ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਨੂੰ ਕੋਈ ਏਨਾ ਕਮਜ਼ੋਰ ਨਾ ਸਮਝੇੇ ਕਿ ਕਿਰਪਾਨਾਂ ਲਹਿਰਾ ਕੇ ਜਾਂ ਹੁਲੜਬਾਜ਼ੀ ਕਰਕੇ ਇਸ `ਤੇ ਕਬਜ਼ਾ ਕਰ ਲਿਆ ਜਾਵੇਗਾ।ਇਹ ਵਿਚਾਰ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਜਾਰੀ ਇੱਕ ਬਿਆਨ ਰਾਹੀਂ ਪ੍ਰਗਟ ਕੀਤੇ ਹਨ। ਉਨਾਂ ਕਿਹਾ ਕਿ ਆਪੂ ਬਣੇ ਜਥੇਦਾਰਾਂ ਵੱਲੋਂ ਪਿਛਲੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਖਿਲਾਫ ਕੀਤੀ ਗਈ ਕਾਰਵਾਈ ਤੋਂ ਇਲਾਵਾ ਸਿੱਖ ਪ੍ਰੰਪਰਾਵਾਂ, ਮਾਣ ਮਰਯਾਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਏ ਜਾਂਦੇ ਫੈਸਲਿਆਂ ਦੇ ਵਿਧੀ ਵਿਧਾਨ ਨੂੰ ਸੱਟ ਮਾਰਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ।
ਭਾਈ ਚਾਵਲਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੁੱਚੀ ਮਾਨਵਤਾ ਦੀ ਸ਼ਰਧਾ ਦਾ ਕੇਂਦਰ ਹੈ ਅਤੇੇ ਸਿੱਖ ਸੰਗਤਾਂ ਤੋਂ ਇਲਾਵਾ ਵੱਖ-ਵੱਖ ਖਿੱਤਿਆਂ ਤੇ ਵੱਖ ਵੱਖ ਧਰਮਾਂ ਦੇ ਵੱਡੀ ਗਿਣਤੀ ਵਿਚ ਲੋਕ ਇਥੇ ਨਤਮਸਤਕ ਹੋਣ ਆਉਂਦੇ ਹਨ।ਪ੍ਰੰਤੂ ਪਿਛਲੇ ਦਿਨੀਂ ਆਪ ਬਣੇ ਜਥੇਦਾਰਾਂ ਦੇ ਆਪਹੁਦਰੇਪਨ ਤੇ ਦਰਬਾਰ ਸਾਹਿਬ ਸਮੂਹ ਅੰਦਰ ਕੀਤੀ ਹੁੱਲੜਬਾਜੀ ਦੇ ਕਰਕੇ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ ਅਤੇ ਡਰ ਤੇ ਸਹਿਮ ਵਾਲਾ ਮਾਹੌਲ ਬਣਿਆ ਹੈ।ਭਾਈ ਚਾਵਲਾ ਨੇ ਪੰਥ ਵਿਰੋਧੀ ਚਾਲਾਂ ਚੱਲਣ ਵਾਲੇ ਇਨ੍ਹਾਂ ਲੋਕਾਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਮਾਤ ਹੈ ਅਤੇ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਸਮੇਤ ਸਮੁੱਚੇ ਪ੍ਰਬੰਧ ਦੀ ਜਿੰਮੇਵਾਰੀ ਇਸ ਨੂੰ ਸੌਂਪੀ ਹੈ।ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਆਪਣੀ ਜਿੰਮੇਵਾਰੀ ਤੇ ਫਰਜ਼ਾਂ ਦਾ ਪੂਰੀ ਤਰ੍ਹਾਂ ਅਹਿਸਾਸ ਹੈ।ਉਨ੍ਹਾਂ ਨੇ ਕਿਹਾ ਕਿ ਇਸ ਅਸਥਾਨ ਦੇ ਅਦਬ ਅਤੇ ਸਤਿਕਾਰ ਦੇ ਨਾਲ ਨਾਲ ਇਥੋਂ ਦੀ ਮਾਣ ਮਰਯਾਦਾ ਨੂੰ ਕਾਇਮ ਰੱਖਣਾ ਸ਼੍ਰੋਮਣੀ ਕਮੇਟੀ ਦੀ ਜਿੰਮੇਵਾਰੀ ਹੈ ਅਤੇ ਕੋਈ ਕਿਰਪਾਨਾਂ ਲਹਿਰਾ ਕੇ ਜਾਂ ਹੁਲੜਬਾਜੀ ਕਰ ਕੇ ਇਸ ਗੱਲ ਦਾ ਭੁਲੇਖਾ ਨਾ ਖਾਵੇ ਕਿ ਉਹ ਇਥੇ ਕਾਬਜ ਹੋ ਜਾਣਗੇ।ਉਨ੍ਹਾਂ ਕਿਹਾ ਕਿ ਸੰਗਤਾਂ ਇਨ੍ਹਾਂ ਲੋਕਾਂ ਦੀ ਅਸਲੀਅਤ ਚੰਗੀ ਤਰ੍ਹਾਂ ਸਮਝਦੀਆਂ ਹਨ ਅਤੇ ਇਨ੍ਹਾਂ ਦੀ ਕਾਰਵਾਈ ਪ੍ਰਤੀ ਉਨ੍ਹਾਂ ਦੇ ਮਨ ਵਿਚ ਭਾਰੀ ਗੁੱਸਾ ਅਤੇ ਰੋਹ ਹੈ।
Check Also
ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਤੈਰਾਕੀ ‘ਚ ਪਹਿਲਾ ਹਾਸਲ ਕੀਤਾ ਸਥਾਨ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ …
Punjab Post Daily Online Newspaper & Print Media