Thursday, March 12, 2026

ਪੰਜ ਰੋਜ਼ਾ ਰੰਗ ਉਸਤਵ ਤਹਿਤ ਲਘੂ ਫ਼ਿਲਮਾਂ ‘ਸੁਲਘਦੀ ਮਿੱਟੀ ਅਤੇ ਗੰਧਲੇ ਪਾਣੀ’ ਪ੍ਰਦਰਸ਼ਿਤ

ਅੰਮਿ੍ਤਸਰ, 9 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ‘ਪੰਜ ਰੋਜ਼ਾ ਰੰਗ ਉਤਸਵ ਦੇ ਤੀਸਰੇ ਦਿਨ ਡਾ. ਸਾਹਿਬ ਸਿੰਘ ਦੁਆਰਾ ਲਿਖੀਆਂ ਅਤੇ ਨਿਰਦੇਸ਼ਤ ਕੀਤੀਆਂ ਦੋ ਲਘੂ ਫ਼ਿਲਮਾਂ ‘ਸੁਲਘਦੀ ਮਿੱਟੀ ਅਤੇ ਗੰਧਲੇ ਪਾਣੀ’ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਪ੍ਰਦਰਸ਼ਿਤ ਕੀਤੀਆਂ ਗਈਆਂ।
ਪਹਿਲੀ ਫ਼ਿਲਮ ‘ਸੁਲਘਦੀ ਮਿੱਟੀ’ ਵਿੱਚ ਉਸ ਔਰਤ ਦਾ ਦਰਦ ਪੇਸ਼ ਕੀਤਾ ਗਿਆ ਹੈ, ਜਿਸ ਦਾ ਪਤੀ ਘਰ ਦੀ ਆਰਥਿਕਤਾ ਨੂੰ ਠੀਕ ਕਰਨ ਲਈ ਵਿਦੇਸ਼ ਚੱਲਾ ਜਾਂਦਾ ਹੈ।ਉਥੇ ਉਹ ਪੱਕੇ ਹੋਣ ਲਈ ਇਕ ਗੋਰੀ ਨਾਲ ਵਿਆਹ ਕਰਵਾ ਲੈਂਦਾ ਹੈ ਤੇ ਇਸ ਤੋਂ ਬਾਅਦ ਪਤਨੀ ਦਾ ਦੁਖਾਂਤ ਸ਼ੁਰੂ ਹੁੰਦਾ ਹੈ।ਉਹ ਆਪਣੇ ਘਰ ਨੂੰ ਸੰਭਾਲ ਕੇ ਵੀ ਰੱਖਣਾ ਚਾਹੁੰਦੀ ਹੈ, ਪਤੀ ਨਾਲ ਵਫ਼ਾ ਵੀ ਕਮਾਉਂਦੀ ਹੈ।ਪਰ ਉਸ ਦੀਆਂ ਅੰਦੁਰਨੀ ਖੁਆਹਿਸ਼ਾਂ ਉਸ ਨੂੰ ਪਰੇਸ਼ਾਨ ਕਰਦੀਆਂ ਹਨ। ਉਹ ਪਤੀ ਨੂੰ ਕਹਿਣਾ ਚਾਹੁੰਦੀ ਹੈ ਕਿ ਉਹ ਸਭ ਕੁੱਝ ਛੱਡ ਕੇ ਪੰਜਾਬ ਆ ਜਾਵੇ, ਪਰ ਘਰ ਦੀਆਂ ਤੰਗੀਆਂ ਸਾਹਮਣੇ ਉਸ ਨੂੰ ਆਪਣੀ ਇਛਾਵਾਂ ਦਬਾਉਣੀਆਂ ਪੈਂਦੀਆਂ ਹਨ।ਇਸ ਫ਼ਿਲਮ ਵਿੱਚ ਦੀਪ ਮਨਦੀਪ, ਪਵੇਲ ਸੰਧੂ, ਗੁੁਲਸ਼ਨ ਸੱਗੀ, ਡੋਲੀ ਸੱਡਲ, ਅਸ਼ੋਕ ਅਜੀਜ ਅਤੇ ਪਰਗਟ ਸਿੰਘ ਨੇ ਭੂਮਿਕਾਵਾਂ ਨਿਭਾਇਆ ਹਨ।
ਦੂਸਰੀ ਫ਼ਿਲਮ ‘ਗੰਧਲੇ ਪਾਣੀ’ ਵਿੱਚ ਇਕ ਆਰਕੈਸਟਰਾ ਡਾਂਸਰ ਦੀ ਕਹਾਣੀ ਦਿਖਾਈ ਗਈ ਹੈ।ਜਿਸ ਨੂੰ ਗਰੀਬੀ ਕਾਰਨ ਵਿਆਹਾਂ ਵਿੱਚ ਨੱਚਣਾ ਪੈਂਦਾ ਹੈ ਜਿਥੇ ਸ਼ਰਾਬੀ ਬਰਾਤੀ ਉਸ ਤੇ ਆਪਣਾ ਹੱਕ ਸਮਝਦੇ ਹਨ, ਪਰ ਉਹ ਆਪਣੀ ਇਜ਼ਤ ਤੇ ਆਂਚ ਨਹੀਂ ਆਉਣ ਦਿੰਦੀ, ਪਰ ਉਸ ਦਾ ਪਤੀ ਉਸ ਉਪਰ ਸ਼ੱਕ ਕਰਦਾ ਹੈ ਤੇ ਉਸ ਨਾਲ ਸ਼ਰਾਬ ਪੀ ਕੇ ਧੱਕਾ ਵੀ ਕਰਦਾ ਹੈ।ਅਖੀਰ ਵਿੱਚ ਉਹ ਬੇਬਸ ਹੋ ਕੇ ਆਪਣੇ ਪਤੀ ਨਾਲ ਸਾਰੇ ਰਿਸ਼ਤੇ ਤੋੜ ਕੇ ਘਰ ਛੱਡਣ ਦਾ ਫੈਸਲਾ ਲੈ ਲੈਂਦੀ ਹੈ।ਇਸ ਤਰ੍ਹਾਂ ਇਹ ਫ਼ਿਲਮ ਰਿਸ਼ਤਿਆਂ ਦੀ ਗੁੰਝਲਤਾ ਨੂੰ ਵੀ ਪੇਸ਼ ਕਰਦੀ ਹੈ ਅਤੇ ਗਲਤ ਸਮਾਜਿਕ ਵਰਤਾਰੇ ਨੂੰ ਵੀ ਨੰਗਾ ਕਰਦੀ ਹੈ।ਇਸ ਫ਼ਿਲਮ ਵਿੱਚ ਦੀਪ ਮਨਦੀਪ, ਹਰਮਨਪਾਲ ਸਿੰਘ, ਹਰਿੰਦਰ ਭੂੂਲਰ, ਰੰਗਹਰਜਿੰਦਰ, ਅਰਸ਼ਿਕਾ ਸਿੰਘ ਨੇ ਵੱਖ-ਵੱਖ ਭੂਮਿਕਾਵਾਂ ਨਿਭਾਇਆ ਹਨ।ਇਹਨਾਂ ਦੋਹਾਂ ਫ਼ਿਲਮਾਂ ਦੀ ਕਹਾਣੀ, ਸਕਰੀਨ ਪਲੇ ਅਤੇ ਡਾਇਲਾਗ ਡਾ. ਸਾਹਿਬ ਸਿੰਘ ਨੇ ਲਿਖੇ ਹਨ।ਉਹ ਪੰਜ ਫ਼ਿਲਮਾਂ ਦੀ ਇਕ ਲੜੀ ਤਿਆਰ ਕਰ ਰਹੇ ਹਨ ਜਿਸ ਵਿੱਚ ਪੰਜ਼ ਤੱਤਾ (ਮਿੱਟੀ, ਪਾਣੀ, ਅੱਗ, ਹਵਾ ਅਤੇ ਅਕਾਸ਼) ਨੂੰ ਅਧਾਰ ਬਣਾ ਕੇ ਔਰਤ ਦੇ ਪੰਜ ਭਾਵ ਪੇਸ਼ ਕੀਤੇ ਜਾਣਗੇ। ਇਹ ਫ਼ਿਲਮਾਂ ਡੀਪ ਡਰੀਮ ਪ੍ਰੋਡਕਸ਼ਨ ਅਤੇ ਯੈਲੋ ਮਿਊਜਿਕ ਵੱਲੋਂ ਨਿਰਮਾਨ ਕੀਤੀਆਂ ਗਈਆਂ ਹਨ। ਇਸ ਮੌਕੇ ਵਿਰਸਾ ਵਿਹਾਰ ਦੇ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ. ਅਵਤਾਰ ਸਿੰਘ, ਡਾ. ਅਮਨਦੀਪ ਕੌਰ, ਡਾ. ਪਰਮਿੰਦਰ ਸਿੰਘ, ਐਡਵੋਕੇਟ ਨਵਜੋਤ ਕੌਰ ਚੱਬਾ, ਤੇਜਵੰਤ ਸਿੰਘ ਚੱਬਾ ਆਦਿ ਹਾਜਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply