ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡੇਰਾ ਵਿਵਾਦ ਦੀ ਅੱਗ ਦੀ ਚੰਗਿਆੜੀ ਬਠਿੰਡਾ ਜਿਲੇ ਦੇ ਬਲਾਕ ਸੰਗਤ
ਦੇ ਪਿੰਡ ਜੰਗੀਰਾਣਾ ਦੇ ਇੱਕ ਸਰਦੇ-ਪੁੱਜਦੇ ਪਰਿਵਾਰ ਦੇ ਘਰ `ਤੇ ਆ ਡਿੱਗੀ ਹੈ।ਪਰਿਵਾਰ ਦਾ ਕਸੂਰ ਸਿਰਫ਼ ਏਨਾ ਹੈ ਕਿ ਇਹ ਘਰ ਹਨੀਪ੍ਰੀਤ ਨੂੰ ਇਸ ਘਰ ਲਿਆਉਣ ਵਾਲੀ ਸੁਖਦੀਪ ਕੌਰ ਦੀ ਭੂਆ ਦਾ ਹੈ।ਪਰਿਵਾਰ ਵਿੱਚੋਂ ਛੋਟੇ ਲੜਕੇ ਸੁਖਦੀਪ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਉਹਨੀ ਦਿਨੀਂ ਹਾਲਾਤ ਖ਼ਰਾਬ ਹੋ ਗਏ ਤਾਂ ਸੁਖਦੀਪ ਕੌਰ ਨੇ ਇੱਥੇ ਆ ਕੇ ਆਪਣੀ ਭੂਆ ਸ਼ਰਨਜੀਤ ਕੌਰ ਤੇ ਬਾਕੀ ਪਰਿਵਾਰ ਨੂੰ ਦੱਸਿਆ ਕਿ ਹੁਣ ਪੰਜਾਬ ਅੰਦਰ ਹਾਲਾਤ ਕੁੱਝ ਖ਼ਰਾਬ ਹੋ ਗਏ ਹਨ ਅਤੇ ਇਹ ਜੋ ਕੁੜੀ ਉਸ ਦੇ ਨਾਲ ਆਈ ਹੈ, ਉਸ ਦੀ ਸਹੇਲੀ ਹੈ ਅਤੇ ਬਾਹਰੋਂ ਆਈ ਹੋਈ ਹੈ।ਪ੍ਰੰਤੂ ਉਹ ਦੁਨੀਆਂ ਦੀਆਂ ਚਾਲਾਂ ਤੋਂ ਅਨਜਾਣ ਹੋਣ ਕਰਕੇ ਕੁੱਝ ਵੀ ਨਾ ਸਮਝ ਸਕੇ।ਕੁੱਝ ਦਿਨਾਂ ਮਗਰੋਂ ਜਦ ਉਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਘਰ ਰਹਿ ਰਹੀ ਇਹ ਕੁੜੀ ਹੀ ਡੇਰਾ ਮੁਖੀ ਦੀ ਗੋਦ ਲਈ ਧੀਅ ਹਨੀਪ੍ਰੀਤ ਹੈ ਤਾਂ ਉਹਨਾਂ ਨੇ ਤੁਰੰਤ ਹੀ ਇਹਨਾਂ ਦੋਵਾਂ ਨੂੰ ਘਰੋਂ ਬਾਹਰ ਦਾ ਰਸਤਾ ਵਿਖਾ ਦਿੱਤਾ।ਸੁਖਦੀਪ ਸਿੰਘ ਅਨੁਸਾਰ ਇਸ ਤੋਂ ਬਾਅਦ ਜਦੋਂ ਪੰਚਕੁਲਾ ਪੁਲਿਸ ਨੇ ਉਸ ਦੀ ਮਾਤਾ ਤੇ ਘਰ ਦੀ ਮੁਖੀ ਸ਼ਰਨਜੀਤ ਕੌਰ ਅਤੇ ਵੱਡੇ ਭਰਾ ਗੁਰਮੀਤ ਸਿੰਘ ਨੂੰ ਪੁੱਛਗਿੱਛ ਲਈ ਬੁਲਾਇਆ ਤਾਂ ਪਿੰਡ ਦੇ ਮੋਹਤਬਰ ਬੰਦਿਆਂ ਨੇ ਉਹਨਾਂ ਨੂੰ ਹਰਿਆਣਾ ਪੁਲਿਸ ਕੋਲ ਪੇਸ਼ ਕਰ ਦਿੱਤਾ।ਪ੍ਰੰਤੂ ਪੁਲਿਸ ਨੇ ਉਹਨਾਂ ਦੋਵਾਂ ਨੂੰ ਉਥੇ ਹੀ ਗ੍ਰਿਫ਼ਤਾਰ ਕਰ ਲਿਆ।
ਦੂਜੇ ਪਾਸੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਇਸ ਪਰਿਵਾਰ ਨੂੰ ਇਕ ਸੁਰ ਵਿੱਚ ਬੇਕਸੂਰ ਦੱਸ ਰਹੇ ਹਨ।ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਹਮੇਸ਼ਾਂ ਹੀ ਆਪਣਾ ਕੰਮ ਕਰਨ ਵਿੱਚ ਮਸਤ ਰਹਿੰਦਾ ਸੀ ਅਤੇ ਦੋਵੇਂ ਮੁੰਡੇ ਬਹੁਤਾ ਬਾਹਰ-ਅੰਦਰ ਵੀ ਨਹੀ ਸਨ ਜਾਂਦੇ, ਸਗੋਂ ਆਪਣੇ ਕੰਮ ਨੂੰ ਹੀ ਤਰਜ਼ੀਹ ਦਿੰਦੇ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media