ਸਰਕਾਰ ਦੀ ਹਰ ਸਹੂਲਤ ਲੋਕਾਂ ਤੱਕ ਪਹੁੰਚਾਉਣਾ ਪਹਿਲੀ ਜਿੰਮੇਵਾਰੀ- ਸਿਮਰਤ ਖੰਗੂੜਾ
ਧੂਰੀ, 6 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ `ਤੁਹਾਡਾ ਵਿਧਾਇਕ ਤੁਹਾਡੇ ਘਰ` ਮੁਹਿੰਮ ਤਹਿਤ ਸ਼ੁਰੂ ਕੀਤੇ ਗਏ ਪਿੰਡਾਂ ’ਚ ਪੈਨਸ਼ਨ ਕੈਂਪ ਲਗਾਉਣ ਦੀ ਮੁਹਿੰਮ ਤਹਿਤ ਅੱਜ ਪਿੰਡ ਈਸਾਪੁਰ, ਫ਼ਰਵਾਹੀ, ਰੂੜਗੜ, ਚਾਂਗਲੀ, ਕਲੇਰਾਂ, ਘਨੌਰੀ ਕਲਾਂ, ਘਨੌਰ ਖੁਰਦ, ਘਨੌਰ ਕਲਾਂ ਵਿਖੇ ਬੁਢਾਪਾ, ਵਿਧਵਾ, ਅੰਗਹੀਣ ਅਤੇ ਨਿ:ਆਸ਼ਰਿਤ ਲੋੜਵੰਦ ਔਰਤਾਂ ਦੇ ਕਰੀਬ 450 ਪੈਨਸ਼ਨ ਫ਼ਾਰਮ ਭਰੇ ਗਏ।ਇੰਨਾਂ ਕੈਂਪ ’ਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸ੍ਰੀਮਤੀ ਸਿਮਰਤ ਖੰਗੂੜਾ ਨੇ ਸ਼ਿਰਕਤ ਕਰਦਿਆਂ ਜਿੱਥੇ ਪੈਨਸ਼ਨ ਕੈਪਾਂ ਦਾ ਜਾਇਜ਼ਾ ਲਿਆ, ਉਥੇ ਲੋਕਾਂ ਨੂੰ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀ ਹਰ ਸਹੂਲਤ ਨੂੰ ਲੋਕਾਂ ਤੱਕ ਪਹੁੰਚਾਉਣਾ ਸਾਡੀ ਪਹਿਲੀ ਜਿੰਮੇਵਾਰੀ ਹੈ, ਜਿਸ ਲਈ ਸਾਡੇ ਵਲੋਂ ਹਰ ਪਿੰਡ ਪਿੰਡ ’ਚ ਇਹ ਪੈਨਸ਼ਨ ਕੈਂਪ ਲਗਾ ਕੇ ਲੋਕਾਂ ਦੇ ਕੰਮ ਲੋਕਾਂ ਦੇ ਘਰਾਂ ’ਚ ਹੀ ਬਗੈਰ ਖੱਜ਼ਲ ਖੁਆਰੀ ਤੋਂ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਚੋਣਾਂ ਵਿੱਚ ਅਸੀਂ ਜੋ ਵੀ ਵਾਅਦੇ ਕੀਤੇ ਸਨ, ਉਹ ਸਭ ਪੂਰੀ ਕੀਤੇ ਜਾਣਗੇ, ਮਹਿਜ਼ ਕੁੱਝ ਸਮੇਂ ਦੇ ਕਾਰਜਕਾਲ ਦੌਰਾਨ ਹੀ ਹਲਕੇ ਦੇ ਕਈ ਰੁਕੇ ਪਏ ਕੰਮਾ ਨੂੰ ਕਰਵਾਇਆ ਜਾ ਚੁੱਕਾ ਹੈ।ਸਿਮਰਤ ਖੰਗੂੜਾ ਨੇ ਕਿਹਾ ਕਿ ਹਲਕਾ ਪੱਧਰੀ ਦਫਤਰ ਧੂਰੀ ਦੀ ਪੁਰਾਣੀ ਅਨਾਜ ਮੰਡੀ ’ਚ ਸਥਾਪਿਤ ਕੀਤਾ ਗਿਆ ਹੈ, ਜਿਥੇ ਲੋਕਾਂ ਦੀ ਹਰ ਮੁਸ਼ਕਲ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਦਾ ਹਰ ਉਪਰਾਲਾ ਕੀਤਾ ਜਾਂਦਾ ਹੈ।
ਇਸ ਮੌਕੇ ਵੀਰਪ੍ਰਤਾਪ ਸਿੰਘ ਕਾਕਾ ਤੂਰ, ਗੁਰਪਿਆਰ ਸਿੰਘ, ਰੇਸ਼ਮ ਸਿੰਘ, ਨਜ਼ੀਰ ਖਾਂ ਘਨੌਰ, ਸਰਪੰਚ ਗੁਰਿੰਦਰ ਸਿੰਘ, ਰਤਨ ਸੋਨੀ ਘਨੌਰ, ਪ੍ਰਦੀਪ ਸਿੰਘ ਚਾਂਗਲੀ, ਗੁਰਪ੍ਰੀਤ ਸਿੰਘ ਭੁੱਲਰਹੇੜੀ ਆਦਿ ਵੀ ਹਾਜਰ ਸਨ।
Punjab Post Daily Online Newspaper & Print Media