ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੀ ਮਾਸਿਕ ਇਕੱਤਰਤਾ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਦੀ ਪ੍ਰਧਾਨਗੀ ਹੇਠ ਹੋਈ।ਪ੍ਰੈਸ ਨੂੰ ਜਾਰੀ ਬਿਆਨ ਵਿਚ
ਸੰਸਥਾ ਦੇ ਪ੍ਰੈਸ ਸਕੱਤਰ ਜਸਬੀਰ ਸਿੰਘ ਨੇ ਦੱਸਿਆ ਹੈ ਕਿ ਮੀਟਿੰਗ ਨੂੰ ਆਰੰਭ ਕਰਦਿਆਂ ਹੋਇਆਂ ਪ੍ਰਿੰਸੀਪਲ ਅਣਖੀ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ) ਅੰਮ੍ਰਿਤਸਰ ਵਿੱਚ ਪੱਕੇ ਡਾਇਰੈਕਟਰ ਦੀ ਲੋੜ ਅਤੇ ਇਸ ਨਿਯੁੱਕਤੀ ਲਈ ਕੀਤੇ ਯਤਨਾਂ ਬਾਰੇ ਦੱਸਿਆ।ਪੱਟੀ-ਮੱਖੂ ਰੇਲ ਲਿੰਕ ਦੀ ਮਹੱਤਤਾ ਦਰਸਾਉਂਦਿਆਂ ਹੋਇਆਂ ਪੰਜਾਬ ਸਰਕਾਰ ਪਾਸੋਂ ਇਸ ਦੀ ਸਥਾਪਤੀ ਲਈ ਲੋੜੀਂਦੇ ਬਜਟ ਦੀ ਪ੍ਰਾਪਤੀ ਲਈ ਕੀਤੇ ਚਿੱਠੀ ਪੱਤਰ ਅਤੇ ਇਸ ਸਬੰਧੀ ਗੁਰਜੀਤ ਸਿੰਘ ਔਜਲਾ ਅਤੇ ਨਵਜੋਤ ਸਿੰਘ ਸਿੱਧੂ ਨਾਲ ਨਿੱਜੀ ਮੁਲਾਕਾਤਾਂ ਦਾ ਵੇਰਵਾ ਦਿੱਤਾ।ਉਨਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਦਰੱਖਤਾਂ ਦੀ ਘਾਟ ਦੀ ਪੂਰਤੀ ਲਈ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਪਾਸੋਂ ਅਸ਼ੀਰਵਾਦ ਅਤੇ ਅਗਵਾਈ ਲੈਣ ਲਈ ਉਨ੍ਹਾਂ ਨਾਲ ਮੁਲਾਕਾਤ ਕਰਨ ਬਾਰੇ ਪ੍ਰੋਗਰਾਮ ਦਾ ਖੁਲਾਸਾ ਵੀ ਕੀਤਾ।
ਪ੍ਰੋ: ਮੋਹਣ ਸਿੰਘ ਨੇ ਜੀ.ਟੀ ਰੋਡ ਸਥਿਤ ‘ਕੋਸ ਮੀਨਾਰਾਂ’ ਦੇ ਚਬੂਤਰਿਆਂ ਤੇ ਰੋਸ਼ਨੀ-ਪ੍ਰਾਵਰਤਕ (ਰੀਫਲੈਕਟਰ) ਲਾਉਣ ਦੀ ਨਗਰ ਨਿਗਮ ਅਧਿਕਾਰੀਆਂ ਪਾਸੋਂ ਮੰਗ ਕੀਤੀ ਤਾਂ ਕਿ ਰਾਤ ਦੇ ਹਨੇਰੇ ਵਿੱਚ ਦੁਰਘਟਨਾਵਾਂ ਵਾਪਰਨ ਤੋਂ ਬਚਿਆ ਜਾ ਸਕੇ।ਪ੍ਰੋਫੈਸਰ ਹੁਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਪਾਸੋਂ ਸਹਿਯੋਗ ਦੀ ਮੰਗ ਕਰਦਿਆਂ ਵਾਤਾਵਰਨ ਦੀ ਸ਼ੁੱਧਤਾ ਸਬੰਧੀ ਸੰਗਤਾਂ ਨੂੰ ਜਾਗਰੂਕ ਅਤੇ ਸੁੁਚੇਤ ਕਰਨ ਲਈ ਦੀਵਾਨ ਹਾਲ ਮੰਜੀ ਸਾਹਿਬ ਤੋਂ ਹੋਣ ਵਾਲੀ ਰੋਜ਼ਾਨਾ ਕਥਾ ਵਿੱਚ ਵਾਤਾਵਰਣ ਵਿਸ਼ੇ ਨੂੰ ਪੱਕੇ ਤੌਰ ‘ਤੇ ਸ਼ਾਮਿਲ ਕਰਨ ਦੀ ਅਪੀਲ ਕੀਤੀ।।
ਨਿਰਮਲ ਸਿੰਘ ਆਨੰਦ ਨੇ ਵਿਰਾਸਤੀ ਮਾਰਗ ਵਿੱਚ ਪਿਸ਼ਾਬ-ਘਰਾਂ ਦੀ ਅਣਹੋਂਦ ਕਾਰਨ ਸੰਗਤਾਂ ਨੂੰ ਆ ਰਹੀ ਪ੍ਰੇਸ਼ਾਨੀ ਬਾਰੇ ਦੱਸਿਆ।ਮਾਈਕਲ ਰਾਹੁਲ ਨੇ ਕਾਰਪੋਰੇਸ਼ਨ ਅਧਿਕਾਰੀਆਂ ਪਾਸੋਂ ਇਹ ਮੰਗ ਕੀਤੀ ਕਿ ਵਿਰਾਸਤੀ ਮਾਰਗ ਵਿੱਚ ਪੱਕੇ ਪਿਸ਼ਾਬ ਘਰਾਂ ਦੀ ਉਸਾਰੀ ਹੋਣ ਤੱਕ ਉਥੇ ਢੁਕਵੀਆਂ ਥਾਵਾਂ ‘ਤੇ ‘ਮੋਬਾਈਲ ਟਾਇਲਟਾਂ’ ਦਾ ਪ੍ਰਬੰਧ ਕੀਤਾ ਜਾਵੇ।
ਪ੍ਰ੍ਰੋ: ਰਾਜਵਿੰਦਰਜੀਤ ਸਿੰਘ, ਮਨਜੀਤ ਸਿੰਘ ਸੈਣੀ, ਹਰਦੀਪ ਸਿੰਘ ਚਾਹਲ, ਨਿਸ਼ਾਨ ਸਿੰਘ, ਲਖਬੀਰ ਸਿੰਘ ਘੁੰਮਣ ਅਤੇ ਹੋਰ ਪਤਵੰਤੇ ਮੈਂਬਰਾਂ ਨੇ ਅੰਮ੍ਰਿਤਸਰ ਵਿਖੇ ਸਥਾਪਤ ਹੋਣ ਵਾਲੇ ਕੇਂਦਰੀ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਸੰਸਥਾ ਪ੍ਰਤੀ ਪੰਜਾਬ ਸਰਕਾਰ ਦੀ ਅਣਦੇਖੀ ਅਤੇ ਉਦਾਸੀਨਤਾ ‘ਤੇ ਚਿੰਤਾ ਜਾਹਿਰ ਕੀਤੀ ਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨੀ ਲਈ ਕ੍ਰਾਂਤੀਕਾਰੀ ਤਰੱਕੀ ਲਿਆਉਣ ਵਾਲੇ ਇਸ ਸੰਸਥਾਨ ਦੀ ਸਥਾਪਤੀ ਲਈ ਸੁਹਿਰਦ ਯਤਨ ਕਰੇ।
ਇਸ ਤੋਂ ਇਲਾਵਾ 27 ਜੂੂਨ 2017 ਨੂੰ ਅੰਮ੍ਰਿਤਸਰ ਦੇ 440ਵੇਂ ਸਥਾਪਨਾ ਦਿਵਸ ਨੂੰ ਈਕੋ ਸਿੱਖ ਜਥੇਬੰਦੀ ਸਹਿਯੋਗ ਕਰਕੇ ਵਾਤਾਵਰਣ ਦਿਵਸ ਵਜੋਂ ਮਨਾਉਣ ਦਾ ਵੀ ਫੈਸਲਾ ਕੀਤਾ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media