ਛੀਨਾ ਦੀ ਮੌਜ਼ੂਦਗੀ ’ਚ ਪ੍ਰਿੰ: ਗਿੱਲ ਨੇ ਸੰਭਾਲਿਆ ਕਾਰਜਕਾਰ
ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਆਨੇਰਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਅੱਜ ਅਮਰਜੀਤ ਸਿੰਘ ਗਿੱਲ ਨੂੰ ਖਾਲਸਾ ਕਾਲਜ ਪਬਲਿਕ ਸਕੂਲ ਦੇ ਨਵੇਂ ਪ੍ਰਿੰਸੀਪਲ ਵਜੋਂ ਕਾਰਜਭਾਰ ਸੌਂਪਿਆ।ਗਿੱਲ ਨੂੰ ਸਾਬਕਾ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਵੱਲੋਂ ਅਸਤੀਫ਼ਾ ਦੇਣ ਉਪਰੰਤ ਖ਼ਾਲੀ ਪਏ ਇਸ ਅਹੁੱਦੇ ’ਤੇ
ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਛੀਨਾ ਨੇ ਪ੍ਰਿੰਸੀਪਲ ਗਿੱਲ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਗਿੱਲ ਜੋ ਕਿ ਵੱਖੋ-ਵੱਖਰੇ ਕੇਂਦਰੀ ਵਿਦਿਆਲਯ ਸਕੂਲਾਂ ’ਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਕੇਂਦਰੀ ਵਿਦਿਆਲਯ ਸੰਗਠਨ ਦੇ ਰਿਜ਼ਨਲ ਆਫ਼ਿਸ ਜੰਮੂ ਤੋਂ ਬਤੌਰ ਅਸਿਸਟੈਂਟ ਕਮਿਸ਼ਨਰ ਦੇ ਅਹੁੱਦੇ ਤੋਂ ਸੇਵਾਮੁਕਤ ਹੋਏ ਹਨ।ਉਨ੍ਹਾਂ ਕਿਹਾ ਕਿ ਗਿੱਲ ਦੇ ਖ਼ਾਲਸਾ ਕਾਲਜ ਪਬਲਿਕ ਸਕੂਲ ਨਾਲ ਜੁੜਣ ’ਤੇ ਸੰਸਥਾ ਨੂੰ ਇਨ੍ਹਾਂ ਦੇ ਵਿੱਦਿਅਕ ਅਤੇ ਅਕਾਦਮਿਕ ਤਜ਼ਰਬੇ ਦਾ ਲਾਭ ਮਿਲੇਗਾ।
ਇਸ ਮੌਕੇ ਨਵਨਿਯੁੱਕਤ ਪ੍ਰਿੰਸੀਪਲ ਗਿੱਲ ਨੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਛੀਨਾ ਦਾ ਧੰਨਵਾਦ ਕੀਤਾ।ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਗੁਨਬੀਰ ਸਿੰਘ, ਸਰਦੂਲ ਸਿੰਘ ਮੰਨਨ, ਅਜ਼ਮੇਰ ਸਿੰਘ ਹੇਰ, ਮੈਂਬਰ ਪ੍ਰਿੰਸੀਪਲ ਜਗਦੀਸ਼ ਸਿੰਘ ਵੀ ਮੌਜ਼ੂਦ ਸਨ ।
Punjab Post Daily Online Newspaper & Print Media