ਅੰਮ੍ਰਿਤਸਰ 15 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਵਿਖੇ ਸਿੱਖ ਇਤਿਹਾਸਕਾਰੀ ਤੇ ਸਿੱਖ ਵਿਦਵਾਨ ਡਾ. ਗੁਰਿੰਦਰ ਸਿੰਘ
ਮਾਨ ਦਾ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਡਾ. ਮਾਨ ਨੂੰ ਫੱਲਾਂ ਦੇ ਗੁਲਦਸਤੇ ਨਾਲ ਜੀ ਆਇਆ ਆਖਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਤਹਿਸੀਲ ਬਟਾਲਾ ਦੇ ਪਿੰਡ ਮਾਨ ਨਾਲ ਸਬੰਧਤ ਵਿਦਵਾਨ ਡਾ. ਗੁਰਿੰਦਰ ਸਿੰਘ ਮਾਨ ਉੱਘੇ ਸਿੱਖ ਚਿੰਤਕ ਹਨ ਜੋ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੇਫੋਰਨੀਆ ਤੋਂ ਪ੍ਰੋਫੈਸਰ ਆਫ਼ ਸਿੱਖ ਸਟੱਡੀਜ਼ ਵਜੋਂ ਰਿਟਾਇਰ ਹੋਣ ਤੋਂ ਬਾਅਦ ਅੱਜਕਲ ਗਲੋਬਲ ਇੰਸਟੀਚਿਊਟ ਫ਼ਾਰ ਸਿੱਖ ਸਟੱਡੀਜ਼ ਨਿਊਯਾਰਕ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ।
ਆਪਣੇ ਵਿਸ਼ੇਸ਼ ਭਾਸ਼ਣ ’ਚ ਡਾ. ਮਾਨ ਨੇ ਕਿਹਾ ਕਿ ਜਿੱਥੇ ਪੁਰਾਤਨ ਸਿੱਖ ਸਕਾਲਰ ਸਿੱਖ ਟਕਸਾਲਾਂ ਰਾਹੀਂ ਸਿੱਖੀ ਜੀਵਨ ਜਾਚ ਵਿਚ ਢਲੇ ਹੁੰਦੇ ਸਨ, ਉਥੇ ਨਵੇਂ ਸਿੱਖ ਵਿਦਵਾਨ ਅੰਗਰੇਜ਼ੀ ਸਿੱਖਿਆ ਅਧੀਨ ਨਵੀਂ ਨਵੀਂ ਸ਼ਬਦਾਂਵਲੀ ਤਾਂ ਵਰਤਦੇ ਹਨ ਪਰ ਉਹ ਸਿੱਖੀ ਦੀ ਰੂਹ ਤੋਂ ਕੋਰੇ ਹੋਣ ਕਰਕੇ ਸਹੀ ਨਿਰਣਿਆਂ ਤੱਕ ਨਹੀਂ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਵਿਦਵਾਨਾਂ ਨੂੰ ਆਪਣੇ ਮਤਿ ਦੀ ਪੁਸ਼ਟੀ ਲਈ ਮੂਲ ਸ੍ਰੋਤਾਂ ਨੂੰ ਗਵਾਹੀ ਵਜੋਂ ਵਰਤਣਾ ਚਾਹੀਦਾ ਹੈ। ਇਸ ਲਈ ਅਰਬੀ ਫ਼ਾਰਸੀ ਅਤੇ ਗੁਰਮੁਖੀ ਦੇ ਗ੍ਰੰਥਾਂ ਦਾ ਅਧਿਐਨ ਜਰੂਰੀ ਹੈ।
ਜਨਮ ਸਾਖੀਆਂ ’ਚੋਂ ਉਨ੍ਹਾਂ ਨੇ ਪੁਰਾਤਨ ਜਨਮ ਸਾਖੀ ਨੂੰ ਇਤਿਹਾਸ ਦੇ ਨੇੜੇ ਦੱਸਿਆ ਜਦ ਕਿ ਬਾਕੀਆਂ ’ਚ ਕਲਪਨਾ ਅਤੇ ਰਲੇਵੇਂ ਦੀ ਸੰਭਾਵਨਾ ਪ੍ਰਗਟਾਈ। ਇਸ ਮੌਕੇ ਕਾਲਜ ਦੇ ਸੀਨੀਅਰ ਪ੍ਰੋਫੈਸਰ ਮਨੋਹਰ ਸਿੰਘ ਬੱਤਰਾ, ਡੀਨ ਅਕਾਦਮਿਕ ਮਾਮਲੇ ਮੈਡਮ ਨਵਨੀਨ ਬਾਵਾ, ਤਮਿੰਦਰ ਸਿੰਘ ਭਾਟੀਆ, ਮੈਡਮ ਜਸਪ੍ਰੀਤ ਕੌਰ ਸਿੱਖ ਇਤਿਹਾਸ ਅਤੇ ਖੋਜ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ, ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਖਬੀਰ ਸਿੰਘ, ਡਾ. ਹੀਰਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਹਾਜਰ ਸਨ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media