ਮਾਲੇਰਕੋਟਲਾ, 10 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਪਰਲਜ਼ ਸਮੇਤ ਕਈ ਹੋਰ ਕਥਿਤ ਚਿੱਟ-ਫੰਡ ਕੰਪਨੀਆਂ ਖਿਲਾਫ ਪਿਛਲੇ ਕਰੀਬ ਤਿੰਨ ਸਾਲਾਂ ਤੋਂ
ਸੰਘਰਸ਼ ਕਰ ਰਹੀ ਨਿਵੇਸ਼ਕ ਲੋਕਾਂ ਦੀ ਜਥੇਬੰਦੀ ਇਨਸਾਫ ਦੀ ਅਵਾਜ਼ ਪੰਜਾਬ ਨੇ ਹੁਣ ਆਰ-ਜਾਂ ਪਾਰ ਦੀ ਲੜਾਈ ਅਰੰਭਣ ਦਾ ਤਹੱਈਆ ਕਰਦਿਆਂ ਸੰਘਰਸ਼ ਨੂੰ ਸੂਬਾ ਪੱਧਰ ‘ਤੇ ਹੋਰ ਤੇਜ਼ ਕਰਨ ਲਈ ਪੰਜਾਬ ਭਰ ਦੇ ਨਿਵੇਸ਼ਕਾਂ ਨੂੰ ਨਾਲ ਲੈ ਕੇ 17-18 ਅਗਸਤ ਨੂੰ ਸੂਬਾ ਪੱਧਰੀ ਵੱਡਾ ਅੰਦੋਲਨ ਕਰਨ ਦਾ ਐਲਾਨ ਕਰ ਦਿੱਤਾ ਹੈ।ਜਿਸ ਦੀ ਤਿਆਰੀ ਸਬੰਧੀ ਜਥੇਬੰਦੀ ਦੀ ਇੱਕ ਅਹਿਮ ਮੀਟਿੰਗ ਅੱਜ ਇਥੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਹੋਈ।
ਜਥੇਬੰਦੀ ਦੇ ਸੂਬਾ ਪੱਧਰੀ ਬੁਲਾਰੇ ਗੁਰਸੇਵਕ ਸਿੰਘ ਖੰਡਿਆਲ ਅਤੇ ਜਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸ਼ਾਹਪੁਰ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਸਰਵ ਉਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਉਣ ਦੇ ਬਾਵਜੂਦ ਵੀ ਹਾਲੇ ਤੱਕ ਕਿਸੇ ਨਿਵੇਸ਼ਕ ਨੂੰ ਕੰਪਨੀਆਂ ਨੇ ਇੱਕ ਪੈਸਾ ਵਾਪਸ ਨਹੀਂ ਕੀਤਾ।ਸਰਕਾਰ ਵੱਲੋਂ ਇਸ ਮਾਮਲੇ ‘ਚ ਕੀਤੀ ਜਾ ਰਹੀ ਵਾਅਦਾ ਖਿਲਾਫੀ ਦੀ ਨਿੰਦਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਰਾਹੀਂ ਸੂਬੇ ਦੇ ਪਰਲਜ਼ ਨਿਵੇਸ਼ਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਦਿਆਂ ਹੀ ਪਰਲਜ਼ ਨਿਵੇਸ਼ਕਾਂ ਦੇ ਡੁੱਬੇ ਪੈਸੇ ਪਹਿਲ ਦੇ ਅਧਾਰ ‘ਤੇ ਦਿਵਾਏ ਜਾਣਗੇ ਪਰੰਤੂ ਅੱਜ ਕਈ ਮਹੀਨੇ ਬੀਤਣ ਉਪਰੰਤ ਵੀ ਪੰਜਾਬ ਸਰਕਾਰ ਨੇ ਸਾਡੇ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ।ਜਿਸ ਦੇ ਰੋਸ ਵੱਜੋਂ ਜਥੇਬੰਦੀ 17-18 ਅਗਸਤ ਨੂੰ ਪੰਜਾਬ ਭਰ ਦੇ ਪੀੜਤ ਨਿਵੇਸ਼ਕਾਂ ਨੂੰ ਨਾਲ ਲੈ ਕੇ ਸੂਬੇ ਅੰਦਰ ਵੱਡਾ ਅੰਦੋਲਨ ਸ਼ੁਰੂ ਕਰਕੇ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਦੀ ਯਾਦ ਦਿਵਾਏਗੀ।
ਇਸ ਮੌਕੇ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਮਾਲੇਰਕੋਟਲਾ ਹਲਕਾ ਪ੍ਰਧਾਨ ਲਖਵਿੰਦਰ ਸਿੰਘ, ਅਵਤਾਰ ਸਿੰਘ ਸਾਹਪੁਰ ਕਲਾਂ, ਚਮਕੌਰ ਸਿੰਘ, ਧਰਮਪਾਲ ਸਿੰਘ, ਰਾਜਾ ਸਿੰਘ, ਬਲਵੀਰ ਸਿੰਘ, ਮਨਸਾਂ ਖਾਂ, ਕੁਲਵਿੰਦਰ ਸਿੰਘ ਮੀਤ ਪ੍ਰਧਾਨ, ਜਸਮੇਲ ਕੌਰ ਸਮੇਤ ਵੱਡੀ ਗਿਣਤੀ ਮਹਿਲਾ ਨਿਵੇਸ਼ਕ ਵੀ ਸ਼ਾਮਲ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media