ਸਮਰਾਲਾ, 13 ਅਗਸਤ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਸਿਹਾਲਾ ਦੀ ਵਸਨੀਕ ਵਿਧਵਾ ਗੁਰਨਾਮ ਕੌਰ ਪਤਨੀ ਹਰਬੰਸ ਸਿੰਘ ਸਾਬਕਾ ਫੌਜੀ ਨੇ ਆਪਣੇ ਦੁੱਖਾਂ ਦੀ ਕਹਾਣੀ ਸੁਣਾਉਂਦੇ ਹੋਏ ਪ੍ਰੈਸ ਨੂੰ ਲਿਖਤੀ ਜਾਣਕਾਰੀ ਦਿੱਤੀ ਹੈ ਕਿ ਉਸਦਾ ਪਤੀ ਮਿਲਟਰੀ ਵਿੱਚੋਂ ਸੇਵਾ ਮੁਕਤ ਹੋਏ ਸਨ। ਜਿਨਾਂ ਨੂੰ ਫੌਜ ਦੀ ਪੈਨਸ਼ਨ ਮਿਲਦੀ ਸੀ।ਫੌਜ ਦੀ ਸੇਵਾ ਤੋਂ ਬਾਅਦ ਉਹ ਸਿਹਤ ਵਿਭਾਗ ਪੰਜਾਬ ਵਿੱਚ ਦਰਜਾ ਚਾਰ ਕਰਮਚਾਰੀ ਨਿਯੁਕਤ ਹੋ ਗਏ ਸਨ ਅਤੇ ਮਿਤੀ 31-03-1997 ਨੂੰ ਸਿਵਲ ਹਸਪਤਾਲ ਸਮਰਾਲੇ ਤੋਂ ਸੇਵਾ ਮੁਕਤ ਹੋ ਕੇ ਸਿਵਲ ਸਰਵਿਸ ਵਾਲੀ ਪੈਨਸ਼ਨ ਪੀ.ਪੀ.ਓ 106258/2 ਰਾਹੀਂ ਲੈਂਦੇ ਸੀ। ਇਹ ਦੋਵੇਂ ਪੈਨਸ਼ਨਾਂ ਉਸਦੇ ਪਤੀ ਹਰਬੰਸ ਸਿੰਘ ਲੈਂਦੇ ਸੀ। 27 ਜਨਵਰੀ 2006 ਨੂੰ ਹਰਬੰਸ ਸਿੰਘ ਦੀ ਮੌੌਤ ਹੋਣ ਉਪਰੰਤ ਉਨਾਂ ਦੀ ਫੈਮਲੀ ਪੈਨਸ਼ਨ ਗੁਰਨਾਮ ਕੌਰ ਨੂੰ ਲੱਗ ਗਈ ਸੀ।ਗੁਰਨਾਮ ਕੌਰ ਨੂੰ ਪਤੀ ਦੀ ਮੌਤ ਉਪਰੰਤ ਸਿਰਫ ਫੌਜ ਵਾਲੀ ਫੈਮਲੀ ਪੈਨਸ਼ਨ ਹੀ ਮਿਲੀ ਸੀ। ਹੁਣ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵੱਲੋਂ ਮਿਤੀ 23-06-2016 ਦੇ ਨੋਟੀਫਿਕੇਸ਼ਨ ਰਾਹੀਂ ਸਿਵਲ ਸਰਵਿਸ ਵਾਲੀ ਫੈਮਲੀ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਹੈ।ਜਿਸ ਦੇ ਸਬੰਧ ਵਿੱਚ ਗੁਰਨਾਮ ਕੌਰ ਨੂੰ ਆਪਣੇ ਪਤੀ ਵਾਲੀ ਸਿਵਲ ਸਰਵਿਸ ਦੀ ਫੈਮਲੀ ਪੈਨਸ਼ਨ ਲਈ ਅਰਜੀ ਐਸ.ਐਮ.ਓ ਸਮਰਾਲਾ ਰਾਹੀਂ ਮਿਤੀ 04-08-2016 ਨੂੰ ਏ.ਜੀ.ਪੰਜਾਬ ਚੰਡੀਗੜ ਨੂੰ ਭੇਜੀ ਹੈ।ਕਈ ਵਾਰ ਯਾਦ ਪੱਤਰ ਵੀ ਭੇਜ ਚੁੱਕੀ ਹੈ ਪਰ ਉਸਦਾ ਫੈਮਲੀ ਪੈਨਸ਼ਨ ਕੇਸ ਪਾਸ ਹੋ ਕੇ ਜਾਂ ਇਤਰਾਜ਼ ਲੱਗ ਕੇ ਵਾਪਸ ਨਹੀਂ ਆਇਆ।
ਇਸ ਸਬੰਧੀ ਪੈਨਸ਼ਨਰ ਜਥੇਬੰਦੀ ਦੇ ਕਾਰਕੁੰਨ ਕੁਲਵੰਤ ਰਾਏ ਸਬੰਧਿਤ ਨੂੰ ਕਈ ਵਾਰ ਮਿਲ ਕੇ ਗੱਲ ਵੀ ਕਰ ਚੁੱਕੇ ਹਨ, ਉਨਾਂ ਦੱਸਿਆ ਕਿ ਉਸ ਵਿਧਵਾ ਔਰਤ ਦੀ ਘਰੇਲੂ ਹਾਲਤ ਬਹੁਤ ਮਾੜੀ ਹੈ ਤੇ ਖੁਦ ਵੀ ਸਿਹਤ ਨਾ ਠੀਕ ਹੋਣ ਕਰਕੇ ਕਿਸੇ ਪਾਸੇ ਜਾਣ-ਆਉਣ ਤੋਂ ਅਸਮਰੱਥ ਹੈ।ਉਸ ਦੇ ਦੋ ਬੱਚਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।ਇੱਕ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ।ਇੱਕ ਹੋਰ ਪੁੱਤਰ ਵੀ ਇਹ ਕੇਸ ਦੀ ਪੈਰਵੀ ਕਰਨ ਤੋਂ ਅਸਮਰੱਥ ਹੈ।ਉਸ ਨੇ ਇਹ ਵੀ ਦੱਸਿਆ ਕਿ ਉਹ ਦੁਖੀ ਤੇ ਪਰੇਸ਼ਾਨ ਹੈ।ਉਸ ਨੇ ਏ.ਜੀ ਪੰਜਾਬ ਵਿਭਾਗ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ ਦਿੱਤਾ ਜਾਵੇ ਤੇ ਫੈਮਲੀ ਪੈਨਸ਼ਨ ਚਾਲੂ ਕਰਾਈ ਜਾਵੇ ਤਾਂ ਕਿ ਆਪਣਾ ਗੁਜ਼ਾਰਾ ਠੀਕ ਢੰਗ ਨਾਲ ਕਰ ਸਕੇ।
ਇਸੇ ਦੌਰਾਨ ਸੇਵਾ ਮੁਕਤ ਸਾਂਝਾ ਮੁਲਾਜਮ ਫਰੰਟ ਦੇ ਆਗੂ ਕੁਲਵੰਤ ਸਿੰਘ ਤਰਕ ਨੇ ਪੰਜਾਬ ਸਰਕਾਰ ਅਤੇ ਵਿਭਾਗ ਤੋਂ ਪੀੜਤ ਵਿਧਵਾ ਔਰਤ ਨੂੰ ਨਿਯਮਾਂ ਅਨੁਸਾਰ ਇਨਸਾਫ ਦੇਣ ਦੀ ਪੁਰਜੋਰ ਮੰਗ ਕੀਤੀ ਹੈ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media