ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਅੰਮਿ੍ਰਤਸਰ ਕਮਲਦੀਪ ਸਿੰਘ ਸੰਘਾ ਨੇ ਅੱਜ ਪ੍ਰਧਾਨ ਮੰਤਰੀ ਵਲੋਂ ਚਲਾਏ ਗਏ ਸਕਿੱਲ ਇੰਡੀਆ ਮਿਸ਼ਨ ਅਧੀਨ ਪੁਤਲੀਘਰ ਨੇੜੇ ਖੋਲੇ ਗਏ ਬਹੁਪੱਖੀ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕੀਤਾ।ਉਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਵਿੱਚ ਹੁਨਰਮੰਦ ਬਣਾਉਣ ਲਈ ਇਹ ਸੈਂਟਰ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਇਨਾਂ ਤੋਂ ਵੱਖ-ਵੱਖ ਵਿਸ਼ਿਆਂ ਵਿੱਚ ਸਿਖਲਾਈ ਪ੍ਰਾਪਤ ਕਰਕੇ ਦੇਸ਼ ਦਾ ਨੌਜਵਾਨ ਵਰਗ ਜਿੱਥੇ ਰੋਜ਼ਗਾਰ ਪ੍ਰਾਪਤ ਕਰ ਸਕਦਾ ਹੈ ਉਥੇ ਦੇਸ਼ ਦੇ ਵਿਕਾਸ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦਾ ਹੈ।ਉਨਾਂ ਦੱਸਿਆ ਕਿ ਇਸ ਸੈਂਟਰ ਵਿੱਚ ਬਿਊਟੀ ਪਾਰਲਰ, ਹੈਂਡੀ ਕਰਾਫਟ ਅਤੇ ਕੰਪਿਊਟਰ ਦੀ ਸਿੱਖਿਆ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਦੋ ਤੋਂ ਤਿੰਨ ਮਹੀਨੇ ਦੀ ਇਹ ਸਿਖਲਾਈ ਪ੍ਰਾਪਤ ਕਰਕੇ ਨੌਜਵਾਨ ਵਰਗ ਉਕਤ ਕਿੱਤਿਆਂ ਵਿੱਚ ਮੁਹਾਰਤ ਹਾਸਲ ਕਰ ਸਕਦਾ ਹੈ ਜਿਸ ਨਾਲ ਉਸ ਨੂੰ ਸਹਿਜੇ ਹੀ ਉਕਤ ਖੇਤਰ ਵਿੱਚ ਰੋਜਗਾਰ ਮਿੱਲ ਸਕਦਾ ਹੈ ਅਤੇ ਇਸ ਤੋਂ ਇਲਾਵਾ ਉਹ ਬੈਂਕ ਤੋਂ ਕਰਜ਼ਾ ਲੈ ਕੇ ਸਬੰਧਤ ਖੇਤਰ ਵਿਚ ਆਪਣਾ ਕੰਮ ਵੀ ਸ਼ੁਰੂ ਕਰ ਸਕਦਾ ਹੈ।
ਉਨਾਂ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਵਲੋਂ ਖੋਲੇ ਗਏ ਇਨਾਂ ਸਿੱਖਿਆ ਕੇਂਦਰਾਂ ਦਾ ਲਾਹਾ ਲੈ ਕੇ ਆਪਣੇ ਪੈਰਾ ਸਿਰ ਖੜੇ ਹੋਣ। ਇਸ ਮੌਕੇ ਜਿਲਾ ਮਾਲ ਅਫ਼ਸਰ ਮੁਕੇਸ਼ ਕੁਮਾਰ, ਸੈਂਟਰ ਇੰਚਾਰਜ ਰਮੇਸ਼ ਕੁਮਾਰ ਸੋਢੀ, ਪ੍ਰਮੋਦ ਲਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media