ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਬਿਹਾਰ ਦੇ ਰਾਜਪਾਲ ਰਾਮ ਨਾਥ ਕੋਵਿੰਦ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰਪਤੀ ਅਹੁੱਦੇ ਦੇ ਉਮੀਦਵਾਰ ਬਣਾਏ ਜਾਣ ਦੀ ਸ਼ਲਾਘਾ ਕਰਦਿਆਂ ਇਸ ਨੂੰ ਪਾਰਟੀ ਦਾ ਉਚਿੱਤ ਫੈਸਲਾ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੀ ਸੰਸਦੀ ਬੋਰਡ ਦੀ ਮੀਟਿੰਗ ਉਪਰੰਤ ਕੀਤੇ ਗਏ ਐਲਾਨ ਦੇ ਨਾਲ ਭਾਜਪਾ ਆਗੂਆਂ ਤੇ ਵਰਕਰਾਂ ’ਚ ਖੁਸ਼ੀ ਦੀ ਲਹਿਰ ਹੈ ਅਤੇ ਇਸ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ। ਛੀਨਾ ਨੇ ਕਿਹਾ ਕਿ ਰਾਸ਼ਟਰਪਤੀ ਵਰਗੇ ਉੱਚ ਤੇ ਮਹਾਨ ਅਹੁੱਦੇ ਲਈ ਸ੍ਰੀ ਕੋਵਿੰਦ ਇਕ ਸੂਝਵਾਨ, ਪੜ੍ਹੇ-ਲਿਖੇ ਅਤੇ ਕਾਬਿਲ ਇਨਸਾਨ ਹਨ।ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਉਚ ਪੱਧਰੀ ਮੀਟਿੰਗਾਂ ’ਚ ਕਈ ਵਾਰ ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਹਾਸਲ ਹੋਇਆ ਅਤੇ ਉਹ ਸਮਝਦੇ ਹਨ ਕਿ ਕੋਵਿੰਦ ਬਹੁਤ ਹੀ ਉਚ ਕੋਟੀ ਦੀ ਸਖਸ਼ੀਅਤ ਦੇ ਮਾਲਕ ਹਨ।ਉਨ੍ਹਾਂ ਕਿਹਾ ਕਿ ਦਲਿਤ ਪਰਿਵਾਰ ਨਾਲ ਸਬੰਧਿਤ ਸ੍ਰੀ ਕੋਵਿੰਦ ਇਕ ਗਰੀਬ ਪਰਿਵਾਰ ’ਚ ਜਨਮੇ ਅਤੇ ਭਾਜਪਾ ਦੇ ਪ੍ਰਮੁੱਖ ਆਗੂਆਂ ’ਚੋਂ ਇਕ ਹਨ।
ਉਨ੍ਹਾਂ ਇਸ ਮੌਕੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਦੂਰਅੰਦੇਸ਼ੀ ਸਦਕਾ ਹੀ ਇਸ ਤਰ੍ਹਾਂ ਦਾ ਫੈਸਲੇ ਲਿਆ ਗਿਆ, ਜੋ ਕਿ ਦੇਸ਼ ਅਤੇ ਸਮਾਜ ਦੇ ਹਿੱਤ ’ਚ ਹੈ। ਉਨ੍ਹਾਂ ਆਸ ਜਾਹਿਰ ਕੀਤੀ ਗਈ ਕਿ 17 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ’ਚ ਕੋਵਿੰਦ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਉਹ ਦੇਸ਼ ਦੇ ਪਹਿਲੇ ਨਾਗਰਿਕ ਅਤੇ ਸੈਨਾਵਾਂ ਦੇ ਕਮਾਂਡਰ ਵਜੋਂ ਦੇਸ਼ ਦੀ ਵਾਂਗਡੋਰ ਸੰਭਾਲਣਗੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media