Saturday, October 3, 2026

ਪੋਹ ਸੁਦੀ ਸੱਤਵੀਂ ਨੂੰ ਹੀ ਮਨਾਇਆ ਜਾਵੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ -ਪੰਜ ਸਿੰਘ ਸਾਹਿਬਾਨ

ਖ਼ਾਲਸਈ ਖੇਡ ਗਤਕਾ ਖੇਡਣ ਸਮੇਂ ਸਟੰਟਬਾਜ਼ੀ `ਤੇ ਲਾਈ ਪਾਬੰਦੀ

PPN1311201701ਅੰਮ੍ਰਿਤਸਰ, 13 ਨਵੰਬਰ (ਪੰਜਾਬ ਪੋਸਟ ਬਿਊਰੋ)  ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ  ਇਕੱਤਰਤਾ ਦੌਰਾਨ ਵਿਦੇਸ਼ਾਂ ਵਿਚ ਸ੍ਰੀ ਸਾਹਿਬ (ਕਿਰਪਾਨ) ਸਬੰਧੀ ਮਿਲੀ ਇਜ਼ਾਜਤ ਪੁਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਿਥੇ ਓਥੋਂ ਦੀਆਂ ਸਰਕਾਰਾ ਦਾ ਧੰਨਵਾਦ ਕੀਤਾ ਓਥੇ ਸਥਾਨਿਕ ਸਿੱਖਾਂ ਵਲੋਂ ਨਿਭਾਈ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਸ਼ਲਾਘਾ ਕਰਦਿਆਂ ਭਾਰਤ ਸਮੇਤ ਦੂਸਰੇ ਦੇਸ਼ ਵੀ ਆਪਣੀਆਂ ਇੰਟਰਨੈਸ਼ਨਲ ਉਡਾਣਾ ਵਿਚ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਆਗਿਆ ਦੇਣ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਕਿਰਪਾਨ ਅੰਮ੍ਰਿਤਧਾਰੀ ਸਿੱਖਾਂ ਲਈ ਪੰਜ ਕਕਾਰਾਂ ਦਾ ਹਿੱਸਾ ਹੋਣ ਕਰਕੇ ਸਰੀਰ ਨਾਲੋਂ ਅਨਿੱਖੜਵਾਂ ਅੰਗ ਹੈ।ਇਸ ਲਈ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਅਜਿਹੇ ਮੁੱਦੇ ਉਪਰ ਨਿੱਜੀ ਰੰਜਿਸ਼ਾਂ ਨੂੰ ਮਿਟਾ ਕੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਹਰ ਉਸ ਦੇਸ਼ ਵਿਚ ਓਥੋਂ ਦੀਆਂ ਸਰਕਾਰਾਂ ਨਾਲ ਰਾਫਤਾ ਕਾਇਮ ਕਰਕੇ ਇਸ ਸਬੰਧੀ ਉਪਰਾਲੇ ਕੀਤੇ ਜਾਣ। ਵਿਸ਼ੇਸ਼ ਤੌਰ ‘ਤੇ ਯੂਰਪ ਦੀਆਂ ਸਮੂੰਹ ਸਿੱਖ ਸੰਗਤਾ ਨੂੰ ਅਪੀਲ ਕਰਦਾ ਹਾਂ ਕਿ ਕਿਰਪਾਨ ਦੀ ਇਜ਼ਾਜਤ ਲਈ ਬਣੀ ਸਾਰੀਆਂ ਜਥੇਬੰਦੀਆਂ ਇੱਕ ਮੰਚ ‘ਤੇ ਇਕੱਠੀਆਂ ਹੋ ਕੇ ਇਸ ਸਬੰਧੀ ਉਪਰਾਲੇ ਕਰਨ।
ਉਨਾਂ ਕਿਹਾ ਕਿ ਅੱਜ ਮਿਤੀ 28 ਕੱਤਕ ਸੰਮਤ ਨਾਨਕਸ਼ਾਹੀ 549 ਮੁਤਾਬਿਕ (13 ਨਵੰਬਰ 2017) ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ।ਜਿਸ ਵਿਚ ਫੈਸਲਾ ਕੀਤਾ ਗਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਦਾ ਸ਼ੁਕਰਾਨਾ ਦਿਵਸ ਅਤੇ 351ਵਾਂ ਪ੍ਰਕਾਸ਼ ਪੁਰਬ ਬਹੁਤ ਵੱਡੇ ਪੱਧਰ ‘ਤੇ ਸੰਗਤਾਂ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਮਨਾਇਆ ਜਾ ਰਿਹਾ ਹੈ।ਇਸ ਲਈ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਹ ਸੁਦੀ ਸੱਤਵੀਂ ਨੂੰ ਹੀ ਮਨਾਇਆ ਜਾਵੇ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਲਈ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।
ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ।ਇਸ ਦਾ ਵਿਲੱਖਣ ਇਤਿਹਾਸ ਹੈ, ਪ੍ਰੰਤੂ ਕੁੱਝ ਲੇਖਕਾਂ ਵੱਲੋਂ ਬਿਨ੍ਹਾਂ ਖੋਜੇ-ਵਿਚਾਰੇ ਕੁੱਝ ਅਜਿਹੇ ਸ਼ਬਦ ਇਸ ਵਿਚ ਪਾਏ ਗਏ ਹਨ ਜੋ ਗੁਰਮਤਿ ਦੀ ਕਸਵੱਟੀ ‘ਤੇ ਪੂਰੇ ਨਹੀਂ ਉਤਰਦੇ।ਇਸ ਸਬੰਧ ਵਿਚ ਪੰਜ ਸਿੰਘ ਸਾਹਿਬਾਨ ਵਲੋਂ ਮਿਤੀ 4 ਅਪ੍ਰੈਲ 2017 ਨੂੰ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਇਤਿਹਾਸਕਾਰਾਂ ਦੀ ਇੱਕ ਕਮੇਟੀ ਬਣਾ ਕੇ ਇਤਿਹਾਸ ਨੂੰ ਸੋਧ ਕੇ, ਜੋ ਇਤਿਹਾਸ ਗੁਰਬਾਣੀ ਦੀ ਕਸਵੱਟੀ ‘ਤੇ ਪੂਰਾ ਉਤਰਦਾ ਹੋਵੇ, ਉਹ ਇਤਿਹਾਸ ਛਪਵਾ ਕੇ ਸੰਗਤਾਂ ਨੂੰ ਮੁਹੱਈਆ ਕਰਵਾਏੇ।ਇਸ ਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਵੱਲੋਂ ਸਮੂੰਹ ਕਥਾ-ਵਾਚਕਾਂ, ਰਾਗੀਆਂ, ਢਾਡੀਆਂ, ਪ੍ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਓਨੀ ਦੇਰ ਸਟੇਜ ਉਪਰ ਕੋਈ ਵੀ ਅਜਿਹੀ ਗੱਲ ਨਾ ਕੀਤੀ ਜਾਵੇ ਜਿਸ ਨਾਲ ਸੰਗਤਾਂ ਵਿਚ ਦੁਬਿਧਾ ਪੈਦਾ ਹੁੰਦੀ ਹੋਵੇ ਅਤੇ ਗੁਰ-ਇਤਿਹਾਸ ਅਤੇ ਗੁਰੂ ਸਾਹਿਬਾਨਾਂ ਪ੍ਰਤੀ ਸ਼ਬਦਾਂ ਨੂੰ ਤੋੜ-ਮਰੋੜ ਕੇ ਕੋਈ ਵੀ ਗੱਲ ਨਾ ਕੀਤੀ ਜਾਵੇ ਪ੍ਰੰਤੂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਗੁਰ-ਇਤਿਹਾਸ ਸਬੰਧੀ ਸਟੇਜਾਂ ਉਪਰ ਜੋ ਪ੍ਰਚਾਰ ਕੀਤਾ ਗਿਆ, ਉਸ ਉਪਰ ਸੰਗਤਾਂ ਨੇ ਕਾਫੀ ਇਤਰਾਜ਼ ਕੀਤਾ ਹੈ।ਜਿਸ ਕਰਕੇ ਉਸ ਵੱਲੋਂ ਆਪ ਹੀ ਆਪਣਾ ਬਣਾਇਆ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।ਪਰ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ, ਸੰਗਤਾਂ ਨੂੰ ਬਾਣੀ/ਬਾਣੇ ਨਾਲ ਜੋੜਨ ਲਈ ਪ੍ਰਚਾਰ ਦੀ ਬਹੁਤ ਵੱਡੀ ਲੋੜ ਹੈ।ਇਸ ਲਈ ਜਿਨ੍ਹਾਂ ਵਿਸ਼ਿਆਂ ਉਪਰ ਸੰਗਤਾਂ ਨੂੰ ਇਤਰਾਜ਼ ਹੈ ਉਹ ਸੀਡੀਆਂ ਭਾਈ ਰਣਜੀਤ ਸਿੰਘ ਢੱਡਰੀਆਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ, ਤਾਂ ਕਿ ਉਨ੍ਹਾਂ ਦੀ ਪੜਚੋਲ ਸਬ-ਕਮੇਟੀ ਵੱਲੋਂ ਕੀਤੀ ਜਾਵੇ।ਭਾਈ ਰਣਜੀਤ ਸਿੰਘ ਵੱਲੋਂ ਆਪਣੇ ਪ੍ਰੋਗਰਾਮਾਂ ਵਿਚ ਗੁਰਬਾਣੀ, ਗੁਰ-ਇਤਿਹਾਸ ਸਰਵਣ ਕਰਵਾਉਣ ਵੇਲੇ ਕੋਈ ਵੀ ਐਸਾ ਪ੍ਰਸੰਗ ਨਾ ਸੁਣਾਇਆ ਜਾਵੇ, ਜਿਸ ਨਾਲ ਸੰਗਤਾਂ ਵਿਚ ਦੁਬਿਧਾ ਪੈਦਾ ਹੁੰਦੀ ਹੋਵੇ। ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਪਾਈ ਗਈ ਤਾਂ ਉਸ ਵਿਰੁੱਧ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਗੱਤਕਾ ਖ਼ਾਲਸਈ ਰਵਾਇਤ ਖੇਡ ਹੈ ਜਿਸ ਵਿਚ ਬੱਚੇ-ਬੱਚੀਆਂ ਭਾਗ ਲੈ ਕੇ ਜੌਹਰ ਦਿਖਾਉਂਦੇ ਹਨ। ਜਿਸਨੂੰ ਦੇਖ ਕੇ ਸੰਗਤਾਂ ਅਤੇ ਬੱਚੇ-ਬੱਚੀਆਂ ਵਿਚ ਉਤਸ਼ਾਹ ਆਉਂਦਾ ਹੈ।ਪਰ ਪਿਛਲੇ ਕੁੱਝ ਸਮੇਂ ਤੋਂ ਇਸ ਵਿਚ ਸਟੰਟਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਜਾਨਾਂ ਵੀ ਗਈਆਂ ਹਨ।ਪੰਜ ਸਿੰਘ ਸਾਹਿਬਾਨ ਵੱਲੋਂ ਸਮੂੰਹ ਗੱਤਕਾ ਸੰਸਥਾਵਾਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਕੋਈ ਵੀ ਅਜਿਹੇ ਸਟੰਟ ਨਾ ਕੀਤੇ ਜਾਣ ਜਿਸ ਨਾਲ ਜਾਨੀ ਨੁਕਸਾਨ ਹੋਵੇ।
ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੌੜੀ ਬੁੱਢਾ ਦਲ ਨੂੰ ‘ਸ਼੍ਰੋਮਣੀ ਸੇਵਾ ਰਤਨ’ ਅਤੇ ਭਾਈ ਜਸਵੰਤ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੂੰ ‘ਸ਼੍ਰੋਮਣੀ ਰਾਗੀ’ ਦੀ ਉਪਾਧੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 29 ਨਵੰਬਰ 2017 ਨੂੰ ਸਨਮਾਨਿਤ ਕੀਤਾ ਜਾਵੇਗਾ।ਇਕੱਤਰਤਾ ਵਿੱਚ ਜਥੇਦਾਰ ਗਿ. ਗੁਰਬਚਨ ਸਿੰਘ ਤੋਂ ਇਲਾਵਾ ਗਿ. ਇਕਬਾਲ ਸਿੰਘ, ਗਿ. ਹਰਪ੍ਰੀਤ ਸਿੰਘ. ਗਿ. ਜਗਤਾਰ ਸਿੰਘ ਅਤੇ ਗਿ. ਰਘਬੀਰ ਸਿੰਘ ਸ਼ਾਮਲ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply