ਨਵੀਂ ਦਿੱਲੀ, 13 ਅਗਸਤ (ਪੰਜਾਬ ਪਸੋਟ ਬਿਊਰੋ) – ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਸਤਿੰਦਰ ਜੈਨ ਵੱਲੋਂ ਕੱਲ ਦਿੱਲੀ ਵਿਧਾਨ ਸਭਾ ’ਚ
1984 ਸਿੱਖ ਕਤਲੇਆਮ ਮਾਮਲਿਆਂ ਦੀ ਜਾਂਚ ਲਈ ਦਿੱਲੀ ਸਰਕਾਰ ਦੀ ਐਸ.ਆਈ.ਟੀ ਵੱਲੋਂ ਕਾਰਜ ਕਰਨ ਦੇ ਦਿੱਤੇ ਗਏ ਬਿਆਨ ’ਤੇ ਸਿਆਸਤ ਭੱਖ ਗਈ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੈਨ ਵੱਲੋਂ ਦਿੱਤੇ ਗਏ ਬਿਆਨ ਨੂੰ ਝੂਠਾ ਦੱਸਣ ਦੌਰਾਨ ਸਿੱਖਾਂ ਨੂੰ ਗੁਮਰਾਹ ਕਰਨ ਦੇ ਦੋਸ਼ ’ਚ ਜੈਨ ਦਾ ਅਸਤੀਫਾ ਵੀ ਮੰਗ ਲਿਆ।
ਦਰਅਸਲ ਜੈਨ ਨੇ ਵਿਧਾਨ ਸਭਾ ’ਚ 1984 ਸਿੱਖ ਕਤਲੇਆਮ ਦੀ ਜਾਂਚ ਕਰਨ ਦੀ ਥਾਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਕਾਰ ਸਾਂਝ ਕਰਕੇ ਕੇਂਦਰ ਦੀ ਐਸ.ਆਈ.ਟੀ ਵੱਲੋਂ ਮਾਮਲਿਆਂ ਨੂੰ ਬੰਦ ਕਰਨ ਦਾ ਦੋਸ਼ ਲਗਾਇਆ ਸੀ।ਜੈਨ ਨੇ ਦਿੱਲੀ ਸਰਕਾਰ ਦੀ ਐਸ.ਆਈ.ਟੀ ਵੱਲੋਂ ਜਾਂਚ ਦਾ ਕਾਰਜ ਸ਼ੁਰੂ ਕਰਨ ਦਾ ਵੀ ਦਾਅਵਾ ਕੀਤਾ ਸੀ।
ਜੀ.ਕੇ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਐਸ.ਆਈ.ਟੀ ਵੱਲੋਂ ਮਸਲਿਆਂ ਦੀ ਜਾਂਚ ਦਾ ਵਿਧਾਨ ਸਭਾ ’ਚ ਜੈਨ ਵੱਲੋਂ ਕੀਤਾ ਗਿਆ ਦਾਅਵਾ ਪੀੜਤਾਂ ਦੇ ਨਾਲ ਕੋਝਾ ਮਜ਼ਾਕ ਹੈ।ਦਿੱਲੀ ਸਰਕਾਰ ਵੱਲੋਂ ਆਪਣੀ 49 ਦਿਨ ਦੀ ਸਰਕਾਰ ਦੌਰਾਨ ਐਸ.ਆਈ.ਟੀ. ਬਣਾਉਣ ਦੀ ਸਿਫ਼ਾਰਿਸ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਬੇਸ਼ਕ ਕੀਤੀ ਗਈ ਸੀ ਪਰ 12 ਫਰਵਰੀ 2015 ਨੂੰ ਕੇਂਦਰ ਸਰਕਾਰ ਨੇ ਆਪਣੀ ਐਸ.ਆਈ.ਟੀ ਬਣਾ ਕੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਜੀ.ਕੇ ਨੇ ਸਵਾਲ ਕੀਤਾ ਕਿ ਦਿੱਲੀ ਸਰਕਾਰ ਦੀ ਐਸ.ਆਈ.ਟੀ ਦੀ ਫਾਈਲ ਗੁਆਚਣ ਦਾ ਮਸਲਾ ਲੰਬੇ ਸਮੇਂ ਤਕ ਸਿਆਸੀ ਗਲਿਆਰਿਆਂ ’ਚ ਗੂੰਜਦਾ ਰਿਹਾ ਸੀ। ਫਿਰ ਐਸ.ਆਈ.ਟੀ. ਕਦੋਂ ਅਤੇ ਕਿੱਥੇ ਹੋਂਦ ’ਚ ਆਈ ਜਾਂਚ ਦਾ ਵਿਸ਼ਾ ਹੈ।
ਸਿਰਸਾ ਨੇ ਜੈਨ ਦੇ ਅਸਤੀਫੇ ਦੀ ਮੰਗ ਕਰਕੇ ਹੋਏ ਸਵਾਲ ਪੁੱਛਿਆ ਕਿ ਬੀਤੇ ਢਾਈ ਸਾਲ ਦੌਰਾਨ ਦਿੱਲੀ ਸਰਕਾਰ ਦੇ ਨੁਮਾਂਇੰਦੇ ਇਸ ਮਸਲੇ ’ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਕਦੋਂ ਮਿਲੇ ਸਨ।ਸਿਰਸਾ ਨੇ ਦੋਸ਼ ਲਗਾਇਆ ਕਿ 4 ਦਿਨ ਦੇ ਮਾਨਸੂਨ ਸੈਸ਼ਨ ਦੌਰਾਨ ਲਗਾਤਾਰ ਆਪਣੀ ਨਾਕਾਮੀਆਂ ਨੂੰ ਲੁਕਾਉਣ ’ਚ ਅਸਮਰੱਥ ਰਹੀ ਆਪ ਸਰਕਾਰ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਆਖਿਰੀ ਦਿਨ 1984 ਐਸ.ਆਈ.ਟੀ. ਦਾ ਮਾਮਲਾ ਚੁੱਕਿਆ ਹੈ। ਸਿਰਸਾ ਨੇ ਕਿਹਾ ਕਿ ਆਪ ਸਰਕਾਰ ਦੱਸੇ ਕਿ ਉਨ੍ਹਾਂ ਦੀ ਐਸ.ਆਈ.ਟੀ ਦਾ ਚੇਅਰਮੈਨ ਕੌਣ ਸੀ, ਕਿਹੜੇ ਕਮਰੇ ’ਚ ਬੈਠਦਾ ਸੀ, ਕਿਤਨੀਆਂ ਮੀਟਿੰਗਾਂ ਕੀਤੀਆਂ ਸਨ ਤੇ ਹੁਣ ਹੋਂਦ ਵਿਚ ਹੈ ਜਾਂ ਨਹੀਂ।
ਸਿਰਸਾ ਨੇ ਅਰਵਿੰਦ ਕੇਜਰੀਵਾਲ ’ਤੇ ਝੂਠ ਦੇ ਸਹਾਰੇ ਲਾਸ਼ਾਂ ’ਤੇ ਸਿਆਸਤ ਕਰਨ ਦਾ ਦੋਸ਼ ਲਗਾਉਂਦੇ ਹੋਏ ਆਪ ਵਿਧਾਇਕ ਅਵਤਾਰ ਸਿੰਘ ਕਾਲਕਾ ’ਤੇ ਵੀ ਸ਼ਬਦੀ ਹਮਲਾ ਬੋਲਿਆ। ਸਿਰਸਾ ਨੇ ਕਿਹਾ ਕਿ 15 ਸਾਲ ਤਕ ਕਾਂਗਰਸ ਸਮਰਥਕ ਪਰਮਜੀਤ ਸਿੰਘ ਸਰਨਾ ਦੀ ਗੋਦ ਦਾ ਨਿੱਘ ਮਾਣਦੇ ਹੋਏ ਕਾਲਕਾ ਨੂੰ 1984 ਦੇ ਪੀੜਤਾਂ ਦਾ ਦਰਦ ਕਿਉਂ ਨਹੀਂ ਸੀ ਨਜ਼ਰ ਆਇਆ ਜਦੋਂ ਉਹ ਕਾਂਗਰਸ ਦਾ ਸਾਥ ਦੇ ਕੇ ਕਾਤਿਲਾਂ ਨੂੰ ਬਚਾ ਰਹੇ ਸਨ।ਇੱਕ ਪਾਸੇ ਕੇਜਰੀਵਾਲ ਸਿੱਖਾਂ ਦੇ ਕਾਤਲ ਵੱਜੋਂ ਜਾਣੇ ਜਾਂਦੇ ਜਗਦੀਸ਼ ਟਾਈਟਲਰ ਨਾਲ ਜੱਫੀਆਂ ਪਾਉਂਦੇ ਹਨ ਅਤੇ ਦੂਜੇ ਪਾਸੇ ਸਿੱਖ ਕਤਲੇਆਮ ’ਤੇ ਘੜਿਆਲੂ ਅਥਰੂ ਵਹਾਉਂਦੇ ਹੋਏ ਸਿੱਖਾਂ ਨੂੰ ਗੁਮਰਾਹ ਕਰਦੇ ਹਨ।ਕੇਜਰੀਵਾਲ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ ਸਿਰਸਾ ਨੇ ਪੰਜਾਬੀ ਟੀਚਰਾਂ ਦਾ ਕੀਤਾ ਜਾ ਰਿਹਾ ਮਾਨਸਿਕ ਤੇ ਆਰਥਿਕ ਸ਼ੋਸ਼ਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦੀ ਸਥਾਪਨਾ ਤੇ ਪਾਰਕ ਦੇ ਵਿਕਾਸ ਨੂੰ ਰੋਕਣ ਦੇ ਆਪ ਸਰਕਾਰ ਦੇ ਸਿੱਖ ਵਿਰੋਧੀ ਫੈਸਲਿਆਂ ਦਾ ਹਵਾਲਾ ਦਿੱਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media