ਗੁਰੂ ਸਾਹਿਬ ਦੀ ਵਿਰਾਸਤ ਗੁਰੂ ਨਾਨਕ ਦੇਵ ਜੀ ਤੋਂ ਵੱਖਰੀ ਨਹੀਂ- ਪ੍ਰੋ. ਕਪੂਰ
ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਦਸਵੇਂ ਪਾਤਸ਼ਾਹ, ਸਾਹਿਬ-ਏ-ਕਮਾਲ, ਸੰਤ ਸਿਪਾਹੀ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਸਰਕਾਰ ਦੇ ਸਹਿਯੋਗ ਨਾਲ ‘ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਵਿਰਾਸਤ’ ਵਿਸ਼ੇ ’ਤੇ ਕਰਵਾਈ ਗਈ ਵਿਚਾਰ-ਚਰਚਾ (ਸਿੰਪੋਜੀਅਮ) ਵਿਚ ਬੋਲਦੇ ਵੱਖ-ਵੱਖ ਵਿਦਵਾਨਾਂ ਨੇ ਬੜੇ ਸਪੱਸ਼ਟ ਲਫਜ਼ਾਂ ਵਿਚ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਵੱਖਰੀ ਨਹੀਂ ਸੀ ਅਤੇ ਸਿੱਖ ਅਧਿਐਨ ਵਿਚ ਇਸ ਨੂੰ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਸਾਹਿਬ ਵਰਗੀ ਤਿਆਗ, ਅਣਖ ਅਤੇ ਬਲੀਦਾਨ ਦੀ ਉਦਾਹਰਨ ਦੁਨੀਆਂ ਵਿਚ ਹੋਰ ਕਿਧਰੇ ਨਹੀਂ ਮਿਲਦੀ ਅਤੇ ਇਹੀ ਕਾਰਨ ਹੈ ਕਿ ਜਨਮ ਦੇ 350 ਸਾਲ ਬਾਅਦ ਵੀ ਉਹ ਕੌਮ ਦੀਆਂ ਧੜਕਨਾਂ ਵਿਚ ਜੀਅ ਰਹੇ ਹਨ ਅਤੇ ਜਦ ਤੱਕ ਇਹ ਦੁਨੀਆਂ ਕਾਇਮ ਰਹੇਗੀ ਗੁਰੂ ਸਾਹਿਬ ਦੀ ਵਿਚਾਰਧਾਰਾ ਸਾਨੂੰ ਸੇਧ ਦਿੰਦੀ ਰਹੇਗੀ। ਉਨਾਂ ਕਿਹਾ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ, ਜੋ ਗੁਰੂ ਸਾਹਿਬ ਜੀ ਦੇ ਜਨਮ ਦਿਵਸ ਮਨਾਉਣ ਦੀਆਂ ਖੁਸ਼ੀਆਂ ਲੈ ਰਹੇ ਹਾਂ।
ਇਸ ਮੌਕੇ ਮੁੱਖ ਭਾਸ਼ਣ ਦਿੰਦੇ ਪ੍ਰਸਿਧ ਇਤਹਾਸਕਾਰ ਪ੍ਰੋ. ਪਿ੍ਰਥੀਪਾਲ ਸਿੰਘ ਕਪੂਰ ਨੇ ਕਿਹਾ ਕਿ ਅੱਜ ਭਾਵੇਂ ਕਈ ਵਿਦਵਾਨ ਗੁਰੂ ਗੋਬਿੰਦ ਸਿੰਘ ਜੀ ਵਿਚਾਰਧਾਰਾ ਨੂੰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੋਂ ਨਿਖੇੜ ਕੇ ਵੇਖ ਰਹੇ ਹਨ, ਪਰ ਅਜਿਹਾ ਹਰਗਿਜ਼ ਨਹੀਂ ਹੋ ਸਕਦਾ।ਉਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਜਿਸ ਸਮਾਜਿਕ ਬਰਾਬਰਤਾ, ਮਾਨਵਤਾ ਅਤੇ ਸਿਧਾਂਤ ਦੀ ਗੱਲ ਕੀਤੀ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਉਸਨੂੰ ਅੱਗੇ ਤਰੋਦੇ ਹੋਏ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਜਬਰ-ਜ਼ੁਲਮ ਦਾ ਟਾਕਰਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਅਨਿਆਂ ਦਾ ਟਾਕਰਾ ਕਰਨ ਦੀ ਵਿਰਾਸਤ ਸਾਨੂੰ ਦਿੱਤੀ। ਉਨਾਂ ਕਿਹਾ ਕਿ ਜਾਤ-ਪਾਤ ਦਾ ਡਟਵਾਂ ਵਿਰੋਧ ਕੀਤਾ ਅਤੇ ਸਮਾਜਿਕ ਬਰਾਬਰਤਾ ਦੀ ਗੱਲ ਕਰਦੇ ਹੋਏ ਖਾਲਸਾ ਪੰਥ ਦੀ ਸਿਰਜਣਾ ਵੇਲੇ ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰੇ ਉਸ ਵੇਲੇ ਦੀਆਂ ਛੋਟੀਆਂ ਜਾਤਾਂ ਵਿਚੋਂ ਲਏ ਅਤੇ ਫਿਰ ਉਨਾਂ ਕੋਲੋਂ ਆਪ ਅੰਮਿ੍ਰਤ ਛੱਕ ਕੇ ੳੂਚ-ਨੀਚ ਦੇ ਭਿੰਨ-ਭੇਦ ਨੂੰ ਮਿਟਾ ਦਿੱਤਾ।ਉਨਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਕਿ ਅਸੀਂ ਗੁਰੂ ਸਾਹਿਬ ਦੇ ਪਦ-ਚਿੰਨਾਂ ਤੇ ਚੱਲਦੇ ਹੋਏ ਜਾਤ-ਪਾਤ ਦਾ ਵਖਰੇਵਾਂ ਮਿਟਾ ਦਈਏ ਅਤੇ ਮਨਾਵਤਾ ਦੇ ਭਲੇ ਲਈ ਅੱਗੇ ਆਈਏ।
ਕੈਲੇਫੋਰਨੀਆ ਯੂਨੀਵਰਸਿਟੀ, ਸੈਂਟ ਬਾਰਬਰਾ (ਅਮਰੀਕਾ) ਦੇ ਸਾਬਕਾ ਪ੍ਰੋਫੈਸਰ ਗਰਿੰਦਰ ਸਿੰਘ ਮਾਨ ਨੇ ਇਸ ਮੌਕੇ ਗੁਰੂ ਸਾਹਿਬ ਦੇ ਅਨੰਦਪੁਰ ਕਾਲ ਦਾ ਜ਼ਿਕਰ ਇਤਹਾਸਕ ਦਸਤਾਵੇਜ਼ ਅਤੇ ਪੁਰਤਾਨ ਤਸਵੀਰਾਂ ਨਾਲ ਵਿਖਾ ਕੇ ਗੁਰੂ ਸਾਹਿਬ ਜੀ ਦੀ ਜੀਵਨ-ਜਾਚ ਨੂੰ ਰੂਪਮਾਨ ਕੀਤਾ।ਉਨਾਂ ਦਸਤਾਵੇਜ ਦੇ ਹਵਾਲੇ ਦੇ ਕੇ ਸਪੱਸ਼ਟ ਕੀਤਾ ਕਿ ਗੁਰੂ ਸਾਹਿਬ ਇਕ ਉਚ ਕੋਟੀ ਦੇ ਯੋਜਨਾਕਾਰ ਸਨ ਅਤੇ ਉਨਾਂ ਦੇ ਦਰਬਾਰ ਵਿਚ ਉਸ ਵੇਲੇ ਦੇ ਚੰਗੇ ਲਿਖਾਰੀ, ਕਵੀਸ਼ਰ ਅਤੇ ਚਿਤਰਕਾਰ ਅਤੇ ਦਸਤਕਾਰ ਵੀ ਸਨ।ਇਸ ਲਈ ਉਨਾਂ ਨੇ ਰਹਿਣ ਲਈ ਅਨੰਦਪੁਰ ਸਾਹਿਬ ਦੀ ਚੋਣ, ਗੁਰੂ ਸਾਹਿਬ ਵੱਲੋਂ ਫੌਜੀ ਲਿਹਾਜ਼ ਨਾਲ ਕੀਤੀ ਗਈ ਕਿਲਿਆਂ ਦੀ ਉਸਾਰੀ, ਹਥਿਆਰਾਂ ਦੀ ਬਣਤਰ, ਲਿਖਤਾਂ, ਤਸਵੀਰਾਂ ਆਦਿ ਦਾ ਹਵਾਲਾ ਬੜੀ ਬਾਰੀਕੀ ਨਾਲ ਦਿੱਤਾ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਵਿਜ਼ਟਿੰਗ ਪੋ੍ਰਫੈਸਰ ਗੁਰਬੀਰ ਸਿੰਘ ਬਰਾੜ ਨੇ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੀ ਵਿਰਾਸਤ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਗੁਰੂ ਸਾਹਿਬ ਨਾਲ ਸੰਬੰਧਿਤ ਸ਼ਸਤਰਾਂ ਅਤੇ ਵਸਤਰਾਂ ਦੇ ਤਸਵੀਰਾਂ ਦੀਆਂ ਸਲਾਈਡਾਂ ਰਾਹੀਂ ਦਰਸ਼ਨ ਕਰਵਾਏ।
ਕੇਂਦਰ ਦੇ ਡਾਇਰੈਕਟਰ ਪੋ੍ਰਫੈਸਰ ਅਮਰਜੀਤ ਸਿੰਘ ਨੇ ਮੰਚ ਸੰਚਾਲਨ ਕੀਤਾ। ਡਾ. ਕਮਲਜੀਤ ਸਿੰਘ, ਡੀਨ ਅਕਾਦਮਿਕ ਮਾਮਲੇ ਨੇ ਆਏ ਹੋਏ ਵਿਦਵਾਨਾਂ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਕਮਲਜੀਤ ਸਿੰਘ ਸੰਘਾ, ਡਿਪਟੀ ਕਮਿਸ਼ਨਰ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੁਆਗਤ ਕੀਤਾ। ਯੂਨੀਵਰਸਿਟੀ ਦੇ ਰਜਿਸਟਰਾਰ, ਪੋ੍ਰ. ਕੰਵਲਜੀਤ ਸਿੰਘ ਕਾਹਲੋਂ ਵੱਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।ਯੂਨੀਵਰਸਿਟੀ ਵੱਲੋਂ ਮੁੱਖ ਬੁਲਾਰਿਆਂ ਅਤੇ ਮੁੱਖ ਮਹਿਮਾਨਾਂ ਨੂੰ ਰਸਮੀ ਤੌਰ ਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਨਾਲ ਸੰਬੰਧਿਤ ਪੋ੍ਰਜੈਕਟ ਅਧੀਨ ਇੱਕਤਰ ਕੀਤੀਆਂ ਗਈਆਂ ਗੁਰੂ ਜੀ ਦੀਆਂ ਨਿਸ਼ਾਨੀਆਂ ਦੇ ਫੋਟੋਗ੍ਰਾਫਸ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਇਸ ਪ੍ਰਦਰਸ਼ਨੀ ਵਿਚ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਇਤਿਹਾਸਕ ਸ਼ਸਤਰਾਂ ਤੇ ਵਸਤਰਾਂ ਦੀ ਤਸਵੀਰਾਂ ਰਾਹੀਂ ਯਾਤਰਾ ਦਰਸਾਈ ਗਈ।
Punjab Post Daily Online Newspaper & Print Media