ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ)- ‘ਜਿੰਨਾਂ ਨੌਜਵਾਨ ਲੜਕੇ ਅਤੇ ਲੜਕੀਆਂ ਦੀ 1 ਜਨਵਰੀ 2017 ਨੂੰ ਉਮਰ 18 ਸਾਲ ਤੋਂ ਵੱਧ ਹੋ ਗਈ ਹੈ
ਅਤੇ ਉਹ ਅਜੇ ਤੱਕ ਵੋਟਰ ਨਹੀਂ ਬਣੇ, ਨੂੰ ਰਜਿਸਟਰਡ ਕਰਨ ਲਈ ਚੋਣ ਕਮਿਸ਼ਨ ਵੱਲੋਂ ਬੂਥ ਪੱਧਰ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਾਰੇ ਨਵਯੁਵਕ ਵੋਟ ਦੀ ਤਾਕਤ ਨੂੰ ਸਮਝਦੇ ਹੋਏ ਤਰੁੰਤ ਆਪਣੇ ਆਪ ਨੂੰ ਬਤੌਰ ਵੋਟਰ ਰਜਿਸਟਰਡ ਕਰਨ।ਉਕਤ ਸਬਦਾਂ ਦਾ ਪ੍ਰਗਟਾਵਾ ਜਿਲਾ ਚੋਣ ਅਧਿਕਾਰੀ ਕਮਲਦੀਪ ਸਿੰਘ ਸੰਘਾ ਨੇ ਮਾਲ ਰੋਡ ਸਕੂਲ ਵਿਖੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਦੇ ਮਕਸਦ ਨਾਲ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦੇ ਕੀਤਾ। ਉਨਾਂ ਬੱਚਿਆਂ ਨਾਲ ਬਿਤਾਏ ਇਨਾਂ ਪਲਾਂ ਨੂੰ ਜਿੰਦਗੀ ਦਾ ਖੂਬਸੂਰਤ ਵਕਤ ਦੱਸਦੇ ਕਿਹਾ ਕਿ ਦੇਸ਼ ਦਾ ਭਵਿੱਖ ਤੈਅ ਕਰਨ ਲਈ ਵੋਟ ਦੀ ਤਾਕਤ ਸਭ ਤੋਂ ਵੱਡੀ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਤਾਕਤ ਦੀ ਮਹੱਤਤਾ ਨੂੰ ਸਮਝਦੇ ਹੋਏ ਜਿੱਥੇ ਆਪਣੀ ਵੋਟ ਬਨਾਉਣ ਦੀ ਪਹਿਲ ਕਦਮੀ ਕਰਨੀ ਚਾਹੀਦੀ ਹੈ, ਉਥੇ ਵੋਟ ਪਾਉਣ ਵੇਲੇ ਵੀ ਕੋਈ ਲਾਲਚ ਜਾਂ ਡਰ ਮਨ ਵਿਚ ਨਾ ਰੱਖ ਦੇ ਚੰਗੇ ਉਮੀਦਵਾਰਾਂ ਦੀ ਚੋਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਉਨਾਂ ਦੱਸਿਆ ਕਿ ਵੋਟ ਬਣਾਉਣ ਤੋਂ ਵਾਂਝੇ ਰਹਿ ਗਏ ਨੌਜਵਾਨਾਂ ਦੀ ਵੋਟ ਬਣਾਉਣ ਲਈ 1 ਜੁਲਾਈ ਤੋਂ 31 ਜੁਲਾਈ 2017 ਤੱਕ ਵਿਸ਼ੇਸ਼ ਮੁਹਿੰਮ ਚੱਲ ਰਹੀ ਹੈ ਅਤੇ ਇਸ ਸਮੇਂ ਦੌਰਾਨ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਯੋਗ ਵਿਅਕਤੀਆਂ ਪਾਸੋਂ ਫਾਰਮ ਪ੍ਰਾਪਤ ਕੀਤੇ ਜਾਣਗੇ, ਇਸ ਲਈ ਯੋਗ ਵਿਅਕਤੀ ਫਾਰਮ ਨੰ: 6 ਭਰ ਕੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੂੰ ਜਾਂ ਸਬੰਧਤ ਬੂਥ ਲੈਵਲ ਅਫ਼ਸਰ ਕੋਲ ਜਮਾਂ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਇਹ ਫਾਰਮ ਡਾਕ ਦੁਆਰਾ ਜਾਂ ਐਨ.ਵੀ.ਐਸ.ਪੀ ਪੋਰਟਲ ’ਤੇ ਜਾ ਕੇ ਆਨ ਲਾਈਨ ਭਰਿਆ ਜਾ ਸਕਦਾ ਹੈ।
ਉਨਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ 23 ਜੁਲਾਈ ਨੂੰ ਬੂਥ ਲੈਵਲ ਅਫ਼ਸਰ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਯੋਗ ਵੋਟਰਾਂ ਪਾਸੋਂ ਫਾਰਮ ਪ੍ਰਾਪਤ ਕਰਨਗੇ, ਸੋ ਸਾਨੂੰ ਸਾਰਿਆਂ ਨੂੰ ਇਸ ਮੌਕੇ ਦਾ ਲਾਹਾ ਲੈ ਕੇ ਆਪਣੇ ਨਾਂਅ ਵੋਟਰ ਸੂਚੀ ਵਿਚ ਦਰਜ ਕਰਵਾਉਣ। ਇਸ ਮੌਕੇ ਸਹਾਇਕ ਕਮਿਸ਼ਨਰ ਮੈਡਮ ਅਲਕਾ ਕਾਲੀਆ ਨੇ ਵੀ ਵੋਟ ਦੀ ਮਹੱਤਤਾ ਤੋਂ ਜਾਣੂੰ ਕਰਵਾਉਂਦੇ ਯੋਗ ਲੜਕੀਆਂ ਨੂੰ ਵੋਟਰ ਬਣਨ ਲਈ ਪ੍ਰੇਰਿਆ।ਸਕੂਲ ਪਿ੍ਰੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਡਿਪਟੀ ਕਮਿਸ਼ਨਰ ਤੇ ਹੋਰ ਹਸਤੀਆਂ ਨੂੰ ਸਕੂਲ ਆਉਣ ’ਤੇ ਜੀ ਆਇਆਂ ਕਿਹਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਚੋਣਾਂ ਰਾਕੇਸ਼ ਥਾਪਰ, ਡੀ.ਈ.ਓ ਸਕੈਡੰਰੀ ਸ੍ਰੀਮਤੀ ਸੁਨੀਤਾ ਕਿਰਨ, ਡੀ.ਈ.ਓ ਐਲੀਮੈਂਟਰੀ ਸੁਖਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media