ਜਿਲੇ ਵਿਚ ਪ੍ਰੋਸੈਸਿੰਗ ਸਨਅਤ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰਾਂਗੇ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਹਲਕਾ ਰਾਜਾਸਾਂਸੀ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨ ਖੁਦਕੁਸ਼ੀਆਂ ਬਾਰੇ ਬਣਾਈ ਗਈ ਕਮੇਟੀ ਦੇ ਚੇਅਰਮੈਨ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਖੇਤੀ ਖੇਤਰ ਨੂੰ ਬਚਾਉਣ ਲਈ ਸਹਿਕਾਰੀ ਸੁਸਾਇਟੀਆਂ ਦੇ ਆਰਥਿਕ ਅਤੇ ਸਾਧਾਨਾਂ ਦੇ ਤੌਰ ’ਤੇ ਮਜ਼ਬੂਤ ਹੋਣ ਨੂੰ ਜ਼ਰੂਰੀ ਕਰਾਰ ਦਿੰਦੇ ਐਲਾਨ ਕੀਤਾ ਕਿ ਜਿਲੇ ਵਿਚ ਸਹਿਕਾਰਤਾ ਲਹਿਰ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਇਸ ਦੀ ਸ਼ੁਰੂਆਤ ਰਾਜਾਸਾਂਸੀ ਹਲਕੇ ਤੋਂ ਕੀਤੀ ਜਾਵੇਗੀ।ਅੱਜ ਕੁਕੜਾਂਵਾਲਾ ਵਿਖੇ ਲਗਾਏ ਗਏ ਕਿਸਾਨ ਮੇਲੇ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਸਰਕਾਰੀਆ ਨੇ ਕਿਹਾ ਕਿ ਮੈਂ ਪੰਜਾਬ ਦੇ ਲਗਭਗ ਹਰ ਜਿਲੇ ਵਿਚ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਿਆ ਹਾਂ ਅਤੇ ਇਹ ਮਹਿਸੂਸ ਕੀਤਾ ਹੈ ਕਿ ਕਿਸਾਨ ’ਤੇ ਕਰਜੇ ਦੀ ਪੰਡ ਵੱਧਣ ਦਾ ਵੱਡਾ ਕਾਰਨ ਨਵੀਂ ਖੇਤੀ ਮਸ਼ਿਨਰੀ ਹੈ।ਉਨਾਂ ਕਿਹਾ ਕਿ ਫਸਲਾਂ ਦੇ ਭਾਅ ਕਿਸਾਨ ਦੀ ਲਾਗਤ ਮੁਤਾਬਿਕ ਨਹੀਂ ਵਧੇ, ਜਦਕਿ ਖੇਤੀ ਮਸ਼ੀਨਰੀ, ਖਾਦਾਂ, ਦਵਾਈਆਂ, ਬੀਜ, ਤੇਲ ਆਦਿ ਵਿਚ ਤੇਜੀ ਨਾਲ ਵਾਧਾ ਹੋਣ ਕਾਰਨ ਕਿਸਾਨ ਦੀ ਲਾਗਤ ਵੱਧ ਗਈ ਅਤੇ ਕਮਾਈ ਘੱਟ ਗਈ। ਉਨਾਂ ਕਿਹਾ ਕਿ ਜੇਕਰ ਕਿਸਾਨ ਸਹਿਕਾਰੀ ਸੁਸਾਇਟੀਆਂ ਵਿਚ ਵੱਡੇ ਖੇਤੀ ਸੰਦ ਲੈਣ ਤਾਂ ਉਨਾਂ ਦੀ ਕਮਾਈ ਦਾ ਵੱਡਾ ਹਿੱਸਾ ਬਚ ਸਕਦਾ ਹੈ।
ਉਨਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਜੋ ਵਾਅਦਾ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਕੀਤਾ ਗਿਆ ਹੈ, ਉਹ ਹਰ ਹਾਲ ਵਿਚ ਪੂਰਾ ਹੋਵੇਗਾ ਅਤੇ ਇਸ ਦਾ ਕੰਮ ਅੰਤਿਮ ਪੜਾਅ ’ਤੇ ਚੱਲ ਰਿਹਾ ਹੈ।ਸਰਕਾਰੀਆ ਨੇ ਕਿਹਾ ਕਿ ਕਿਸਾਨਾਂ ਨੂੰ ਬਾਸਮਤੀ ਦਾ ਇਸ ਵਾਰ ਦੁੱਗਣਾ ਮੁੱਲ ਮਿਲ ਰਿਹਾ ਹੈ, ਜਿਸ ਨਾਲ ਕਿਸਾਨ ਨੂੰ ਪ੍ਰਤੀ ਏਕੜ 30 ਹਜ਼ਾਰ ਰੁਪਏ ਤੋਂ ਵੱਧ ਦਾ ਫਾਇਦਾ ਹੋਇਆ ਹੈ।
ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਿਲੇ ਵਿਚ ਪ੍ਰੋਸੈਸਿੰਗ ਸਨਅਤ ਵਿਕਸਤ ਕਰਨ ਦਾ ਵਾਅਦਾ ਕਿਸਾਨਾਂ ਨਾਲ ਕੀਤਾ ਅਤੇ ਕਿਹਾ ਕਿ ਉਹ ਇਸ ਲਈ ਦੇਸ਼ ਦੇ ਨਾਮਵਰ ਸਨਅਤੀ ਘਰਾਣਿਆਂ ਨਾਲ ਕਿਸਾਨਾਂ ਦੀ ਮੀਟਿੰਗ ਕਰਵਾਉਣਗੇ, ਤਾਂ ਜੋ ਕਿਸਾਨ ਨੂੰ ਫਸਲਾਂ ਦਾ ਪੂਰਾ ਮੁੱਲ ਮਿਲ ਸਕੇ। ਉਨਾਂ ਕਿਹਾ ਕਿ ਕਿਸਾਨ ਪੈਦਾ ਤਾਂ ਸਭ ਕੁੱਝ ਕਰ ਸਕਦਾ ਹੈ, ਪਰ ਮੰਡੀ ਵਿਚ ਮਾਰ ਖਾਂਦਾ ਹੈ।ਸੰਘਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫਸਲਾਂ ਦੇ ਐਕਸਪੋਰਟ ਨੂੰ ਧਿਆਨ ਵਿਚ ਰੱਖਦੇ ਹੋਏ ਮਾਹਿਰਾਂ ਦੀ ਰੈਅ ਨਾਲ ਹੀ ਖਾਦ ਤੇ ਦਵਾਈ ਦੀ ਵਰਤੋਂ ਕਰਨ, ਤਾਂ ਜੋ ਫਸਲ ਦਾ ਪੂਰਾ ਮੁੱਲ ਮਿਲ ਸਕੇ।ਉਨਾਂ ਕਿਸਾਨਾਂ ਨੂੰ ਸੰਜਮ ਤੋਂ ਕੰਮ ਲੈ ਕੇ ਖੇਤੀ ਖਰਚ ਘੱਟ ਕਰਨ, ਫਜ਼ੂਰ ਖਰਚਿਆਂ ਤੋਂ ਬਚਣ ਅਤੇ ਬੱਚਿਆਂ ਦੀ ਪੜਾਈ ਵੱਲ ਵੱਧ ਧਿਆਨ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਖੇਤੀਬਾੜੀ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਪਰਾਲੀ ਨੂੰ ਖੇਤਾਂ ਵਿਚ ਸਾਂਭਣ ਦੀ ਲੋੜ ’ਤੇ ਜੋਰ ਦਿੰਦੇ ਦੱਸਿਆ ਕਿ ਵਿਭਾਗ ਨੇ ਹਾੜੀ ਦੀਆਂ ਫਸਲਾਂ ਲਈ ਖਾਦਾਂ ਦੇ ਪ੍ਰਬੰਧ ਕਰ ਲਏ ਹਨ, ਪਰ ਜੇਕਰ ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਖੇਤਾਂ ਵਿਚ ਹੀ ਮਿਲਾਉਣ ਲੱਗ ਜਾਣ ਤਾਂ ਇੰਨਾਂ ਦੀ ਖਾਦ ਦਾ ਖਰਚ ਅੱਧਾ ਰਹਿ ਜਾਵੇਗਾ। ਮੁੱਖ ਖੇਤੀਬਾੜੀ ਅਧਿਕਾਰੀ ਦਲਬੀਰ ਸਿੰਘ ਛੀਨਾ ਨੇ ਇਸ ਮੌਕੇ ਆਏ ਮਹਿਮਾਨਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਹਰਵੰਤ ਸਿੰਘ ਡਿਪਟੀ ਡਾਇਰੈਕਟਰ ਖੇਤੀ, ਅਰਵਿੰਦਰ ਸਿੰਘ ਛੀਨਾ, ਭੁਪਿੰਦਰ ਸਿੰਘ ਢਿਲੋਂ ਡਿਪਟੀ ਡਾਇਰੈਕਟਰ, ਹਰਸ਼ਨਰਜੀਤ ਸਿੰਘ ਛੀਨਾ ਤੇ ਬਾਜ਼ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਨਰਿੰਦਰਪਾਲ ਸਿੰਘ ਸੰਧੂ, ਡਾ. ਮਸਤਿੰਦਰ ਸਿੰਘ, ਸਤਵਿੰਦਰ ਸਿੰਘ ਸੰਧੂ, ਸੁਖਬੀਰ ਸਿੰਘ ਸੰਧੂ ਅਤੇ ਹੋਰ ਅਧਿਕਾਰੀਆਂ ਨੇ ਵੀ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਬਾਰੇ ਗੁਰ ਦਿੱਤੇ।
Punjab Post Daily Online Newspaper & Print Media