ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ (ਰਜਿ:) ਅੰਮ੍ਰਿਤਸਰ ਦੀ ਸਲਾਨਾ ਮੀਟਿੰਗ ਹਰਭਜਨ ਸਿੰਘ
ਬਰਾੜ ਪ੍ਰਧਾਨ ਫਾਊਂਡੇਸ਼ਨ ਦੀ ਪ੍ਰਧਾਨਗੀ ਹੇਠ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਮੁੱਖ ਦਫ਼ਤਰ ਵਿਖੇ ਹੋਈ।ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪ੍ਰੋਫੈਸਰ ਬਾਵਾ ਸਿੰਘ ਚੀਮਾ ਸਾਬਕਾ ਵਾਈਸ ਚੇਅਰਮੈਨ ਨੈਸ਼ਨਲ ਘੱਟ ਗਿਣਤੀ ਕਮਿਸ਼ਨ, ਬਲਦੇਵ ਸਿੰਘ ਮਾਨ ਸਕਤਰ ਜਨਰਲ ਸਾਬਕਾ ਮੰਤਰੀ ਪੰਜਾਬ, ਮਨਜੀਤ ਸਿੰਘ ਬਿਲਾਸਪੁਰੀ ਵਿਧਾਇਕ, ਜਨਰਲ ਸਕੱਤਰ, ਐਡਵੋਕੇਟ ਮਹਿੰਦਰ ਸਿੰਘ ਰੁਮਾਣਾ ਕਾਨੂੰਨੀ ਸਲਾਹਕਾਰ, ਸਾਬਕਾ ਮੈਂਬਰ ਸ਼ੋ੍ਰਮਣੀ ਕਮੇਟੀ, ਮੀਡੀਆ ਸਲਾਹਕਾਰ ਦਿਲਜੀਤ ਸਿੰਘ ਬੇਦੀ, ਜਨਰਲ ਸਕੱਤਰ ਰਜਿੰਦਰ ਸਿੰਘ ਟੈਕਨੋ ਅਤੇ ਫਾਰਮਰ ਜਨਰਲ ਸਕੱਤਰ, ਦਿਲੀ ਸਿੱਖ ਗੁ: ਪ੍ਰਬੰਧਕ ਕਮੇਟੀ, ਸੁਰਿੰਦਰ ਸਿੰਘ ਘਰਿਆਲਾ (ਐਡਵੋਕੇਟ) ਕਾਨੂੰਨੀ ਸਲਾਹਕਾਰ, ਡਾ: ਜਸਬੀਰ ਕੌਰ ਸਕੱਤਰ, ਪ੍ਰੋ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸਤਨਾਮ ਸਿੰਘ ਉਪਲ, ਸਾਬਕਾ ਮੈਨੇਜਰ ਗੁ: ਸੀਸ ਗੰਜ ਸਾਹਿਬ ਦਿੱਲੀ ਨੇ ਸ਼ਿਰਕਤ ਕੀਤੀ।
ੀੲਕੱਤਰਤਾ ਵਿੱਚ ਹਾਜ਼ਰ ਫਾਊਂਡੇਸ਼ਨ ਦੇ ਵੱਖ-ਵੱਖ ਅਹੁੱਦੇਦਾਰਾਂ ਨਾਲ ਵਿਚਾਰ ਉਪਰੰਤ ਸਾਈਂ ਮੀਆਂ ਮੀਰ ਤੇ ਮੀਰੀ ਪੀਰੀ ਦੇ ਮਾਲਿਕ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਦੀ ਆਪਸੀ ਸਾਂਝ ਦੀ ਯਾਦ ਨੂੰ ਤਾਜਾ ਕਰਨ ਲਈ 5 ਦਿਨਾਂ ਚੇਤਨਾ ਮਾਰਚ ਕੱਢਣ ਲਈ ਅਹਿਮ ਫੈਸਲਾ ਲਿਆ ਗਿਆ। ਇਕੱਤਰਤਾ ਉਪਰੰਤ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਪੰਜ ਰੋਜ਼ਾ ਚੇਤਨਾ ਮਾਰਚ 13 ਅਕਤੂਬਰ ਤੋਂ 17 ਅਕਤੂਬਰ 2017 ਤੀਕ ਗੁਰੂ ਕੀ ਵਡਾਲੀ ਤੋਂ ਆਰੰਭ ਹੋ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਾਈਂ ਮੀਆਂ ਮੀਰ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਦੀ ਆਪਸੀ ਸਾਂਝ ਨੂੰ ਉਜਾਗਰ ਕਰੇਗਾ।ਉਨ੍ਹਾਂ ਦੱਸਿਆ ਕਿ 13 ਅਕਤੂਬਰ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪੂਰੇ ਜਾਹੋ ਜਲਾਲ ਅਤੇ ਸ਼ਾਨੋ ਸ਼ੌਕਤ ਨਾਲ ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਚੇਤਨਾ ਮਾਰਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰੂ ਕੀ ਵਡਾਲੀ ਤੋਂ ਆਰੰਭ ਹੋਵੇਗਾ।ਜਿਸ ਵਿੱਚ ਧਾਰਮਿਕ ਸਭਾ ਸੁਸਾਇਟੀਆਂ, ਜਥੇਬੰਦੀਆਂ, ਸਿੰਘ ਸਭਾਵਾਂ, ਗਤਕਾ ਪਾਰਟੀਆਂ ਸ਼ਾਮਿਲ ਹੋਣਗੀਆਂ।ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਜਗ੍ਹਾ-ਜਗ੍ਹਾ ਸੰਗਤਾਂ ਵੱਲੋਂ ਚਾਹ ਤੇ ਪ੍ਰਸ਼ਾਦੇ ਦੇ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਣਗੀਆਂ।
ਬੇਦੀ ਨੇ ਦਸਿਆ ਕਿ 13 ਅਕਤੂਬਰ ਦਿਨ ਸ਼ੁਕਰਵਾਰ ਨੂੰ ਇਹ ਨਗਰ ਕੀਰਤਨ ਗੁਰੂ ਕੀ ਵਡਾਲੀ ਤੋਂ ਸਵੇਰੇ 8-00 ਵਜੇ ਆਰੰਭ ਹੋਵੇਗਾ ਅਤੇ ਰਾਮੂਵਾਲਾ, ਝਬਾਲ, ਭਿਖੀਵਿੰਡ ਅਤੇ ਫ਼ਿਰੋਜਪੁਰ (ਵਾਇਆ ਕੋਟ ਬੁੱਢਾ ਆਰਿਫ ਕੇ) ਤੋਂ ਹੁੰਦਾ ਹੋਇਆ ਦੁਪਿਹਰ ਗੁਰਦੁਆਰਾ ਜਾਮਨੀ ਸਾਹਿਬ ਬਾਜੀਦਪੁਰ ਫ਼ਿਰੋਜਪੁਰ ਵਿਖੇ ਪੁੱਜੇਗਾ।ਉਪਰੰਤ ਫਰੀਦਕੋਟ, ਬਾਬਾ ਫਰੀਦ ਨਰਸਿੰਘ ਕਾਲਜ, ਤੋਂ ਬਰਗਾੜੀ, ਬਾਜਾਖਾਨਾ, ਬਠਿੰਡਾ ਰਾਹੀਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਰਾਤ ਦਾ ਪੜਾਅ ਕਰੇਗਾ।ਉਨ੍ਹਾਂ ਦੱਸਿਆ ਕਿ 14 ਅਕਤੂਬਰ ਨੂੰ ਸਵੇਰੇ 8-00 ਵਜੇ ਅਰਦਾਸ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਬਠਿੰਡਾ ਤੋਂ ਚੇਤਨਾ ਮਾਰਚ ਦੀ ਰਵਾਨਗੀ ਹੋਵੇਗੀ ਅਤੇ ਇਹ ਮਾਨਸਾ, ਫਫੜੇ, ਸੁਨਾਮ, ਛਾਜਲੀ, ਗੰਢੂਆਂ, ਗਾਗਾ, ਲੇਹਲ, ਦੇਹਲਾ, ਮੂਨਕ, ਹਮੀਰਗੜ੍ਹ, ਡੂਡੀਆਂ, ਪਾਤੜਾਂ ਅਤੇ ਸਮਾਣਾ ਤੋਂ ਹੁੰਦਾ ਹੋਇਆ ਰਾਤ ਘੜਾਮ (ਪੀਰ ਭੀਖਮ ਸ਼ਾਹ ਜੀ) ਵਿਖੇ ਪੜਾਅ ਕਰੇਗਾ।
ਤੀਸਰੇ ਦਿਨ 15 ਅਕਤੂਬਰ ਦਿਨ ਐਤਵਾਰ ਨੂੰ ਘੜਾਮ (ਪੀਰ ਭੀਖਮ ਸ਼ਾਹ ਜੀ) ਤੋਂ ਸਵੇਰੇ 8-00 ਵਜੇ ਰਵਾਨਗੀ ਉਪਰੰਤ ਚੇਤਨਾ ਮਾਰਚ ਪਟਿਆਲਾ, ਰੱਖੜਾ, ਨਾਭਾ, ਅਮਰਗੜ੍ਹ, ਮਾਲੇਰਕੋਟਲਾ ਅਤੇ ਧੂਰੀ ਤੋਂ ਹੁੰਦਾ ਹੋਇਆ ਗੁਰਦੁਆਰਾ ਜੋਤੀਸਰ ਸਾਹਿਬ, ਸੰਗਰੂਰ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ। ਇਸੇ ਤਰ੍ਹਾਂ 16 ਅਕਤੂਬਰ ਸੋਮਵਾਰ ਨੂੰ ਗੁਰਦੁਆਰਾ ਜੋਤੀਸਰ ਸਾਹਿਬ, ਸੰਗਰੂਰ ਤੋਂ ਸਵੇਰੇ 8-00 ਵਜੇ ਚੱਲ ਕੇ ਮਸਤੂਆਣਾ, ਬਡਬਰ, ਧਨੌਲਾ, ਬਰਨਾਲਾ, ਸ਼ੇਰਪੁਰ, ਅਹਿਮਦਗੜ੍ਹ, ਆਲਮਗੀਰ ਤੋਂ ਹੁੰਦਾ ਹੋਇਆ ਰਾਏਕੋਟ, ਜਗਰਾਓਂ ਅਤੇ ਰਾਤ ਦਾ ਨਾਨਕਸਰ, ਜਗਰਾਓਂ ਵਿਖੇ ਕਰੇਗਾ।
ਬੇਦੀ ਨੇ ਦਸਿਆ ਕਿ 17 ਅਕਤੂਬਰ 2017 ਮੰਗਲਵਾਰ ਨੂੰ ਸੰਗਤਾਂ ਗੁਰੂ ਜੱਸ ਗਾਉਂਦੀਆਂ ਨਾਨਕਸਰ ਤੋਂ ਚਾਲੇ ਪਾ ਕੇ ਇਸ ਵਿਸ਼ਾਲ ਚੇਤਨਾ ਮਾਰਚ ਨਾਲ ਗਾਲਿਬ ਕਲਾਂ, ਕੋਕਰੀ, ਜਲਾਲਾਬਾਦ, ਧਰਮਕੋਟ, ਫਤਹਿਗੜ੍ਹ ਪੰਜਤੂਰ, ਜੋਗੇਵਾਲਾ, ਮਖੂ, ਹਰੀਕੇ, ਬੂਹ, ਪੱਟੀ, ਕੱਚਾ-ਪੱਕਾ, ਦਿਆਲਪੁਰਾ, ਭਿਖੀਵਿੰਡ, ਝਬਾਲ, ਗੰਡੀਵਿੰਡ ਸਰਾਂ, ਪੱਕਾ ਪਿੰਡ (ਮਿੱਠਾਸਰ) ਤੋਂ ਅਟਾਰੀ ਸਰਹੱਦ `ਤੇ ਪੁੱਜ ਕੇ ਅਰਦਾਸ ਵਿੱਚ ਸ਼ਾਮਿਲ ਹੋਣਗੀਆਂ।ਇਸ ਉਪਰੰਤ ਖਾਸਾ ਚੌਂਕ ਅਤੇ ਨਰਾਇਣਗੜ੍ਹ ਚੌਂਕ ਤੋਂ ਹੁੰਦਿਆਂ ਹੋਇਆਂ ਇਹ ਚੇਤਨਾ ਮਾਰਚ ਦੀ ਸਮਾਪਤੀ ਦੀ ਅਰਦਾਸ ਗੁਰਦੁਆਰਾ ਸਿੰਘ ਸਭਾ, ਭੱਲਾ ਕਲੌਨੀ, ਛੇਹਰਟਾ ਵਿਖੇ ਹੋਵੇਗੀ ਉਪਰੰਤ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media