ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੁੱਚਾ ਸਿੰਘ ਲੰਗਾਹ ਮਾਮਲੇ ਪ੍ਰਤੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਜ ਤਖ਼ਤ ਸਾਹਿਬਾਨ ਦੇ
ਜਥੇਦਾਰ ਸਾਹਿਬਾਨਾਂ ਦੀ ਹੰਗਾਮੀ ਇਕੱਤਰਤਾ 5 ਅਕਤੂਬਰ 2017 ਦਿਨ ਵੀਰਵਾਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਈ ਗਈ ਹੈ।ਜਿਸ ਵਿਚ ਧਾਰਮਿਕ ਮਾਮਲਿਆਂ ਪ੍ਰਤੀ ਗਠਿਤ ਕੀਤੀ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਪ੍ਰਾਪਤ ਕਰਨ ਉਪਰੰਤ ਇਸ ਗੰਭੀਰ ਮਾਮਲੇ ‘ਤੇ ਵਿਚਾਰ ਕਰਦਿਆਂ ਉਕਤ ਘਟਨਾ ਪ੍ਰਤੀ ਦੋਸ਼ੀ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਸੰਕੇਤ ਵੀ ਦਿੱਤੇ ਹਨ
ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਪਿਛਲੇ ਕਈ ਦਿਨਾਂ ਤੋਂ ਉਤਰਖੰਡ ਵਿਖੇ ਪ੍ਰਚਾਰ ਦੌਰੇ `ਤੇ ਗਏ ਹੋਏ ਸਨ, ਨੇ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਪ੍ਰੈਸ ਨੋਟ ਜਾਰੀ ਕਰਵਾ ਕੇ ਕਿਹਾ ਕਿ ਸਿੱਖ ਪੰਥ ਦੀ ਸਿਰਮੌਰ ਨੁਮਾਇੰਦਾ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਜੋ ਸੰਸਾਰ ਭਰ ਵਿਚ ਸਿੱਖ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ, ਦੇ ਸਤਿਕਾਰਤ ਅਹੁੱਦੇ ਅਤੇ ਪੰਥਕ ਸਰਕਾਰ ਵਿੱਚ ਜਿੰਮੇਵਾਰੀਆਂ ਨਿਭਾਅ ਚੁੱਕੇ ਸੁੱਚਾ ਸਿੰਘ ਲੰਗਾਹ ਦੀ ਪਿਛਲੇ ਦਿਨੀ ਸ਼ੋਸਲ ਮੀਡੀਆ ‘ਤੇ ਅਤਿ ਨਿੰਦਣਯੋਗ ਅਤੇ ਗੈਰ-ਇਖਲਾਕੀ ਵਾਇਰਲ ਹੋਈ ਵੀਡੀਓ ਦਾ ਗੰਭੀਰ ਨੋਟਿਸ ਲੈਂਦਿਆਂ ਉਸ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਵੱਡੇ ਅਹੁੱਦਿਆਂ ‘ਤੇ ਰਹਿੰਦੇ ਹੋਏ ਸੁੱਚਾ ਸਿੰਘ ਲੰਗਾਹ ਨੇ ਅਜਿਹੀ ਘਟੀਆ ਹਰਕਤ (ਬੱਜ਼ਰ ਕੁਰਹਿਤ) ਕਰਕੇ ਜਿਥੇ ਸਮਾਜਿਕ ਤੇ ਪੰਥਕ ਹਲਕਿਆਂ ਵਿਚ ਬਦਨਾਮੀ ਕਰਵਾਈ ਹੈ, ਓਥੇ ਹੀ ਉਸ ਨੇ ਸਿੱਖ ਰਹਿਤ ਮਰਿਯਾਦਾ ਦੇ ਅਸੂਲਾਂ ਖਿਲਾਫ਼ ਕੀਤੀ ਅਜਿਹੀ ਕਾਰਵਾਈ ਨਾਲ ਸਿੱਖੀ ਅਸੂਲਾਂ ਦਾ ਘਾਣ ਵੀ ਕੀਤਾ ਹੈ।ਸੰਸਾਰ ਭਰ ਵਿਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋਂ ਇਸ ਘਟਨਾ ਦੀ ਜਿੰਨੀ ਵੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਓਨ੍ਹੀ ਹੀ ਥੋੜੀ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿਚ ਜਿਸ ਕਿਸੇ ਨੇ ਵੀ ਕੋਈ ਅਜਿਹੀ ਘਿਨਾਉਣੀ ਹਰਕਤ ਜਿਸ ਵਿੱਚ ਸਿੱਖੀ ਦੇ ਅਸੂਲਾਂ ਨੂੰ ਸੱਟ ਵੱਜਦੀ ਹੋਵੇ ਪੰਥ ਨੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਅਤੇ ਉਸ ਨੂੰ ਢੁੱਕਵੀਂ ਸਜ਼ਾ ਦਿੱਤੀ ਹੈ।ਅਜਿਹੇ ਅਨਸਰ ਜੋ ਸਿੱਖੀ ਪੁਰ ਕਲੰਕ ਹੋਣ ਉਨ੍ਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Check Also
ਕਰਮਜੀਤ ਰਿੰਟੂ ਨੇ ਰਾਮਨਗਰ ਪੰਚਾਇਤ ‘ਚ ਸੜਕਾਂ ਤੇ ਗਲੀਆਂ ਬਣਾਉਣ ਦੇ ਕਾਰਜ਼ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ …
Punjab Post Daily Online Newspaper & Print Media