ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਮਾਨਸੂਨ ਦੀ ਆਮਦ ਨੂੰ ਵੇਖਦੇ ਹੋਏ ਜਿਲੇ ਦੇ ਡਿਪਟੀ ਕਮਿਸ਼ਨਰ ਨੇ ਹੜਾਂ ਦੀ ਸਥਿਤੀ ਨਾਲ ਨਿਪਟਣ ਲਈ
ਸਬੰਧਤ ਵਿਭਾਗਾਂ ਨੂੰ ਪੁਖਤਾ ਪ੍ਰਬੰਧ ਕਰਨ ਦੇ ਹੁੱਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਾਰੀ ਕੀਤੇ ਹੁਕਮਾਂ ਵਿਚ ਪ੍ਰਬੰਧਾਂ ਦੇ ਨਾਲ-ਨਾਲ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਜਿਲਾ ਮੁਖੀ ਬਿਨਾਂ ਅਗੇਤਰੀ ਪ੍ਰਵਾਨਗੀ ਦੇ ਅਚਨਚੇਤੀ ਛੁੱਟੀ ’ਤੇ ਨਾ ਜਾਵੇ ਅਤੇ ਹੜ ਦੀ ਸਥਿਤੀ ਵਿਚ ਸਟੇਸ਼ਨ ਵੀ ਨਾ ਛੱਡੇ।ਉਨਾਂ ਹਦਾਇਤ ਕੀਤੀ ਹੈ ਕਿ ਹੜਾਂ ਦੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਸਬੰਧਤ ਵਿਭਾਗਾਂ ਦੇ ਸਭ ਤੋਂ ਸੀਨੀਅਰ ਅਧਿਕਾਰੀ ਹੀ ਕਾਰਵਾਈ ਕਰਨਗੇ ਅਤੇ ਮੌਕੇ ’ਤੇ ਜਾਣਾ ਯਕੀਨੀ ਬਨਾਉਣਗੇ।ਇਸ ਵਿਚ ਕਿਸੇ ਤਰਾਂ ਦੀ ਕੁਤਾਹੀ ਨਾ ਵਰਤੀ ਜਾਵੇ ਅਤੇ ਨਾ ਹੀ ਕਿਸੇ ਜੂਨੀਅਰ ਅਧਿਕਾਰੀ ਨੂੰ ਮੌਕੇ ’ਤੇ ਭੇਜਿਆ ਜਾਵੇ। ਉਨਾਂ ਇਹ ਵੀ ਹਦਾਇਤ ਕੀਤੀ ਕਿ ਕੋਈ ਵੀ ਅਧਿਕਾਰੀ ਆਪਣੇ ਮੋਬਾਈਲ ਫੋਨ ਬੰਦ ਨਾ ਕਰੇ, ਤਾਂ ਜੋ ਲੋੜ ਪੈਣ ’ਤੇ ਉਸ ਦੀ ਮਦਦ ਲਈ ਜਾ ਸਕੇ।
ਦੱਸਣਯੋਗ ਹੈ ਕਿ ਡਰੇਨਜ਼ ਵਿਭਾਗ ਦੀ ਰਿਪੋਰਟ ਅਨੁਸਾਰ ਦਰਿਆ ਰਾਵੀ ਦੇ ਪਾਣੀ ਦੀ ਮਾਰ ਹੇਠ ਅਜਨਾਲਾ ਤਹਿਸੀਲ ਦੇ 76 ਪਿੰਡ ਆਉਂਦੇ ਹਨ, ਇੰਨਾਂ ਵਿਚੋਂ 34 ਅਤੀ ਨਾਜ਼ੁਕ ਅਤੇ ਬਾਕੀ 42 ਪਿੰਡ ਨਾਜ਼ੁਕ ਕਰਾਰ ਦਿੱਤੇ ਗਏ ਹਨ। ਇੰਨਾਂ ਪਿੰਡਾਂ ਦੇ ਸੈਕਟਰ ਅਧਿਕਾਰੀ ਬੀ.ਡੀ.ਪੀ.ਓ ਨੂੰ ਬਣਾਇਆ ਗਿਆ ਹੈ।ਜੇਕਰ ਹੜ ਆਉਂਦਾ ਹੈ ਤਾਂ ਹਰੇਕ ਬੀ ਡੀ ਪੀ ਓ ਆਪਣੇ-ਆਪਣੇ ਬਲਾਕ ਵਿਚਾਲੇ ਪਿੰਡਾਂ ਦਾ ਇੰਚਾਰਜ ਹੋਵੇਗਾ।ਡਿਪਟੀ ਕਮਿਸ਼ਨਰ ਸੰਘਾ ਨੇ ਸਬੰਧਤ ਐਸ.ਡੀ.ਐਮਜ਼ ਨੂੰ ਹੜ ਦੌਰਾਨ ਕੰਮ ਆਉਣ ਵਾਲੇ ਸਾਧਨ, ਜਿਸ ਵਿਚ ਕਿਸ਼ਤੀਆਂ, ਤਰਪਾਲਾਂ, ਟੈਂਟ ਆਦਿ ਸ਼ਾਮਿਲ ਹਨ, ਦੀ ਜਾਂਚ ਆਪ ਵੇਖਣ ਦੀ ਹਦਾਇਤ ਵੀ ਕੀਤੀ ਹੈ, ਤਾਂ ਜੋ ਲੋੜ ਵੇਲੇ ਕਿਸੇ ਤਰਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।
ਅਜਨਾਲਾ ਦਾ ਰਕਬਾ ਵੱਧ ਪ੍ਰਭਾਵਿਤ ਹੁੰਦਾ ਹੋਣ ਕਾਰਨ ਤਹਿਸੀਲਦਾਦਰ ਅਜਨਾਲਾ ਦਾ ਦਫਤਰ ਫਲੱਡ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿਸ ਦਾ ਟੈਲੀਫੋਨ ਨੰਬਰ 01858-221102 ਹੈ।ਡਿਪਟੀ ਕਮਿਸ਼ਨਰ ਨੇ ਐਸ ਡੀ ਓਜ਼ ਡਰੇਨਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਰੋਜ਼ਾਨਾ ਪਾਣੀ ਦੇ ਵਹਾਅ ਬਾਬਤ ਰਿਪੋਰਟ ਤਹਿਸੀਲਦਾਰ ਅਜਨਾਲਾ ਨੂੰ ਦੇਵੇ। ਇਸ ਤੋਂ ਇਲਾਵਾ ਉਨਾਂ ਹੰਗਾਮੀ ਹਾਲਤ ਵਿਚ ਰਾਹਤ ਕੈਂਪ ਲਗਾਉਣ ਲਈ ਐਸ ਡੀ ਓ ਲੋਕ ਨਿਰਮਾਣ ਵਿਭਾਗ ਅਜਨਾਲਾ ਨੂੰ ਸਥਾਨਾਂ ਦੀ ਚੋਣ ਕਰਨ ’ਤੇ ਉਥੇ ਖਾਣ-ਪੀਣ ਅਤੇ ਤਰਪਾਲਾਂ ਆਦਿ ਦੇ ਪ੍ਰਬੰਧ ਕਰਨ ਲਈ ਡੀ ਐਫ ਐਸ ਓ ਅਜਨਾਲਾ ਨੂੰ ਹਦਾਇਤ ਕੀਤੀ ਹੈ।ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਆਦਿ ਦਾ ਪ੍ਰਬੰਧ ਕਰਨ ਦੀ ਹਦਾਇਤ ਵੀ ਪਸ਼ੂ ਪਾਲਣ ਵਿਭਾਗ ਨੂੰ ਕੀਤੀ ਗਈ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media