ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਗੁਰੂ ਨਗਰੀ ਤੋਂ ਉਘੇ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਅੱਜ ਖ਼ਾਲਸਾ ਕਾਲਜ ਦੇ
ਪੰਜਾਬੀ ਵਿਭਾਗ ’ਚ ਆ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਸਾਹਮਣੇ ਆਪਣੀ ਨਵੀਂ ਕਹਾਣੀ ‘ਪ੍ਰਕਰਮਾ’ ਪੜੀ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੀਪ ਦੇਵਿੰਦਰ ਸਿੰਘ ਅਤੇ ਉਨ੍ਹਾਂ ਨਾਲ ਆਏ ਅੰਮ੍ਰਿਤਸਰ ਦੇ ਪ੍ਰਮੁੱਖ ਰੰਗਕਰਮੀ ਹਰਦੀਪ ਗਿੱਲ ਨੂੰ ਜੀ ਆਇਆ ਆਖਦਿਆ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਅਤੇ ਖ਼ਾਲਸਾ ਕਾਲਜ ਬੀਤੀ ਸਦੀ ’ਚ ਸਾਹਿਤਕ ਸਰਗਰਮੀਆਂ ਦਾ ਮੁੱਖ ਕੇਂਦਰ ਰਹੇ ਸਨ, ਏਸੇ ਲਈ ਅਸੀਂ ਉਸ ਰਵਾਇਤ ਨੂੰ ਬਰਕਰਾਰ ਰੱਖਦੇ ਹੋਏ ਸਥਾਨਕ ਸਾਹਿਤਕਾਰਾਂ ਨੂੰ ਆਪਣੇ ਵਿਦਿਆਰਥੀਆਂ ਦੇ ਰੂ-ਬਰੂ ਕਰਵਾਉਂਦੇ ਰਹਿੰਦੇ ਹਾਂ। ਇਸ ਉਪਰੰਤ ਪ੍ਰਿੰਸੀਪਲ ਸਾਹਿਬ ਵਲੋਂ ਆਏ ਮਹਿਮਾਨਾਂ ਨੂੰ ਕਾਲਜ ਦੀ ਯਾਦਗਾਰੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਦੀਪ ਦੇਵਿੰਦਰ ਸਿੰਘ ਨੇ ਆਪਣੀ ਕਹਾਣੀ ਪ੍ਰਕਰਮਾ ਦਾ ਬੜੇ ਭਾਵਪੂਰਤ ਤਰੀਕੇ ਨਾਲ ਪਾਠ ਕੀਤਾ ਜਿਸ ਨੂੰ ਹਾਜ਼ਰ ਸਰੋਤਿਆਂ ਨੇ ਬੜੇ ਧਿਆਨ ਨਾਲ ਸੁਣਿਆ ਅਤੇ ਪਾਠ ਉਪਰੰਤ ਕਹਾਣੀ ਦੇ ਕਈ ਪੱਖਾਂ ਬਾਰੇ ਚਰਚਾ ਵੀ ਹੋਈ। ਦੀਪ ਨੇ ਦੱਸਿਆ ਕਿ ਉਸਨੇ ਇਹ ਕਹਾਣੀ ਸੁਚੇਤ ਤੌਰ ’ਤੇ ਬੈਂਡ ਵਾਜੇ ਵਾਲਿਆਂ ਦੇ ਜੀਵਨ ਯਥਾਰਥ ਨੂੰ ਪੇਸ਼ ਕਰਨ ਲਈ ਲਿਖੀ ਹੈ, ਤੇ ਇਸ ਲਈ ਉਹ ਕਈ ਵਾਰ ਇਨ੍ਹਾਂ ਲੋਕਾਂ ਨਾਲ ਨੇੜਿਓਂ ਵਿਚਰਿਆ ਵੀ ਹੈ।
ਪ੍ਰੋਗਰਾਮ ਦੇ ਅਖੀਰ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਬੀਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅਜਿਹੀਆਂ ਸਾਹਿਤਕ ਮਿਲਣੀਆਂ ਵਿਦਿਆਰਥੀ ਅਤੇ ਸਾਹਿਤਕਾਰਾਂ ਦੋਵਾਂ ਲਈ ਲਾਹੇਵੰਦ ਹੁੰਦੀਆਂ ਹਨ।ਇਸ ਮੌਕੇ ਮਨਮੋਹਨ ਸਿੰਘ ਢਿਲੋਂ, ਡਾ. ਦਵਿੰਦਰ ਕੌਰ, ਡਾ. ਆਤਮ ਸਿੰਘ ਰੰਧਾਵਾ, ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਪ੍ਰੋ. ਦਵਿੰਦਰਪਾਲ ਕੌਰ, ਡਾ. ਕੁਲਦੀਪ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਗੁਰਿੰਦਰ ਕੌਰ, ਡਾ. ਜਸਬੀਰ ਸਿੰਘ, ਡਾ. ਜਸਵੀਰ ਕੌਰ, ਡਾ. ਅਮਨਦੀਪ ਕੌਰ, ਡਾ. ਪਲਵਿੰਦਰ ਕੌਰ, ਡਾ. ਰਾਜਬੀਰ ਕੌਰ, ਪ੍ਰੋ. ਗੁਰਸ਼ਰਨ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਡਾ. ਗੁਰਵਿੰਦਰ ਕੌਰ, ਪ੍ਰੋ. ਜਤਿੰਦਰ ਕੌਰ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media