ਅੰਮਿ੍ਤਸਰ, 15 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਵਰਕਰਾਂ ਦੀ ਇਕੱਤਰਤਾ ਦੌਰਾਨ ਆਪਣਾ 97ਵਾਂ ਸਥਾਪਨਾ ਦਿਵਸ
ਮਨਾਉਂਦਿਆਂ ਜਬਰ ਅਤੇ ਜ਼ੁਲਮ ਵਿਰੁੱਧ ਲੜਾਈ ਦਾ ਪ੍ਰਣ ਕੀਤਾ ਅਤੇ ਪਾਰਟੀ ਵਰਕਰਾਂ ਨੰੂ ਕਾਂਗਰਸੀ ਜ਼ਿਆਦਤੀਆਂ ਦਾ ਮੁਕਾਬਲਾ ਕਰਨ ਲਈ ਇੱਕ ਵਾਲੰਟੀਅਰ ਟਾਸਕ ਫੋਰਸ ਬਣਾਉਣ ਦੀ ਤਾਕੀਦ ਕੀਤੀ।
ਇਸ ਇਕੱਤਰਤਾ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਖੇ ਇੱਕ ਪਾਰਟੀ ਦਫਤਰ ਬਣਾਉਣ ਦਾ ਵੀ ਐਲਾਨ ਕੀਤਾ। ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਪਾਰਟੀ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗਰੁਬਚਨ ਸਿੰਘ ਨੇ ਵੀ ਸੰਬੋਧਨ ਕੀਤਾ।
ਵਿਸ਼ਾਲ ਇਕੱਠ ਨੰੂ ਸੰਬੋਧਨ ਕਰਦਿਆਂ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਬੇਇਨਸਾਫੀ ਵਿਰੁੱਧ ਲੜਾਈ ਵਾਸਤੇ ਕੀਤਾ ਗਿਆ ਸੀ ਅਤੇ ਇਹ ਆਪਣਾ ਕੰਮ ਅੱਗੇ ਵੀ ਜਾਰੀ ਰੱਖੇਗਾ। ਉਹਨਾਂ ਕਿਹਾ ਕਿ ਇਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਇੰਨਾ ਵੱਡਾ ਯੋਗਦਾਨ ਪਾਇਆ ਹੈ ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਰੰਤੂ ਆਜ਼ਾਦੀ ਤੋਂ ਬਾਅਦ ਪਾਰਟੀ ਨੰੂ ਪੰਜਾਬੀ ਸੂਬੇ ਦੀ ਮੰਗ ਸਮੇਤ ਆਪਣੇ ਅਧਿਕਾਰਾਂ ਲਈ ਦੁਬਾਰਾ ਲੜਾਈ ਕਰਨੀ ਪਈ ਸੀ। ਉਹਨਾਂ ਕਿਹਾ ਕਿ ਪਾਰਟੀ ਨੇ ਪੰਜਾਬੀ ਸੂਬੇ ਦਾ ਟੀਚਾ ਤਾਂ ਹਾਸਿਲ ਕਰ ਲਿਆ ਸੀ, ਪਰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਇਸ ਨੰੂ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਐਮਰਜੰਸੀ ਦੌਰਾਨ ਇੰਦਰਾ ਗਾਂਧੀ ਵੱਲੋਂ ਸੱਤਾ ਦੀ ਪੇਸ਼ਕਸ਼ ਦਾ ਸੁਨੇਹਾ ਮਿਲਣ ਦੇ ਬਾਵਜੂਦ ਅਕਾਲੀ ਦਲ ਐਮਰਜੰਸੀ ਦੀਆਂ ਜ਼ਿਆਦਤੀਆਂ ਖ਼ਿਲਾਫ ਮੈਦਾਨ ਵਿਚ ਕੁੱਦਿਆ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਨੇ ਸੂਬੇ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕਿਆਂ ਅਤੇ ਦਰਿਆਈ ਪਾਣੀਆਂ ਲਈ ਲੜਾਈ ਲੜੀ ਹੈ ਅਤੇ ਅੱਗੇ ਵੀ ਲੜਦੀ ਰਹੇਗੀ। ਉਹਨਾਂ ਕਿਹਾ ਕਿ ਉਹਂ ਕਿਸੇ ਵੀ ਅੰਦੋਲਨ ਦੀ ਸਭ ਤੋਂ ਅੱਗੇ ਹੋ ਕੇ ਅਗਵਾਈ ਕਰਨ ਲਈ ਵਚਨਬੱਧ ਹਨ ਅਤੇ ਕਿਸੇ ਇੱਕ ਵੀ ਅਕਾਲੀ ਵਰਕਰ ਖ਼ਿਲਾਫ ਧੱਕੇਸ਼ਾਹੀ ਨਹੀਂ ਹੋਣ ਦਿਆਂਗਾ।ਉਹਨਾਂ ਕਿਹਾ ਕਿ 16 ਸਾਲ ਜੇਲ੍ਹ ਵਿਚ ਗੁਜਾਰਣ ਵਾਲੇ ਸਰਦਾਰ ਪਰਕਾਸ਼ ਸਿੰਘ ਬਾਦਲ 19 ਸਾਲ ਮੁੱਖ ਮੰਤਰੀ ਰਹੇ।ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ 2020 ਵਿਚ ਆਪਣਾ 100ਵਾਂ ਸਥਾਪਨਾ ਦਿਵਸ ਸ਼ਾਨਦਾਰ ਤਰੀਕੇ ਨਾਲ ਮਨਾਏਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਆਪਣੇ ਚੰਡੀਗੜ੍ਹ ਵਾਲੇ ਮੁੱਖ ਦਫਤਰ ਅੰਦਰ ਇੱਕ ਫੋਟੋ ਅਜਾਇਬਘਰ ਸਥਾਪਤ ਕਰੇਗੀ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 25 (ਬੀ) ਵਿਚ ਸੋਧ ਕੀਤੇ ਜਾਣ ਦੀ ਲੋੜ ਹੈ, ਜੋ ਕਿ ਸਿੱਖਾਂ ਨੰੂ ਹਿੰਦੂ ਭਾਈਚਾਰੇ ਦੇ ਅੰਗ ਵਜੋਂ ਮਾਨਤਾ ਦਿੰਦਾ ਹੈ।ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਅਕਾਲੀ ਦਲ ਦੀ ਦਿੱਲੀ ਇਕਾਈ ਨੰੂ ਪਾਰਟੀ ਦੇ 98ਵਾਂ ਸਥਾਪਨਾ ਦਿਵਸ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਸੀਨੀਅਰ ਆਗੂਆਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਬਲਵਿੰਦਰ ਸਿੰਘ ਭੰੂਦੜ ਨੇ ਵੀ ਸੰਬੋਧਨ ਕੀਤਾ।ਉਹਨਾਂ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਅਤੇ ਪੰਜਾਬੀਅਤ ਲਈ ਕੀਤੀਆਂ ਸੇਵਾਵਾਂ ਦੀ ਸਰਾਹਨਾ ਕੀਤੀ।ਇਕੱਤਰਤਾ ਨੰੂ ਸੰਬੋਧਨ ਕਰਨ ਵਾਲਿਆਂ ਵਿਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਡਾਕਟਰ ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ, ਤੋਤਾ ਸਿੰਘ, ਸੇਵਾ ਸਿੰਘ ਸੇਖਵਾਂ, ਸੁਰਜੀਤ ਸਿਘ ਰੱਖੜਾ, ਸੇਵਾਮੁਕਤ ਜਨਰਲ ਜੇ.ਜੇ ਸਿੰਘ, ਮਹੇਸ਼ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ ਅਤੇ ਅਵਤਾਰ ਸਿੰਘ ਹਿੱਤ ਵੀ ਸ਼ਾਮਿਲ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media