ਬਠਿੰਡਾ, 1 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ ) – ਕੇਂਦਰੀ ਫੂਡ ਪਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮਨੁੱਖੀ
ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇਦਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਇਹ ਨਿਰਦੇਸ਼ ਜਾਰੀ ਕਰ ਦੇਣ ਕਿ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਵੱਖ-ਵੱਖ ਕੇਂਦਰੀ ਪ੍ਰੀਖਿਆਵਾਂ ਦੌਰਾਨ ਆਸਥਾ ਦੇ ਚਿੰਨ ਉਤਾਰਨ ਲਈ ਕਹਿ ਕੇ ਪ੍ਰੇਸ਼ਾਨ ਨਾ ਕੀਤਾ ਜਾਵੇ।ਉਨਾਂ ਮੀਡੀਆ ਵਿਚ ਜਾਰੀ ਪ੍ਰੈਸ ਨੋਟ ’ਚ ਕਿਹਾ ਕਿ ਉਸ ਨੂੰ ਹਾਲ ਹੀ ਵਿਚ ਆਪਣੇ ਹਲਕੇ ਦੇ ਦੌਰੇ ਦੌਰਾਨ ਇਹ ਦੱਸਿਆ ਗਿਆ ਹੈ ਕਿ ਭੁੱਚੋ ਵਿਖੇ ਟੀ.ਸੀ.ਐਸ ਪ੍ਰੀਖਿਆ ਕੇਂਦਰ ਵਿਚ ਏਮਜ਼ (ਨੀਟ) ਦੀ ਪ੍ਰੀਖਿਆ ਦੇਣ ਗਈ ਇੱਕ ਅੰਮ੍ਰਿਤਧਾਰੀ ਸਿੱਖ ਕੁੜੀ ਨੂੰ ਆਪਣਾ ਕੜਾ ਅਤੇ ਕਿਰਪਾਨ ਉਤਾਰਨ ਲਈ ਆਖਿਆ ਗਿਆ ਸੀ।
ਬੀਬੀ ਬਾਦਲ ਨੇ ਕਿਹਾ ਕਿ ਕੜਾ ਅਤੇ ਕਿਰਪਾਨ ਸਿੱਖੀ ਦੇ 5 ਆਸਥਾ ਚਿੰਨਾਂ (ਕਕਾਰਾਂ) ਵਿਚ ਆਉਂਦੇ ਹਨ, ਜਿਨਾਂ ਨੂੰ ਉਤਾਰਨ ਲਈ ਕਹਿਣ ਨਾਲ ਸਿੱਖੀ ਦੇ ਮੁੱਢਲੇ ਸਿਧਾਂਤਾਂ ਦੀ ਉਲੰਘਣਾ ਹੁੰਦੀ ਹੈ ਅਤੇ ਸਿੱਖ ਭਾਈਚਾਰੇ ਵਿੱਚ ਇਹ ਬਹੁਤ ਹੀ ਅਪਮਾਨ ਜਨਕ ਮੰਨਿਆ ਜਾਂਦਾ ਹੈ।ਸੰਸਦ ਮੈਂਬਰ ਨੇ ਆਪਣੀ ਚਿੱਠੀ ਵਿਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਉਨਖ਼ਾਂ ਨੂੰ ਪਤਾ ਚੱਲਿਆ ਹੈ ਕਿ ਪੰਜਾਬ ਦੇ ਦੂਜੇ ਹਿੱਸਿਆਂ ਵਿਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਬੈਠਣ ਵਾਲੇ ਸਿੱਖ ਵਿਦਿਆਰਥੀਆਂ ਨੂੰ ਵੀ ਇਸ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨਾਂ ਕਿਹਾ ਕਿ ਮਨੁੱਖੀ ਸਰੋਤ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮੁੱਦੇ `ਤੇ ਸਮਝਾਏ ਜਾਣ ਦੀ ਲੋੜ ਹੈ ਅਤੇ ਇਸ ਸਬੰਧੀ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਕਿ ਸਿੱਖ ਵਿਦਿਆਰਥੀਆਂ ਨਾਲ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਅਜਿਹਾ ਵਿਵਹਾਰ ਨਾ ਕੀਤਾ ਜਾਵੇ। ਉਨਾਂ ਕੇਂਦਰੀ ਮੰਤਰੀ ਨੂੰ ਇਸ ਮਾਮਲੇ ਬਾਰੇ ਫੌਰੀ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media