨ, ਉਹ ਅਜਾਦ ਤੌਰ ਤੇ ਜਿੱਤੇ ਸਨ। ਉਨ੍ਹਾਂ ਦਾ ਅਕਾਲੀ ਦਲ ਨਾਲ ਕੋਈ ਵਾਸਤਾ ਨਹੀਂ ਸੀ ਇਸ ਲਈ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜ ਕੇ ਪ੍ਰਚਾਰ ਕਰਨਾ ਗਲਤ ਹੈ, ਉਹ ਪਹਿਲਾਂ ਹੀ ਓਧਰ ਸਨ।
ਪੱਤਰਕਾਰਾਂ ਵਲੋਂ ਕੀਤੇ ਗਏ ਸਵਾਲ ਦਾ ਜੁਆਬ ਦੇਂਦਿਆਂ ਉਨ੍ਹਾਂ ਕਿਹਾ ਕਿ 6 ਜੂਨ ਨੂੰ ਸ਼ਹੀਦੀ ਸਮਾਗਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਮੰਦਭਾਗੀ ਘਟਨਾ ਵਾਪਰੀ ਸੀ ਉਸ ਸਬੰਧੀ 5 ਮੈਂਬਰੀ ਜਾਂਚ ਕਮੇਟੀ ਦੀ ਰੀਪੋਰਟ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜ ਦਿੱਤੀ ਗਈ ਹੈ। ਇਸ ਦਾ ਜੋ ਵੀ ਫੈਂਸਲਾ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੋਵੇਗਾ ਉਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਾਰੇ ਪੁੱਛੇ ਸਵਾਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਇਹ ਮੀਟਿੰਗ ਸ੍ਰ: ਚਰਨਜੀਤ ਸਿੰਘ ਵਲੋਂ 22 ਜੂਨ ਨੂੰ ਬੁਲਾਈ ਗਈ ਸੀ, ਪਰ ਉਨ੍ਹਾਂ ਦੇਖਿਆ ਕਿ ਮੀਟਿੰਗ ਵਿੱਚ ਉਨ੍ਹਾਂ ਦੇ ਮੈਂਬਰ ਘਟ ਗਏ ਹਨ ਤੇ ਉਨ੍ਹਾਂ ਕਾਹਲੀ ਵਿੱਚ ਮੀਟਿੰਗ ਕੈਂਸਲ ਕਰਨ ਦਾ ਫੈਸਲਾ ਕਰ ਲਿਆ, ਪਰ ਉਥੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦਾ ਜਿਕਰ ਨਹੀਂ ਕੀਤਾ ਗਿਆ। ਮੀਟਿੰਗ ਏਜੰਡੇ ਅਨੁਸਾਰ ਹੋਈ ਹੈ ਤੇ ਸਵਿਧਾਨਕ ਹੈ।
ਚੈੱਕ ਤਕਸੀਮ ਕਰਨ ਸਮੇਂ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਰਾਮ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ.ਦਲਮੇਘ ਸਿੰਘ, ਸ.ਰੂਪ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ ਤੇ ਸ.ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ.ਸਤਿੰਦਰ ਸਿੰਘ ਨਿੱਜੀ ਸਹਾਇਕ ਪ੍ਰਧਾਨ ਸਾਹਿਬ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਦਿ ਹਾਜ਼ਰ ਸਨ।