ਸ੍ਰੀ ਅਕਾਲ ਤਖਤ ਸਾਹਿਬ ਤੋਂ ਰਾਮ ਬਾਗ ਤੱਕ ਕੱਢਿਆ ਗਿਆ ਸਰਬ ਧਰਮ ਮਾਰਚ
ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪਵਿੱਤਰ ਨਗਰੀ ਦੇ ਸ਼ਹਿਰ ਵਾਸੀ ਅੰਮ੍ਰਿਤਸਰ ਦੀ 440ਵੀਂ ਵਰ੍ਹੇਗੰਢ ਮਨਾਉਣ ਦੇ ਲਈ ਸੈਂਕੜਿਆਂ ਦੀ
ਤਾਦਾਦ ਦੇ ਵਿੱਚ ਅੱਜ ਅੰਮ੍ਰਿਤ ਵੇਲੇ ਸੜਕਾਂ ਤੇ ੳੇਤਰੇ।ਸਾਰੇ ਮਜਹਬਾਂ ਦੇ ਮੌਢੀ ਅਤੇ ਹਰ ਉਮਰ ਦੇ ਸ਼ਹਿਰ ਵਾਸੀ ਅੰਮ੍ਰਿਤਸਰ ਸ਼ਹਿਰ ਵਾਸਤੇ ਮਾਰਚ ਦੇ ਵਿੱਚ ਸ਼ਾਮਿਲ ਹੋਏ।ਈਕੋਸਿੱਖ ਵਲੋਂ ਚਲਾਈ ਈਕੋ-ਅੰਮ੍ਰਿਤਸਰ ਲਹਿਰ ਦੇ ਸੱਦੇ `ਤੇ ਜਥੇਬੰਦੀਆਂ ਨੇ ਮੌਢੇ ਨਾਲ ਮੌਢਾ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਾਮ ਬਾਗ ਤੱਕ ਸ਼ਹਿਰ ਦੇ ਕੂਚਿਆਂ ਗਲੀਆਂ ਚੋਂ ਇੱਕ ਵਿਸ਼ਾਲ ਮਾਰਚ ਦਾ ਆਯੋਜਨ ਕੀਤਾ।ਹਾੜ੍ਹ ਵਧੀ 13,1577 ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਨੇ ਚੱਕ ਰਾਮਦਾਸਪੁਰ ਦੀ ਸਥਾਪਨਾ ਕੀਤੀ।ਇਹ ਇੱਕ ਕਸਬਾ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਵਸਾਇਆ ਗਿਆ।ਉਸ ਸਮੇਂ ਇਹ ਸ਼ਹਿਰ ਬਾਗਾਂ ਨਾਲ ਭਰਿਆ ਇਕ ਵਪਾਰਕ ਕੇਂਦਰ ਬਣਿਆ।ਅੱਜ ਇਸ ਕਸਬੇ ਵਿੱਚ 13 ਲੱਖ ਵਸਨੀਕ ਹਨ ਅਤੇ ਹਰ ਸਾਲ ਇਸ ਸ਼ਹਿਰ ਵਿੱਚ ਤਕਰੀਬਨ 4 ਕਰੋੜ ਪਰਵਾਸੀ ਸਿਰ ਨਿਵਾਉਣ ਆਉਂਦੇ ਹਨ।ਇਸ ਕਾਰਣ ਸ਼ਹਿਰੀ ਪ੍ਰਬੰਧ, ਪ੍ਰਦੂਸ਼ਨ ਅਤੇ ਹਰਿਆਵਲ ਦੀ ਸਥਿਤੀ ਅਤਿ ਚਿੰਤਾਜਨਕ ਬਣ ਚੁੱਕੀ ਹੈ।
ਅੱਜ ਦੀ ਇਹ ਮਾਰਚਈਕੋ ਸਿੱਖ ਦੀ ਈਕੋ-ਅੰਮ੍ਰਿਤਸਰ ਨਾਮਕ ਪੰਜ ਸਾਲਾ ਯੋਜਨਾ (2012-2017) ਦੀ ਪੂਰਤੀ ਦਾ ਵੀ ਸੰਕੇਤ ਹੈ।ਇਹ ਸ਼ਹਿਰ ਦੀ ਸਾਫ-ਸਫਾਈ, ਹਰਿਆਵਲ, ਪਲਾਸਟਿਕ ਰਹਿਤ ਸਮਾਜ, ਪਾਣੀ ਬਚਾਉਣਅਤੇ ਜਿੰਮੇਵਾਰ ਅੰਮ੍ਰਿਤਸਰ ਦੀ ਯੋਜਨਾ ਸੀ।ਇਸ ਨੂੰ ਕਈ ਸਮਾਜ ਸੇਵੀ ਸੰਸਥਾਵਾਂ, ਜਿਲ੍ਹਾ ਪ੍ਰਸ਼ਾਸਨ, ਸ਼੍ਰੋਮਣੀ ਕਮੇਟੀ ਆਦਿ ਨੇ ਭਰਪੂਰ ਤਰੀਕੇ ਨਾਲ ਅਪਣਾਇਆ ਅਤੇ ਕਈ ਪ੍ਰੋਜੈਕਟਾਂ ਦੀ ਸਫਲਤਾਪੂਰਵਕ ਪੂਰਤੀ ਕੀਤੀ।
ਅੱਜ ਦੀ 2 ਘੰਟੇ ਦੀ ਮਾਰਚ ਦੇ ਵਿੱਚ ਅਨੇਕਾਂ ਸਕੂਲਾਂ, ਕਾਲਜਾਂ, ਐਨ.ਸੀ.ਸੀ ਦੇ ਬੱਚਿਆਂ, ਪਿੰਗਲਵਾੜਾ ਅਤੇ ਸ਼ਹਿਰ ਦੀਆਂ ਅਨੇਕਾਂ ਜੱਥੇਬੰਦੀਆਂ ਨੇ ਭਾਗ ਲਿਆ।ਜਿਥੇ ਕਿ ਚੀਫ ਖਾਲਸਾ ਦੀਵਾਨ ਯਤੀਮਖਾਨੇ ਦੇ ਬੱਚਿਆਂ ਨੇ ਗਤਕੇ ਦੀ ਪ੍ਰਦਰਸ਼ਨੀ ਕੀਤੀ ਉੱਥੇ ਹੀ ਆਈ.ਵੀ.ਈ ਫ੍ਰੀ ਸਕੂਲ ਦੇ ਬੱਚਿਆਂ ਵਲੋਂ ਕੂੜੇ ਦੀ ਸੰਭਾਲ ਦੇ ਵਿਸ਼ੇ ‘ਤੇ ਇਕ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ।ਰਾਮ ਬਾਗ ਵਿਖੇ ਸ਼ਹਿਰੀ ਪਤਵੰਤਿਆਂ ਅਤੇ ਅਨੇਕਾਂ ਜੱਥੇਬੰਦੀਆਂ ਦੀ ਇੱਕ ਮੀਟਿੰਗ ਦਾ ਵੀ ਆਯੋਜਨ ਕੀਤਾ ਗਿਆ ਜਿਸ ਦੀ ਸਰਪ੍ਰਸਤੀ ਸ਼ਹਿਰ ਦੇ ਡਿਪਟੀ ਕਮੀਸ਼ਨਰ ਕਮਲਦੀਪ ਸਿੰਘ ਸੰਘਾ ਨੇ ਕੀਤੀ।ਜਥੇਬੰਦੀਆਂ ਦੇ ਮੁਖੀਆਂ ਨੇ ਸ਼ਹਿਰ ਨੂੰ ਹਰਿਆ-ਭਰਿਆ ਅਤੇ ਸੁੰਦਰ ਬਣਾਉਣ ਦਾ ਪ੍ਰਣ ਕੀਤਾ।ਭਾਈ ਗੁਰਇਕਬਾਲ ਸਿੰਘ ਨੇ ਪ੍ਰਸਤਾਵ ਰੱਖਿਆ ਕਿ ਹਰ ਜਥੇਬੰਦੀ ਨੂੰ ਸ਼ਹਿਰ ਦੇ ਦੋ ਮੁਹੱਲੇ ਅਪਨਾਉਣ ਦੀ ਲੋੜ ਹੈ।ਇਸਕਾਨ ਮੰਦਿਰ ਦੇ ਮੁਖੀ, ਇੰਦਰਾਨੁਜ ਦਾਸ ਨੇ ਇਸ ਪ੍ਰਸਤਾਵ ਨੂੰ ਸਰਾਹਿਆ।ਇਸੇ ਤਰ੍ਹਾਂ ਪਾਦਰੀ ਵਿਜੇ, ਡਾਇਸਿਸ ਆਫ ਅੰਮ੍ਰਿਤਸਰ, ਸ਼੍ਰੀ ਅਬਦੁਲ ਨੂਰ, ਪ੍ਰਧਾਨ ਮਜਲਿਸ ਅਹਿਰਾਰ ਪੰਜਾਬ, ਕਰਨਲ ਕਮਾਂਡੈਂਟ ਐਨ.ਸੀ.ਸੀ ਅਸ਼ਵਿਨੀ ਨੇ ਸ਼ਹਿਰ ਦੇ ਵਾਤਾਵਰਨ ਦੀ ਪ੍ਰਫੁੱਲਤਾ ਲਈ ਪੁਰਜੋਰ ਹੁੰਗਾਰਾ ਦਿੱਤਾ।
ਅਨੇਕਾਂ ਸੰਸਥਾਵਾਂ ਅਤੇ ਕੁਦਰਤ ਦੇ ਪ੍ਰੇਮੀ ਜਿਨ੍ਹਾਂ ਨੇ ਈਕੋ ਅੰਮ੍ਰਿਤਸਰ ਦੀ ਪੰਜ ਸਾਲਾ ਯੋਜਨਾ ਵਿਚ ਹਿੱਸਾ ਪਾਇਆ ਨੂੰ ਬੂਟਾ ਪ੍ਰਸਾਦ ਦਿੱਤਾ ਗਿਆ ਤਾਂ ਜੋ ਇਸ ਸਾਵਨ ਦੀ ਬਹਾਰ ਵਿੱਚ ਉਹ ਹਰਿਆਵਲ ਵੱਲ ਵਧੇਰਾ ਧਿਆਨ ਦੇਣ।ਮੋਨਾ ਮਹਿਰਾ ਜੋ ਕਿ ਪਾਲਮ ਗਰੋਵ ਅਤੇ ਪੈਰਾਡਾਈਜ ਗ੍ਰੀਨ ਐਸੋਸੀਏਸ਼ਨ ਦੀ ਨੁਮਾਇਂਦਗੀ ਕਰ ਰਹੇ ਸਨ, ਨੂੰ 250 ਰੁੱਖ ਭੇਂਟ ਕੀਤੇ ਗਏ।ਇਸ ਸੰਸਥਾ ਨੇ ਪਿਛਲੇ ਸਾਲ ਦੌਰਾਨ ਵੀ ਈਕੋ ਅੰਮ੍ਰਿਤਸਰ ਨਾਲ ਮਿਲ ਕੇ 2000 ਰੁੱਖ ਲਗਾਏ ਸਨ।ਵਾਤਾਵਰਨ ਪ੍ਰੇਮੀ ਆਤਮਜੀਤ ਕੌਰ ਨੂੰ ਵੀ 100 ਰੁੱਖ ਦਿੱਤੇ ਗਏ।ਇਸ ਦੇ ਇਲਾਵਾ ਅਨੇਕ ਦੇਸੀ ਪ੍ਰਜਾਤੀਆਂ ਦੇ ਰੁੱਖ ਸ਼ਹਿਰ ਵਾਸੀਆਂ, ਸੰਸਥਾਵਾਂ ਅਤੇ ਬੱਚਿਆਂ ਨੂੰ ਭੇਂਟ ਕੀਤੇ ਗਏ ਜਿਨ੍ਹਾਂ ਨੇ ਉਹਨਾਂ ਦੀ ਇੱਕ ਸਾਲ ਦੇਖਭਾਲ ਦੇ ਪ੍ਰਣ ਕੀਤੇ।ਰਵਨੀਤ ਸਿੰਘ ਪ੍ਰੋਜੈਕਟ ਮੈਨੇਜਰ ਈਕੋਸਿੱਖ ਅਤੇ ਉਹਨਾਂ ਦੇ ਖਾਲਸਾ ਕਾਲਜ ਤੇ ਬੇਸਿਕਸ ਆਫ ਸਿੱਖੀ ਦੇ ਨੌਜਵਾਨ ਸਾਥੀ ਜਿਨ੍ਹਾਂ ਦਿਨ ਰਾਤ ਨਿਰੰਤਰ ਅਣਥਕ ਮਿਹਨਤ ਕੀਤੀ ਅਤੇ ਅੰਮ੍ਰਿਤਸਰ ਸਥਾਪਨਾ ਦਿਵਸ ਦੇ ਸਮੁੱਚੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਿਆ ਉਹਨਾਂ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਪੂਰੀ ਤਰ੍ਹਾਂ ਸਰਾਹਿਆ ਗਿਆ।
ਦਿਲਬੀਰ ਫਾਊਂਡੇਸ਼ਨ, ਆਰਟ ਗੈਲਰੀ, ਵਾਯਸ ਆਫ ਅੰਮ੍ਰਿਤਸਰ ਆਦਿ ਜੱਥੇਬੰਦੀਆਂ ਨੇ ਪਿਛਲੇ ਇਕ ਹਫਤੇ ਤੋਂ ਹੋ ਰਹੇ ਅਨੇਕਾਂ ਸਮਾਗਮਾਂ ਵਿੱਚ ਸਹਿਯੋਗ ਕੀਤਾ।ਈਕੋਸਿੱਖ ਦੇ ਮੁਖੀ ਡਾ. ਰਾਜਵੰਤ ਸਿੰਘ ਨੇ ਵਾਸ਼ਿੰਗਟਨ ਡੀ.ਸੀ ਤੋਂ ਸੰਦੇਸ਼ ਦਿੰਦਿਆਂ ਕਿਹਾ ਕਿ ਗੁਰੂ ਰਾਮਦਾਸ ਦੀ ਨਗਰੀ ਨੂੰ ਸਾਰਾ ਸੰਸਾਰ ਸਿਰ ਨਿਵਾਉਂਦਾ ਹੈ ਅਤੇ ਪ੍ਰੇਮ ਕਰਦਾ ਹੈ, ਪਰ ਇਸ ਪਵਿੱਤਰ ਨਗਰੀ ਦੀ ਵਾਤਾਵਰਨ ਪ੍ਰਤੀ ਢਹਿੰਦੀ ਕਲਾ ਤੋਂ ਸਮੂਹ ਸਿੱਖ ਪੰਥ ਚਿੰਤਤ ਹੈ।ਜਦ ਕਿ ਹਰਿੰੰਮੰਦਰ ਸਾਹਿਬ ਦੀ ਸ਼ਾਨ ਅਤੇ ਉੱਚ ਕੋਟੀ ਦੀ ਰੂਹਾਨੀਅਤ ਹਰ ਕਿਸੇ ਦੇ ਮਨ ਨੂੰ ਭਾਉੱਦੀ ਹੈ।ਅੰਮ੍ਰਿਤਸਰ ਸ਼ਹਿਰ ਵਿਚ ਗੰਦਗੀ ਅਤੇ ਘਟ ਰਹੀ ਰੁਖਾਂ ਦੀ ਸੰਖਿਆ ਹਰ ਕਿਸੇ ਦਾ ਦਿਲ ਦੁਖਾਉਂਦੀ ਹੈ।ਸਾਨੂੰ ਇਸ ਸ਼ਹਿਰ ਨੂੰ ਮੁੜ ਹਰਿਆ-ਭਰਿਆ ਕਰਨ ਲਈ ਪੁਰਜੋਰ ਟੀਚੇ ਫੜ੍ਹਨੇ ਜਰੂਰੀ ਹਨ।ਡੀ.ਸੀ ਸੰਘਾ ਨੇ ਆਪਣੇ ਭਾਸ਼ਨ ਵਿੱਚ ਅੰਮ੍ਰਿਤਸਰ ਦੇ ਸ਼ਹਿਰੀਆਂ ਦੀ ਸੇਵਾ ਭਾਵ ਨੂੰ ਤਹਿ ਦਿਲੋਂ ਸਰਾਹਿਆ।ਉਹਨਾਂ ਇਹ ਵੀ ਆਖਿਆ ਕਿ ਅੱਜ ਲੋੜ੍ਹ ਹੈ ਕਿ ਸਮਾਜ ਦੀ ਉਸ ਸ਼੍ਰੇਣੀ ਦਾ ਵੀ ਧੰਨਵਾਦ ਕਰਨ ਦੀ ਜਿਹੜੀ ਨਿਰੰਤਰ ਸ਼ਹਿਰ ਦੀ ਸਫਾਈ ਵਿੱਚ ਜੁਟੀ ਹੋਈ ਹੈ।ਸ਼ਹਿਰ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਸਭਨਾਂ ਦਾ ਸਾਥ ਮਿਲਣ ਦੀ ਆਸ ਕੀਤੀ ਤਾਂ ਜੋ ਇੱਕ ਵੱਡਾ ਪਰਿਵਰਤਨ ਲਿਆਂਦਾ ਜਾ ਸਕੇ।
ਗੁਨਬੀਰ ਸਿੰਘ ਮੁਖੀ ਈਕੋ ਅੰਮ੍ਰਿਤਸਰ ਨੇ ਕਿਹਾ ਕਿ ਅਸੀਂ ਪੂਰਨ ਨਿਮਰਤਾ ਦੇ ਅਹਿਸਾਸ ਨਾਲ ਕਹਿ ਸਕਦੇ ਹਾਂ ਕਿ ਪਿਛਲੇ ਪੰਜ ਸਾਲਾਂ ਦੇ ਉਪਰਾਲਿਆਂ ਨੇ ਕੁੱਝ ਚੰਗੇ ਨਤੀਜੇ ਦਿੱਤੇ ਹਨ, ਜਿਨ੍ਹਾਂ ਵਿਚ ਕੁਦਰਤੀ ਖੇਤੀ, ਦਰਬਾਰ ਸਾਹਿਬ ਵਿਖੇ ਆਰਗੈਨਿਕ ਲੰਗਰ, ਰੁੱਖ ਲਗਾਉਣ ਦੀ ਮੁਹਿੰਮ, ਕੂੜਾ ਰਹਿਤ ਨਗਰ ਕੀਰਤਨ,ਪਲਾਸਟਿਕ ਰਹਿਤ ਕ੍ਰਿਸਮਿਸ ਅਤੇ ਜੀਰੋ ਡਿਸਪੋਸਲ ਪਾਰਕ ਪ੍ਰਮੁੱਖ ਹਨ।ਸਮਾਜ ਸੇਵੀ ਸੰਸਥਾਵਾਂ ਵਲੋਂ ਸਾਡੀਆਂ ਯੋਜਨਾਵਾਂ ਨੂੰ ਭਰਪੂਰ ਹੁੰਗਾਰਾ ਅਤੇ ਪ੍ਰਸ਼ਾਸਨ ਵਲੋਂ ਮਿਲੀ ਹੱਲਾਸ਼ੇਰੀ ਨੇ ਸਾਡੇ ਟੀਚਿਆਂ ਦੀ ਪ੍ਰਾਪਤੀ ਵਿੱਚ ਵੱਡੀ ਭੂਮਿਕਾ ਨਿਭਾਈ।ਗੁਰੂ ਸਾਹਿਬਾਂ ਦੇ ਸੁਪਨਿਆਂ ਦਾ ਅੰਮ੍ਰਿਤਸਰ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ ਅਤੇ ਇਸ ਵਿੱਚ ਸਮੂਹ ਧਰਮਾਂ ਦੀ ਵਚਨਬੱਧਤਾ ਸਾਡੇ ਪ੍ਰੋਗਰਾਮ ਨੂੰ ਸੇਧ ਦਿੰਦੀ ਹੈ।
Punjab Post Daily Online Newspaper & Print Media