ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਗੁਰਪੁਰਵਾਸੀ ਗਿਆਨੀ ਚੇਤ ਸਿੰਘ ਦੀ ਸਲਾਨਾ ਯਾਦ ਅੱਜ ਉਨ੍ਹਾਂ ਦੀ ਅਜੀਤ ਨਗਰ ਸਥਿਤ ਰਿਹਾਇਸ਼ ਵਿਖੇ ਮਨਾਈ ਗਈ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜੂੁਰੀ ਰਾਗੀ ਜਥਿਆਂ ਨੇ ਗੁਰਬਾਣੀ ਦੇ ਇਲਾਹੀ ਕੀਰਤਨ ਦੀ ਛਹਿਬਰ ਲਾਈ।1944 ਤੋਂ 1982 ਤੱਕ ਤਕਰੀਬਨ 38 ਸਾਲ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ੳਤੇ ਧਰਮ ਪਰਚਾਰ ਕਮੇਟੀ ਦੇ ਪ੍ਰਮੁੱਖ ਦੀ ਸੇਵਾ ਨਿਭਾਉਂਦਿਆਂ ਤਕਰੀਬਨ 35-40 ਹਜਾਰ ਪ੍ਰਾਣੀਆਂ ਨੂੰ ਖੰਡੇ ਬਾਾਟੇ ਦੀ ਪਹੁੱਲ ਛਕਾ ਕੇ ਸਿੱਖੀ ਨਾਲ ਜੋੜਿਆ।ਸੰਤ ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੰਘ ਵਲੋਂ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਿੱਛੇ ਹਟੇ ਮਾਸਟਰ ਤਾਰਾ ਸਿੰਘ ਸਮੇਤ 21 ਮੈਂਬਰੀ ਕਮੇਟੀ ਨੂੰ ਤਨਖਾਹ ਲਾਉਣ ਦਾ ਕਾਰਜ ਵੀ ਗਿਆਨੀ ਚੇਤ ਸਿੰਘ ਨੇ ਕੀਤਾ।
ਗਿਆਨੀ ਚੇਤ ਸਿੰਘ ਦੀ ਪੰਥ ਨੂੰ ਦੇਣ ਦਾ ਜਿਕਰ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਦਮਦਮੀ ਟਕਸਾਲ ਵਲੋਂ ਮੰਗਲਾਚਰਣ ਦਾ ਵਿਵਾਦ ਪੈਦਾ ਕਰਨ ਤੇ ਗਿਆਨੀ ਚੇਤ ਸਿੰਘ ਨੇ ਇਹ ਕਹਿ ਕੇ ਸੁਲਝਾ ਦਿੱਤਾ ਸੀ ਕਿ ‘ਉਨਾਂ ਨੇ ਵੀ ਸੰਤ ਸੁੰਦਰ ਸਿੰਘ ਭਿੰਡਰਾਵਾਲਿਆਂ ਪਾਸੋਂ ਸਿੱਖਿਆ ਲਈ ਹੈ ਉਨ੍ਹਾਂ ਤਾਂ ਕਦੇ ਅਜੇਹੀ ਗੱਲ ਨਹੀ ਕੀਤੀ’।ਬੁਲਾਰਿਆ ਨੇ ਦੱਸਿਆ ਕਿ ਸੰਤ ਗਿਆਨੀ ਸੁੰਦਰ ਸਿੰਘ ਭਿੰਡਰਾਵਾਲਿਆਂ ਦੀ ਮੌਜੂਦਗੀ ਵਿੱਚ ਤਿੰਨ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਕਥਾ ਸੰਪੂਰਣ ਕਰਨ ਵਾਲੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਬਣੇ ਗਿਆਨੀ ਚੇਤ ਸਿੰਘ ਸਨ।ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਮਰਿਆਦਾ ਪੱਖੋਂ ਨਿਰਵਿਵਾਦ ਚਲਾਉਣਾ ਵੀ ਗਿਆਨੀ ਚੇਤ ਸਿੰਘ ਹੁਰਾਂ ਦੇ ਨਾਮ ਹੀ ਰਿਹਾ ਹੈ ਕਿਉਂਕਿ ਉਹ ਹਰ ਫੈਸਲਾ ਲੈਣ ਮੌਕੇ ਨਿਰਪੱਖ ਅਤੇ ਸਪੱਸ਼ਟਵਾਦੀ ਹੋ ਕੇ ਵਿਚਰਦੇ ਸਨ।
ਬੀਬੀ ਜਗੀਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਿਆਨੀ ਚੇਤ ਸਿੰਘ, ਸੰਤ ਬਾਬਾ ਪਰੇਮ ਸਿੰਘ ਮੁਰਾਲੇ ਵਾਲੇ ਨੂੰ ਆਪਣਾ ਧਾਰਮਿਕ ਰਹਿਬਰ ਕਹਿੰਦੇ ਸਨ।ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਆਪਣੀ ਜਿੰਮੇਵਾਰੀ ਨਿਭਾਉਂਦਿਆਂ ਦ੍ਰਿੜ ਸੰਕਲਪ ਹੁੰਦੇ ਸਨ ਇਹ ਕਿਸੇ ਪਾਸੋਂ ਲੁਕਿਆ ਤੱਥ ਨਹੀ ਹੈ।ਇਸ ਸਮਾਗਮ ਵਿੱਚ ਪੰਥ ਪ੍ਰਸਿੱਧ ਕਥਾਵਾਚਕ ਗੌਹਰ-ਏ ਮਸਕੀਨ ਭਾਈ ਰਣਜੀਤ ਸਿੰਘ,ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਾਬਕਾ ਕਾਂਗਰਸੀ ਮੰਤਰੀ ਪ੍ਰੋ: ਦਰਬਾਰੀ ਲਾਲ, ਸ਼੍ਰੋਮਣੀ ਕਮੇਟੀ ਸਕੱਤਰ ਡਾ: ਰੂਪ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਹਾਜਰ ਸਨ।ਗਿਆਨੀ ਚੇਤ ਸਿੰਘ ਦੇ ਸਪੁੱਤਰ ਤਰਲੋਚਨ ਸਿੰਘ, ਇੰਦਰਜੀਤ ਸਿੰਘ ਵਲੋਂ ਪੁੱਜੀਆਂ ਧਾਰਮਿਕ, ਸਮਾਜਿਕ, ਰਾਜਨੀਤਕ ਸ਼ਖਸ਼ੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।ਗੁਰੁ ਕਾ ਲੰਗਰ ਅਟੁੱਟ ਵਰਤਿਆ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media