Friday, March 20, 2026

ਮੁਕਾਬਲਾ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਦੇ ਕਕਾਰਾਂ ਸਣੇ ਦਾਖਲੇ ਦਾ ਰਾਹ ਪੱਧਰਾ ਹੋਣ ਦੇ ਆਸਾਰ-ਜੌਲੀ

ਦਿੱਲੀ ਕਮੇਟੀ ਦੇ ਇਤਰਾਜ਼ ਉਪਰੰਤ 3 ਕੇਂਦਰੀ ਮੰਤਰਾਲੇ ਆਏ ਹਰਕਤ ’ਚ

ਨਵੀਂ ਦਿੱਲੀ, 17 ਜੂਨ (ਪੰਜਾਬ ਪੋਸਟ ਬਿਊਰੋ)  ਉੱਚ ਸਿੱਖਿਆ ਦੇ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਲਈ ਕਰਵਾਈਆਂ ਜਾਂਦੀਆਂ ਮੁਕਾਬਲਾ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਦੇ ਕਕਾਰਾਂ ਸਣੇ jaswinder singh jolly 3ਪ੍ਰੀਖਿਆ ਕੇਂਦਰ ’ਚ ਦਾਖਿਲ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਇਸ ਮਸਲੇ ’ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੁਰ ਪੈਂਦਾ ਨਜ਼ਰ ਆ ਰਿਹਾ ਹੈ।ਬੀਤੇ ਦਿਨੀਂ ਕੱਝ ਸਿੱਖ ਵਿਦਿਆਰਥੀਆਂ ਦੇ ਕ੍ਰਿਪਾਨ ਅਤੇ ਕੜਾ ਲੁਹਾਉਣ ਦੇ ਸਾਹਮਣੇ ਆਏ ਰੁਝਾਨ ਤੋਂ ਬਾਅਦ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਕਾਨੂੰਨੀ ਲੜਾਈ ਹੁਣ ਨਤੀਜੇ ਤਕ ਪੁੱਜਣ ਦੀ ਆਸ ਬਣ ਗਈ ਹੈ।
ਦਰਅਸਲ ਜੀ.ਕੇ ਨੇ 2 ਮਈ 2017 ਨੂੰ ਭਾਰਤੀ ਸੰਵਿਧਾਨ ਵੱਲੋਂ ਮਿਲੀ ਧਾਰਮਿਕ ਅਜ਼ਾਦੀ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਮਨੁੱਖੀ ਸਰੋਤ ਵਿਕਾਸ ਅਤੇ ਕੇਂਦਰੀ ਘੱਟਗਿਣਤੀ ਮਾਮਲਿਆਂ ਦੇ ਮੰਤਰੀਆਂ ਨੂੰ ਪੱਤਰ ਭੇਜ ਕੇ ਇਸ ਸੰਬੰਧੀ ਇਤਰਾਜ ਦਰਜ ਕਰਾਇਆ ਸੀ।ਜੀ.ਕੇ ਨੇ ਆਪਣੇ ਪੱਤਰ ’ਚ ਸੰਵਿਧਾਨ ਦੀ ਧਾਰਾ 25 ਅਤੇ 25(1) ਦਾ ਜਿਕਰ ਕਰਦੇ ਹੋਏ ਭਾਰਤੀ ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਕੇ ਹਰ ਥਾਂ ਵਿਚਰਣ ਦੇ ਮਿਲੇ ਅਧਿਕਾਰ ਦੀ ਜਾਣਕਾਰੀ ਦਿੱਤੀ ਸੀ।
ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਘੱਟਗਿਣਤੀ ਮੰਤਰਾਲੇ ਦੇ ਅੰਡਰ ਸੈਕਟਰੀ ਐਸ.ਕੇ ਸ਼ਰਮਾ ਵੱਲੋਂ ਕਮੇਟੀ ਨੂੰ ਭੇਜੇ ਗਏ ਜਵਾਬ ’ਚ ਇਸ ਮਸਲੇ ’ਤੇ ਗੰਭੀਰਤਾ ਨਾਲ ਕਾਰਜ ਕਰਨ ਦਾ ਇਸ਼ਾਰਾ ਕੀਤਾ ਗਿਆ ਹੈ।ਸ਼ਰਮਾ ਨੇ ਅਗਲੀ ਕਾਰਵਾਈ ਲਈ ਕਮੇਟੀ ਦੀ ਸ਼ਿਕਾਇਤ ਨੂੰ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਕੋਲ ਭੇਜ ਦਿੱਤਾ ਹੈ।ਸ਼ਰਮਾ ਨੇ ਉਕਤ ਮੰਤਰਾਲਿਆਂ ਨੂੰ ਇਸ ਮਸਲੇ ’ਤੇ ਜਰੂਰੀ ਕਦਮ ਚੁੱਕਣ ਦੀ ਵੀ ਬੇਨਤੀ ਕੀਤੀ ਹੈ। ਜੌਲੀ ਨੇ ਸਾਫ਼ ਕਿਹਾ ਕਿ ਸਿੱਖ ਬੱਚਿਆਂ ਦਾ ਕਕਾਰ ਸਹਿਤ ਪ੍ਰੀਖਿਆ ਦੇਣ ਜਾਣਾ ਸੰਵਿਧਾਨਿਕ ਹੱਕ ਹੈ। ਇਸ ਲਈ ਉਕਤ ਹੱਕ ਦੀ ਪ੍ਰਾਪਤੀ ਲਈ ਕਮੇਟੀ ਆਪਣੀ ਲੜਾਈ ਜਾਰੀ ਰੱਖੇਗੀ। ਮਾਮਲੇ ਦਾ ਹੱਲ ਮੰਤਰਾਲਿਆਂ ਵੱਲੋਂ ਨਾ ਕੀਤੇ ਜਾਣ ਦੇ ਹਾਲਾਤ ਤੇ ਕਮੇਟੀ ਨੇ ਸੁਪਰੀਮ ਕੋਰਟ ਜਾਣ ਦਾ ਰਾਹ ਵੀ ਖੁੱਲ੍ਹਾ ਰੱਖਿਆ ਹੋਇਆ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply