Saturday, November 14, 2026

ਰਾਵੀ ਦੇ ਪਾਣੀ ਦੀ ਮਾਰ ਹੇਠ ਅਜਨਾਲਾ ਤਹਿਸੀਲ ਦੇ 34 ਅਤੀ ਨਾਜ਼ੁਕ ਤੇ 42 ਪਿੰਡ ਨਾਜ਼ੁਕ ਕਰਾਰ

ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਮਾਨਸੂਨ ਦੀ ਆਮਦ ਨੂੰ ਵੇਖਦੇ ਹੋਏ ਜਿਲੇ ਦੇ ਡਿਪਟੀ ਕਮਿਸ਼ਨਰ ਨੇ ਹੜਾਂ ਦੀ ਸਥਿਤੀ ਨਾਲ ਨਿਪਟਣ ਲਈ Kamaldeep Sanghaਸਬੰਧਤ ਵਿਭਾਗਾਂ ਨੂੰ ਪੁਖਤਾ ਪ੍ਰਬੰਧ ਕਰਨ ਦੇ ਹੁੱਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਾਰੀ ਕੀਤੇ ਹੁਕਮਾਂ ਵਿਚ ਪ੍ਰਬੰਧਾਂ ਦੇ ਨਾਲ-ਨਾਲ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਜਿਲਾ ਮੁਖੀ ਬਿਨਾਂ ਅਗੇਤਰੀ ਪ੍ਰਵਾਨਗੀ ਦੇ ਅਚਨਚੇਤੀ ਛੁੱਟੀ ’ਤੇ ਨਾ ਜਾਵੇ ਅਤੇ ਹੜ ਦੀ ਸਥਿਤੀ ਵਿਚ ਸਟੇਸ਼ਨ ਵੀ ਨਾ ਛੱਡੇ।ਉਨਾਂ ਹਦਾਇਤ ਕੀਤੀ ਹੈ ਕਿ ਹੜਾਂ ਦੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਸਬੰਧਤ ਵਿਭਾਗਾਂ ਦੇ ਸਭ ਤੋਂ ਸੀਨੀਅਰ ਅਧਿਕਾਰੀ ਹੀ ਕਾਰਵਾਈ ਕਰਨਗੇ ਅਤੇ ਮੌਕੇ ’ਤੇ ਜਾਣਾ ਯਕੀਨੀ ਬਨਾਉਣਗੇ।ਇਸ ਵਿਚ ਕਿਸੇ ਤਰਾਂ ਦੀ ਕੁਤਾਹੀ ਨਾ ਵਰਤੀ ਜਾਵੇ ਅਤੇ ਨਾ ਹੀ ਕਿਸੇ ਜੂਨੀਅਰ ਅਧਿਕਾਰੀ ਨੂੰ ਮੌਕੇ ’ਤੇ ਭੇਜਿਆ ਜਾਵੇ। ਉਨਾਂ ਇਹ ਵੀ ਹਦਾਇਤ ਕੀਤੀ ਕਿ ਕੋਈ ਵੀ ਅਧਿਕਾਰੀ ਆਪਣੇ ਮੋਬਾਈਲ ਫੋਨ ਬੰਦ ਨਾ ਕਰੇ, ਤਾਂ ਜੋ ਲੋੜ ਪੈਣ ’ਤੇ ਉਸ ਦੀ ਮਦਦ ਲਈ ਜਾ ਸਕੇ।
ਦੱਸਣਯੋਗ ਹੈ ਕਿ ਡਰੇਨਜ਼ ਵਿਭਾਗ ਦੀ ਰਿਪੋਰਟ ਅਨੁਸਾਰ ਦਰਿਆ ਰਾਵੀ ਦੇ ਪਾਣੀ ਦੀ ਮਾਰ ਹੇਠ ਅਜਨਾਲਾ ਤਹਿਸੀਲ ਦੇ 76 ਪਿੰਡ ਆਉਂਦੇ ਹਨ, ਇੰਨਾਂ ਵਿਚੋਂ 34 ਅਤੀ ਨਾਜ਼ੁਕ ਅਤੇ ਬਾਕੀ 42 ਪਿੰਡ ਨਾਜ਼ੁਕ ਕਰਾਰ ਦਿੱਤੇ ਗਏ ਹਨ। ਇੰਨਾਂ ਪਿੰਡਾਂ ਦੇ ਸੈਕਟਰ ਅਧਿਕਾਰੀ ਬੀ.ਡੀ.ਪੀ.ਓ ਨੂੰ ਬਣਾਇਆ ਗਿਆ ਹੈ।ਜੇਕਰ ਹੜ ਆਉਂਦਾ ਹੈ ਤਾਂ ਹਰੇਕ ਬੀ ਡੀ ਪੀ ਓ ਆਪਣੇ-ਆਪਣੇ ਬਲਾਕ ਵਿਚਾਲੇ ਪਿੰਡਾਂ ਦਾ ਇੰਚਾਰਜ ਹੋਵੇਗਾ।ਡਿਪਟੀ ਕਮਿਸ਼ਨਰ ਸੰਘਾ ਨੇ ਸਬੰਧਤ ਐਸ.ਡੀ.ਐਮਜ਼ ਨੂੰ ਹੜ ਦੌਰਾਨ ਕੰਮ ਆਉਣ ਵਾਲੇ ਸਾਧਨ, ਜਿਸ ਵਿਚ ਕਿਸ਼ਤੀਆਂ, ਤਰਪਾਲਾਂ, ਟੈਂਟ ਆਦਿ ਸ਼ਾਮਿਲ ਹਨ, ਦੀ ਜਾਂਚ ਆਪ ਵੇਖਣ ਦੀ ਹਦਾਇਤ ਵੀ ਕੀਤੀ ਹੈ, ਤਾਂ ਜੋ ਲੋੜ ਵੇਲੇ ਕਿਸੇ ਤਰਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।
ਅਜਨਾਲਾ ਦਾ ਰਕਬਾ ਵੱਧ ਪ੍ਰਭਾਵਿਤ ਹੁੰਦਾ ਹੋਣ ਕਾਰਨ ਤਹਿਸੀਲਦਾਦਰ ਅਜਨਾਲਾ ਦਾ ਦਫਤਰ ਫਲੱਡ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿਸ ਦਾ ਟੈਲੀਫੋਨ ਨੰਬਰ 01858-221102 ਹੈ।ਡਿਪਟੀ ਕਮਿਸ਼ਨਰ ਨੇ ਐਸ ਡੀ ਓਜ਼ ਡਰੇਨਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਰੋਜ਼ਾਨਾ ਪਾਣੀ ਦੇ ਵਹਾਅ ਬਾਬਤ ਰਿਪੋਰਟ ਤਹਿਸੀਲਦਾਰ ਅਜਨਾਲਾ ਨੂੰ ਦੇਵੇ। ਇਸ ਤੋਂ ਇਲਾਵਾ ਉਨਾਂ ਹੰਗਾਮੀ ਹਾਲਤ ਵਿਚ ਰਾਹਤ ਕੈਂਪ ਲਗਾਉਣ ਲਈ ਐਸ ਡੀ ਓ ਲੋਕ ਨਿਰਮਾਣ ਵਿਭਾਗ ਅਜਨਾਲਾ ਨੂੰ ਸਥਾਨਾਂ ਦੀ ਚੋਣ ਕਰਨ ’ਤੇ ਉਥੇ ਖਾਣ-ਪੀਣ ਅਤੇ ਤਰਪਾਲਾਂ ਆਦਿ ਦੇ ਪ੍ਰਬੰਧ ਕਰਨ ਲਈ ਡੀ ਐਫ ਐਸ ਓ ਅਜਨਾਲਾ ਨੂੰ ਹਦਾਇਤ ਕੀਤੀ ਹੈ।ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਆਦਿ ਦਾ ਪ੍ਰਬੰਧ ਕਰਨ ਦੀ ਹਦਾਇਤ ਵੀ ਪਸ਼ੂ ਪਾਲਣ ਵਿਭਾਗ ਨੂੰ ਕੀਤੀ ਗਈ ਹੈ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply