ਪਿੰਡ ਨੌਸ਼ਹਿਰਾ ਦੇ ਦਾਨੀਆਂ ਵੱਲੋਂ ਸਥਾਪਿਤ ਮੁਫ਼ਤ ਡਿਸਪੈਂਸਰੀ ਵੀ ਲੋਕ-ਅਰਪਿਤ
ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਨਾਮਵਰ ਸਮਾਜ ਸੇਵੀ ਸੰਸਥਾ ਸਰਬਤ ਦਾ ਭਲਾ ਟਰੱਸਟ ਦੇ ਮੁੱਖੀ ਡਾ: ਐਸ.ਪੀ.ਸਿੰਘ ਓਬਰਾਏ ਨੇ ਅੱਜ ਟਰੱਸਟ ਵੱਲੋਂ ਕੇਂਦਰੀ ਜੇਲ੍ਹ
ਫ਼ਤਹਿਪੁਰ (ਅੰਮ੍ਰਿਤਸਰ) ਵਿਖੇ ਕੈਦੀਆਂ ਲਈ ਦਾਨ ਕੀਤੀ ਨਵੀਂ ਆਟਾ ਗੁੰਨਣ ਵਾਲੀ ਮਸ਼ੀਨ, ਜੇਲ੍ਹ ਵਿੱਚ ਕੈਦੀਆਂ ਦੇ ਸਰੀਰਕ ਟੈਸਟਾਂ ਲਈ ਦਿੱਤੀ ਮੈਡੀਕਲ ਲੈਬ ਅਤੇ ਸ਼ਹਿਰ ਦੇ ਨਜ਼ਦੀਕੀ ਪਿੰਡ ਨੌਸ਼ਹਿਰਾ ਵਿਖੇ ਬਣੀ ਮੁਫ਼ਤ ਡਿਸਪੈਂਸਰੀ ਦਾ ਉਦਘਾਟਨ ਕੀਤਾ।
ਇਸ ਸਬੰਧੀ ਅੱਜ ਉਚੇਚੇ ਤੌਰ ‘ਤੇ ਗੁਰੂ ਨਗਰੀ ਪੁੱਜੇ ਡਾ: ਓਬਰਾਏ ਨੇ ਇਨ੍ਹਾਂ ਉਦਘਾਟਨ ਸਮਾਰੋਹਾਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਜਲਦੀ ਹੀ ਪੰਜਾਬ ਭਰ ਵਿੱਚ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਦੀ ਸਹੂਲਤ ਵਾਸਤੇ 12 ਮੈਡੀਕਲ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ, ਜਿੱਥੇ ਕੇਵਲ 10 ਰੁਪਏ ਦੀ ਪਰਚੀ ਕਟਵਾ ਕੇ ਮੁੱਢਲੇ ਸਰੀਰਕ ਟੈਸਟ ਅਤੇ ਈ.ਸੀ.ਜੀ ਆਦਿ ਮੁਫ਼ਤ ਕਰਵਾਏ ਜਾ ਸਕਣਗੇ।ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਡਾਇਲਸਿਸ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਸ਼ਲਾਘਾਯੋਗ ਐਲਾਨ ਕੀਤਾ ਹੈ,
ਪਰ ਸਰਬਤ ਦਾ ਭਲਾ ਟਰੱਸਟ ਇਸ ਤੋਂ ਤਕਰੀਬਨ ਦੋ ਸਾਲ ਪਹਿਲਾਂ ਤੋਂ ਹੀ ਰਾਜ ਭਰ ਦੇ ਹਸਪਤਾਲਾਂ ਵਿਖੇ 92 ਡਾਇਲਸਿਸ ਯੂਨਿਟ ਲਾ ਕੇ ਮੁਫ਼ਤ ਅਤੇ ਨਾਮਾਤਰ ਖ਼ਰਚੇ ‘ਤੇ ਡਾਇਲਸਿਸ ਦੀ ਸਹੂਲਤ ਨਿਰੰਤਰ ਦੇ ਰਿਹਾ ਹੈ। ਇਸ ਤੋਂ ਇਲਾਵਾ 50 ਹੋਰ ਮੁਫ਼ਤ ਡਾਇਲਸਿਸ ਯੂਨਿਟ ਜਲਦੀ ਹੀ ਲਗਾਏ ਜਾਣਗੇ। ਡਾ: ਓਬਰਾਏ ਨੇ ਅਪੀਲ ਕੀਤੀ ਕਿ ਟਰੱਸਟ ਵੱਲੋਂ ਸੂਬੇ ਦੇ 16 ਸਰਕਾਰੀ ਹਸਪਤਾਲਾਂ ਵਿੱਚ ਸਥਾਪਿਤ ਕੀਤੇ ਗਏ ਮੁਫ਼ਤ ਡਾਇਲਸਿਸ ਯੂਨਿਟਾਂ ਦਾ ਮੁਕੰਮਲ ਫਾਇਦਾ ਲੋੜਵੰਦ ਤੇ ਗ਼ਰੀਬ ਮਰੀਜ਼ਾਂ ਤੱਕ ਪੁੱਜਦਾ ਕਰਨ ਲਈ ਤਿੰਨ ਸ਼ਿਫ਼ਟਾਂ ‘ਚ ਮਸ਼ੀਨਾਂ ਚਲਾਉਣੀਆਂ ਲਾਜ਼ਮੀ ਕੀਤੀਆਂ ਜਾਣ।ਡਾ: ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਬੀਤੇ ਦਿਨੀਂ 1200 ਦੇ ਕਰੀਬ ਘੱਟ ਨਜ਼ਰ ਵਾਲੇ ਕੈਦੀਆਂ ਵਾਸਤੇ ਨਵੀਆਂ ਐਨਕਾਂ ਵੀ ਮੁਹੱਈਆ ਕਰਵਾਈਆਂ ਹਨ।
ਗ੍ਰਾਮ ਪੰਚਾਇਤ ਨੌਸ਼ਹਿਰਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮੁਫ਼ਤ ਡਿਸਪੈਂਸਰੀ ਦੇ ਉਦਘਾਟਨ ਮੌਕੇ ਸਾਬਕਾ ਸਰਪੰਚ ਅਮਰਜੀਤ ਸਿੰਘ ਅਤੇ ਗ੍ਰਾਮ ਪੰਚਾਇਤ ਨੌਸ਼ਹਿਰਾ ਵੱਲੋਂ ਡਾ: ਐਸ.ਪੀ.ਸਿੰਘ ਓਬਰਾਏ ਅਤੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਨੂੰ ਸਨਮਾਨਿਤ ਕੀਤਾ।
ਇਨ੍ਹਾਂ ਮੌਕਿਆਂ ‘ਤੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਜਗਦੇਵ ਸਿੰਘ, ਸ਼ਿਸ਼ਪਾਲ ਸਿੰਘ ਲਾਡੀ, ਪਲਵਿੰਦਰ ਸਿੰਘ ਸਰਹਾਲਾ, ਡਿਪਟੀ ਜੇਲ੍ਹ ਸੁਪਰਡੰਟ ਸਤਨਾਮ ਸਿੰਘ, ਜੇਲ੍ਹ ਅਧਿਕਾਰੀ ਵਿਜੇ ਕੁਮਾਰ ਅਤੇ ਰਾਜਾ ਨਵਦੀਪ ਸਿੰਘ, ਨਵਜੀਤ ਕੌਰ, ਸਾਬਕਾ ਸਰਪੰਚ ਅਮਰਜੀਤ ਸਿੰਘ ਗਿੱਲ ਨੌਸ਼ਹਿਰਾ, ਸਰਪੰਚ ਲਖਵਿੰਦਰ ਸਿੰਘ ਨੌਸ਼ਹਿਰਾ, ਪ੍ਰੋ: ਸੁਖਪਾਲ ਸਿੰਘ ਸੁੱਖ ਗੌਂਸਾਬਾਦ, ਅਮਰੀਕ ਸਿੰਘ ਬੋਪਾਰਾਏ, ਮਹਿੰਦਰ ਸਿੰਘ , ਮਨਜੀਤ ਸਿੰਘ ਭੋਲਾ ਤੁੰਗ, ਅਮਨਦੀਪ ਸਿੰਘ ਹੁੰਦਲ, ਕੁਲਦੀਪ ਸਿੰਘ ਸੰਧੂ, ਕੰਵਲਜੀਤ ਸਿੰਘ ਲਾਲੀ ਗੁੰਮਟਾਲਾ, ਸਰਬਜੀਤ ਸਿੰਘ ਬੰਦੇਸ਼ਾ, ਜਗਬੀਰ ਸਿੰਘ ਗਿੱਲ ਅਤੇ ਟੀਟਾ ਬਰਾੜ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media