ਵਿਰਸੇ ਨਾਲ ਜੋੜਨ ਲਈ ਗਤਕਾ ਖੇਡ ਦੀ ਵੱਡੀ ਅਹਿਮੀਅਤ-ਆਈ.ਜੀ. ਰਾਏ
ਨਾਭਾ, 25 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਵਿਚ ਖੇਡਾਂ ਦਾ ਪੱਧਰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਪੰਜਾਬ ਦੀ ਵਿਰਾਸਤੀ ਖੇਡ ਗਤਕੇ ਨੂੰ ਵੀ ਪ੍ਰਫੁੱਲਤ ਕੀਤਾ ਜਾਵੇਗਾ।
ਅੱਜ ਇਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵਲੋਂ ਗਤਕਾ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਲਗਾਏ ਤਿੰਨ ਰੋਜਾ ਕੈਂਪ ਦੀ ਸਮਾਪਤੀ ਮੌਕੇ ਇਹ ਪ੍ਰਗਟਾਵਾ ਕਰਦਿਆਂ ਧਰਮਸੋਤ ਨੇ ਕਿਹਾ ਕਿ ਗਤਕਾ ਪੁਰਾਤਨ ਵਿਰਸੇ ਦੀ ਮਾਣਮੱਤੀ ਜੰਗਜ਼ੂ ਕਲਾ ਹੈ ਅਤੇ ਇਹ ਸਵੈ-ਰੱਖਿਆ ਦੀ ਖੇਡ ਹੋਣ ਦੇ ਨਾਲ-ਨਾਲ ਬਚਿਆਂ ਅੰਦਰ ਜੀਵਨ ਜਾਚ ਲਈ ਚੰਗੇ ਗੁਣ ਵੀ ਪੈਦਾ ਕਰਦੀ ਹੈ।ਉਨ੍ਹਾਂ ਇਸ ਖੇਡ ਦੀ ਮਹੱਤਤਾ ਅਤੇ ਪੁਰਾਤਨ ਵਿਰਾਸਤ `ਤੇ ਝਾਤ ਪਾਉਂਦਿਆਂ ਕਿਹਾ ਕਿ ਪੰਜਾਬ ਦੀਆਂ ਵਿਰਾਸਤੀ ਖੇਡਾਂ ਵਿਚ ਗੱਤਕੇ ਦਾ ਅਹਿਮ ਸਥਾਨ ਹੈ ਅਤੇ ਇਸ ਖੇਡ ਦੀ ਦੇਸ਼-ਵਿਦੇਸ਼ ਵਿਚ ਪ੍ਰਫੁੱਲਤਾ ਲਈ ਨੈਸ਼ਨਲ ਗਤਕਾ ਐਸੋਸੀਏਸ਼ਨ ਅਤੇ ਇੰਟਰਨੈਸ਼ਨਲ ਸਿੰਘ ਮਾਰਸ਼ਲ ਆਰਟ ਅਕੈਡਮੀ (ਇਸਮਾ) ਵਲੋਂ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ ਅਤੇ ਬੱਚਿਆਂ ਨੂੰ ਵਿਰਾਸਤ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਇਸ ਖੇਡ ਦੀ ਵੱਡੀ ਸਾਰਥਿਕਤਾ ਹੈ।
ਆਪਣੇ ਸੰਬੋਧਨ ਵਿਚ ਆਈ.ਜੀ ਪਟਿਆਲਾ ਜੋਨ ਏ.ਐਸ ਰਾਏ ਨੇ ਗੱਤਕੇ ਦੀ ਮੌਜੂਦਾ ਸੰਦਰਭ ਵਿਚ ਮਹੱਤਤਾ ਅਤੇ ਗਤਕੇ ਦੇ ਇਤਿਹਾਸ ਬਾਰੇ ਆਪਣੇ ਵਿਚਾਰ ਰਖੇ ਅਤੇ ਕਿਹਾ ਕਿ ਬੱਚਿਆਂ ਨੂੰ ਅਮੀਰ ਸਭਿਆਚਾਰ, ਵਿਰਸੇ ਤੇ ਕਦਰਾਂ-ਕੀਮਤਾਂ ਨਾਲ ਜੋੜਨ ਲਈ ਇਸ ਵਿਰਾਸਤੀ ਖੇਡ ਦੀ ਵੱਡੀ ਅਹਿਮੀਅਤ ਹੈ ਅਤੇ ਨਾਲ ਹੀ ਇਹ ਖੇਡ ਸਰੀਰ ਨੂੰ ਜਿਸਮਾਨੀ ਤੌਰ `ਤੇ ਤਾਕਤ ਬਖਸ਼ਦੀ ਹੈ।ਉਨ੍ਹਾਂ ਗਤਕੇ ਦੀ ਪ੍ਰਫੁੱਲਤਾ ਲਈ ਨੈਸ਼ਨਲ ਗਤਕਾ ਐਸੋਸੀਏਸ਼ਨ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹ ਖੇਡ ਦੇਸ਼-ਵਿਦੇਸ਼ ਵਿਚ ਮਾਨਤਾ ਪ੍ਰਾਪਤ ਖੇਡ ਵਜੋਂ ਆਪਣਾ ਨਾਮ ਰੌਸ਼ਨ ਕਰੇਗੀ।ਰਾਏ ਨੇ ਇਸਮਾ ਅਤੇ ਨੈਸ਼ਨਲ ਗਤਕਾ ਐਸੋਸੀਏਸ਼ਨ ਨੂੰ ਭਵਿਖ ਵਿਚ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਵੀ ਦਿਤਾ।
ਇਸ ਮੌਕੇ ਬੋਲਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਗੱਤਕਾ ਖੇਡ ਨੂੰ ਮਾਨਤਾ ਦਿਵਾਉਣ, ਗ੍ਰੇਡੇਸ਼ਨ ਹੋਣ, ਕੌਮੀ ਸੂਕਲ ਖੇਡਾਂ ਅਤੇ ਨੈਸ਼ਨਲ ਯੂਨੀਵਰਸਿਟੀ ਖੇਡਾਂ ਵਿਚ ਸ਼ਾਮਲ ਕਰਵਾਉਣ ਲਈ ਕੀਤੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਦਸਿਆ ਕਿ ਗਤਕੇ ਦੀ ਪ੍ਰਫੁੱਲਤਾ ਲਈ ਅਜਿਹੇ ਕੌਮੀ ਪੱਧਰ ਦੇ ਗਤਕਾ ਰਿਫਰੈਸ਼ਰ ਕੋਰਸ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਵੀ ਲਗਾਏ ਜਾਣਗੇ ਤਾਂ ਜੋ ਨੈਸ਼ਨਲ ਗੱਤਕਾ ਐਸੋਸੀਏਸ਼ਨ ਵਲੋਂ ਪ੍ਰਕਾਸ਼ਿਤ ਗੱਤਕੇ ਦੀ ਨਵੀਂ ਨਿਯਮਾਂਵਲੀ (ਰੂਲਜ਼ ਬੁੱਕ) ਵਿਚ ਹੋਈਆਂ ਤਬਦੀਲੀਆਂ ਬਾਰੇ ਰੈਫਰੀਆਂ ਤੇ ਖਿਡਾਰੀਆਂ ਨੂੰ ਜਾਣੂੰ ਕਰਵਾਇਆ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਐਸ.ਪੀ ਨਾਭਾ ਚੰਦ ਸਿੰਘ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ, ਹਰਿਆਣਾ ਗਤਕਾ ਐਸੋਸੀਏਸ਼ਨ ਦੇ ਸਕੱਤਰ ਸੁਖਚੈਨ ਸਿੰਘ ਕਲਸਾਣੀ, ਗਤਕਾ ਐਸੋਸੀਏਸ਼ਨ ਪੰਜਾਬ ਦੇ ਸੰਯੁਕਤ ਸਕੱਤਰ ਗੁਰਮੀਤ ਸਿੰਘ, ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਜ਼ਿਲਾ ਫਿਰੋਜ਼ਪੁਰ ਦੇ ਕੋਆਰਡੀਨੇਟਰ ਤਲਵਿੰਦਰ ਸਿੰਘ, ਤਰਨਤਾਰਨ ਜ਼ਿਲੇ ਦੇ ਕੋਆਰਡੀਨੇਟਰ ਹਰਜਿੰਦਰ ਸਿੰਘ, ਮੋਹਾਲੀ ਜ਼ਿਲੇ ਦੇ ਕੋਆਰਡੀਨੇਟਰ ਯੋਗਰਾਜ ਸਿੰਘ, ਬਠਿੰਡਾ ਜ਼ਿਲ੍ਹੇ ਦੇ ਕੋਆਰਡੀਨੇਟਰ ਹਰਜੀਤ ਸਿੰਘ ਗਿੱਲ, ਬਰਨਾਲਾ ਜਿਲੇ ਦੇ ਕੋਆਰਡੀਨੇਟਰ ਚਤਰ ਸਿੰਘ, ਕਪੂਰਥਲਾ ਜਿਲੇ ਦੇ ਕੋਆਰਡੀਨੇਟਰ ਚੰਨਜੀਵ ਸਿੰਘ, ਗੂਰੁਦੁਆਰਾ ਸੰਗਤਸਰ ਹੀਰਾ ਮਹਿਲ ਨਾਭਾ ਦੇ ਪ੍ਰਧਾਨ ਕਾਹਨ ਸਿੰਘ, ਮਹਿਲਾ ਕਾਂਗਰਸ ਬਲਾਕ ਨਾਭਾ ਦੀ ਪ੍ਰਧਾਨ ਸ਼੍ਰੀਮਤੀ ਅਰੀਨਾ ਬਾਂਸਲ, ਕਾਂਗਰਸੀ ਆਗੂ ਹੇਮੰਤ ਬਾਂਸਲ, ਬਲਾਕ ਗੱਤਕਾ ਐਸੋਸੀਏਸ਼ਨ ਦੇ ਮੁਖੀ ਸੁਰਜੀਤ ਸਿੰਘ, ਹਰਜਿੰਦਰਪਾਲ ਸਿੰਘ ਆਦਿ ਵੀ ਹਾਜਰ ਸਿੰਘ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media