ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਵਲੋਂ ਸਾਲ 2017 ਦੌਰਾਨ ਕੀਤੀਆਂ ਗਤੀਵਿਧੀਆਂ ਨਾਲ ਜਿਥੇ ਜ਼ਿਲ੍ਹੇ ਦੇ ਕਿਸਾਨਾਂ ਅੰਦਰ
ਨਵੀਆਂ ਆਸਾਂ ਵਿਚ ਵਾਧਾ ਹੋਇਆ ਹੈ, ਉਥੇ ਇਹ ਸਾਲ ਖੇਤੀਬਾੜੀ ਵਿਭਾਗ ਦੁਆਰਾ ਪ੍ਰਾਪਤ ਕੀਤੀਆਂ ਮਾਣਮੱਤੀਆਂ ਪ੍ਰਾਪਤੀਆਂ ਕਾਰਨ ਕਈ ਪੱਖਾਂ ਤੋਂ ਯਾਦਗਾਰੀ ਰਹੇਗਾ।ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਦੱਸਿਆ ਕਿ ਜ਼ਿਲਾ ਪਠਾਨਕੋਟ ਦਾ ਕੁੱਲ 47653 ਹੈਕਟੇਅਰ ਵਾਹੀਯੋਗ ਰਕਬਾ ਹੈ ਜਿਸ ਵਿੱਚੋਂ 25188 ਹੈਕਟੇਅਰ ਸੰਚਿਤ ਅਤੇ 20777 ਹੈਟੇਅਰ ਰਕਬਾ ਬਾਰਾਨੀ ਹੈ । ਉਨਾਂ ਕਿਹਾ ਕਿ ਜਿਲਾ ਪਠਾਨਕੋਟ ਦੇ ਹਾਲਾਤ ਬਹੁਭਾਂਤੀ ਹੋਣ ਕਾਰਨ ਕਿਸਾਨਾਂ ਦੀਆਂ ਸਮਸਿਆਵਾਂ ਜਿਵੇਂ ਬਾਰਾਨੀ ਖੇਤੀ ਦੀ ਅਨਿਸ਼ਤਤਾ, ਜੰਗਲੀ ਜਾਨਵਰਾਂ ਤੋਂ ਫਸਲਾਂ ਨੂੰ ਖਤਰਾ, ਖੇਤੀ ਜਿਨਸਾਂ ਦਾ ਸੁਚੱਜਾ ਮੰਡੀਕਰਨ ਨਾ ਹੋਣਾ, ਮੱਕੀ ਦੀ ਫਸਲ ਨੂੰ ਬਿਮਾਰੀਆਂ ਦਾ ਵਧੇਰੇ ਲੱਗਣਾ, ਸਬਜ਼ੀਆਂ ਹੇਠ ਘੱਟ ਰਕਬਾ, ਕਣਕ ਅਤੇ ਝੋਨੇ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਦਾ ਘੱਟ ਹੋਣਾ ਆਦਿ ਵੀ ਬਹੁਭਾਂਤੀ ਹਨ ਜੋ ਕਿਸਾਨਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਿਖਲਾਈ ਕੈਂਪਾਂ, ਸ਼ੋਸ਼ਲ, ਪਿ੍ਰੰਟ ਅਤੇ ਬਿਜਲਈ ਸੰਚਾਰ ਸਾਧਨਾਂ ਦੀ ਵਰਤੋਂ ਕਰਦਿਆਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਲ ਪੈਦਾ ਹੁੰਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਕੀਤੇ ਉਪਰਾਲਿਆਂ ਸਦਕਾ ਦੂਜੀ ਵਾਰ ਜ਼ਿਲਾ ਪਠਾਨਕੋਟ ਦੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨਾ ਸਾੜਣ ਕਾਰਨ ਪ੍ਰਦੂਸ਼ਣ ਨਾਮਾਤਰ ਰਿਹਾ ਹੈ, ਜਿਸ ਦੀ ਪੁਸ਼ਟੀ ਅਮਰੀਕਾ ਦੀ ਨਾਸਾ ਏਜੰਸੀ ਵੱਲੋਂ ਜਾਰੀ ਕੀਤੀ ਤਸਵੀਰ ਤੋਂ ਵੀ ਹੁੰਦੀ ਹੈ।
ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵਿਖਾਈ ਮੁਸਤੈਦੀ ਕਾਰਨ ਹਵਾ ਦਾ ਪ੍ਰਦੂਸ਼ਣ ਖਤਮ ਕਰਨ ਵਿੱਚ ਮਦਦ ਮਿਲੀ ਹੈ।ਜ਼ਿਲੇ ਦੇ ਕਿਸਾਨਾਂ ਨੇ ਵੀ ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਵਿਭਾਗ ਨਾਲ ਸਹਿਯੋਗ ਕਰਦਿਆਂ ਝੋਨੇ ਦੀ ਪਰਾਲੀ ਨੂੰ ਸਾੜਣ ਦੀ ਬਿਜਾਏ ਗੁੱਜਰ ਭਾਈਚਾਰੇ ਨੂੰ ਔਸਤਨ 4200/- ਰੁਪਏ ਪ੍ਰਤੀ ਏਕੜ ਪਰਾਲੀ ਵੇਚ ਕੇ ਜ਼ਿਲਾ ਪਠਾਨਕੋਟ ਨੂੰ ਪ੍ਰਦੂਸ਼ਣ ਰਹਿਤ ਕਰਨ ਵਿੱਚ ਮਦਦ ਕੀਤੀ ਹੈ, ਇਸ ਤਰਾਂ ਕਿਸਾਨਾਂ ਨੂੰ ਤਕਰੀਬਨ 106 ਕਰੋੜ ਦਾ ਸਿੱਧੇ ਅਤੇ ਅਸਿੱਧੇ ਤੌਰ `ਤੇ ਫਾਇਦਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਇਸ ਤਰਾਂ ਸਾਲ 2017 ਦੌਰਾਨ ਜ਼ਿਲਾ ਪਠਾਨਕੋਟ ਪੰਜਾਬ ਦਾ ਦੂਜੀ ਵਾਰ ਸਭ ਤੋਂ ਘੱਟ ਪ੍ਰਦੂਸ਼ਿਤ ਜਿਲਾ ਰਿਹਾ ਹੈ।
ਉਨਾਂ ਦਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਕੋਲ ਮੌਜੂਦ ਹੈਪੀਸੀਡਰ, ਜ਼ੀਰੋ ਡਰਿਲ ਅਤੇ ਚੌਪਰ ਕਮ ਸ਼ਰੈਡਰ ਦੀ ਵਰਤੋਂ ਕਰਦਿਆਂ ਝੋਨੇ ਦੀ ਪਰਾਲੀ ਸਾੜੇ ਬਗੈਰ ਕਣਕ ਦੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਖੇਤੀ ਜਿਨਸਾਂ ਦੇ ਸਿੱਧੇ ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਖੇਤ ਤੋਂ ਘਰ ਤੱਕ ਨਾਮ ਦੀ ਵੈਬਸਾਈਟ ਅਤੇ ਮੋਬਾਇਲ ਐਪ ਜਾਰੀ ਕੀਤੀ ਗਈ।ਉਨਾਂ ਕਿਹਾ ਕਿ ਵੈਬਸਾਈਟ ਅਤੇ ਸ਼ੋਸ਼ਲ ਮੀਡੀਆ ਦੀ ਵਰਤੋਂ ਨਾਲ ਖੇਤੀ ਉਤਪਾਦਾਂ ਦੀ ਵਿਕਰੀ ਨਾਲ ਕਿਸਾਨਾਂ ਅਤੇ ਖੱਪਤਕਾਰਾਂ ਨੂੰ ਫਾਇਦਾ ਹੋ ਰਿਹਾ ਹੈ।ਉਨਾਂ ਦੱਸਿਆ ਕਿ ਅਜਿਹਾ ਕਰਨ ਨਾਲ ਭਵਿੱਖ ਵਿੱਚ ਮੱਕੀ ਅਤੇ ਦਾਲਾਂ ਹੇਠ ਰਕਬਾ ਵਧਾਉਣ ਵਿੱਚ ਮਦਦ ਮਿਲੇਗੀ।ਉਨਾਂ ਦਸਿਆ ਕਿ ਕਿਸਾਨਾਂ ਅਤੇ ਖਪਤਕਾਰਾਂ ਵਿੱਚ ਬੇਹਤਰ ਸੰਬੰਧ ਬਨਾਉਣ ਲਈ ਕਿਸਾਨ ਬਾਜ਼ਾਰ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਖੇਤੀ ਜਿਨਸਾਂ ਦਾ ਬੇਹਤਰ ਭਾਅ ਅਤੇ ਖਪਤਕਾਰਾਂ ਨੂੰ ਤਾਜ਼ੀਆਂ ਅਤੇ ਵਾਜ਼ਬ ਭਾਅ ਤੇ ਖੇਤੀ ਜਿਨਸਾਂ ਮਿਲ ਸਕਣ।ਉਨਾਂ ਦੱਸਿਆ ਕਿ ਕਿਸਾਨ ਬਾਜ਼ਾਰ ਨੂੰ ਸ਼ਹਿਰ ਦੇ ਖੱਪਤਕਾਰਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਨਾਲ ਕਿਸਾਨ ਵੀ ਖੁਸ਼ ਹਨ।ਉਨਾਂ ਦੱਸਿਆ ਕਿ ਪਾਣੀ ਦੀ ਬੱਚਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ।ਉਨਾਂ ਦਸਿਆ ਕਿ ਕਣਕ ਦੇ ਬੀਜ ਦੀ ਬਦਲਣ ਦਰ ਵਧਾਉਣ ਲਈ ਤਸਦੀਕ ਸ਼ੁਦਾ ਬੀਜ 1000/-ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ `ਤੇ ਦਿਤਾ ਗਿਆ ਅਤੇ ਸਬਸਿਡੀ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਬਹੁਤ ਜਲਦ ਪਾ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਜ਼ਿਲੇ ਦੀ ਮਿੱਟੀ ਦੀ ਉਤਪਾਦਿਕਤਾ ਦਾ ਪਤਾ ਲਾਉਣ ਲਈ 31 ਦਸੰਬਰ ਤੱਕ 16000 ਤੋਂ ਵੱਧ ਮਿੱਟੀ ਦੇ ਸੈਂਪਲ ਪਰਖ ਕਰਕੇ ਜ਼ਮੀਨ ਦੀ ਸਿਹਤ ਨੂੰ ਦਰਸਾਉਂਦਾ ਜ਼ਿਲੇ ਦਾ ਨਕਸ਼ਾ ਤਿਆਰ ਕਰਵਾਇਆ ਜਾ ਰਿਹਾ ਹੈ ਤਾਂ ਜੋ ਖਾਦਾਂ ਦੀ ਸੰਤੁਲਤ ਵਰਤੋਂ ਕਰਕੇ ਸਿਹਤਮੰਦ ਫਸਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ।ਉਨਾਂ ਕਿਹਾ ਕਿ ਸਾਲ 2017 ਦੌਰਾਨ ਖੇਤੀਬਾੜੀ ਵਿਭਾਗ ਦੁਆਰਾ ਜ਼ਿਲਾ,ਬਲਾਕ,ਪਿੰਡ ਪੱਧਰੀ ਕਿਸਾਨ ਸਿਖਲਾਈ/ਜਾਗਰੁਕਤਾ ਕੈਂਪ ਅਤੇ ਫਾਰਮ ਸਕੂਲ ਲਗਾਉਣ ਨਾਲ, ਝੋਨੇ ਦੀ ਕਾਸ਼ਤ ਦੌਰਾਨ ਬੇਲੋੜੀਆਂ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਘਟਾਉਣ ਵਿੱਚ ਮਦਦ ਮਿਲੀ ਹੈ। ਉਨਾਂ ਦੱਸਿਆ ਕਿ ਸਿੱਲ ਵਾਲੇ ਇਲਾਕਿਆਂ ਵਿੱਚ ਕਣਕ ਦੀ ਫਸਲ ਨੂੰ ਹੁੰਦੇ ਨੁਕਸਾਨ ਨੂੰ ਘੱਟ ਕਰਨ ਬੈੱਡ ਪਲਾਟਿੰਗ ਨੂੰ ਉਤਸ਼ਾਹਿਤ ਕੀਤਾ ਗਿਆ ਹੈ।
ਕਿਸਾਨਾਂ ਦੀ ਬਿਹਤਰੀ ਲਈ ਖੇਤੀਬਾੜੀ ਵਿਭਾਗ ਦੀਆ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸਾਨਾਂ ਨੂੰ ਜੰਗਲੀ ਜਾਨਵਰਾਂ ਤੋਂ ਰਾਹਤ ਦਿਵਾਉਣ ਲਈ ਜਲਦੀ ਹੀ ਜੰਗਲੀ ਜਾਨਵਰ ਰੀਪੈਲੈਂਟ ਦਵਾਈ ਦੇ ਤਜ਼ੱਰਬੇ ਸ਼ੁਰੂ ਕੀਤੇ ਜਾ ਰਹੇ ਹਨ ਜਿਸ ਨਾਲ ਜੰਗਲੀ ਜਾਨਵਰਾਂ ਤੋਂ ਫਸਲਾਂ ਦੇ ਹੁੰਦੇ ਨੁਕਸਾਨ ਨੂੰ ਖਤਮ ਕੀਤਾ ਜਾ ਸਕੇਗਾ।ਉਨਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਮੰਗ ਅਧਾਰਿਤ ਜੈਵਿਕ ਕੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਖਪਤਕਾਰਾਂ ਮਿਆਰੀ ਖੇਤੀ ਉਤਪਾਦ ਅਤੇ ਕਿਸਾਨਾਂ ਨੂੰ ਵਿੱਤੀ ਫਾਇਦਾ ਹੋ ਸਕੇ।ਉਨਾਂ ਕਿਹਾ ਕਿ ਮਟਰਾਂ ਅਤੇ ਆਲੂਆਂ ਦੀ ਕਾਸ਼ਤ ਤੋਂ ਬਾਅਦ ਅਤੇ ਝੋਨੇ ਦੀ ਕਾਸਤ ਤੋਂ ਪਹਿਲੇ ਸਮੇਂ ਦੌਰਾਨ ਰਾਜਮਾਂਹ ਦੀ ਖੇਤੀ ਨੂੰ ਉਤਸਾਹਿਤ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਇਨਾਂ ਦੋਨਾਂ ਫਸਲਾਂ ਦੀ ਕਾਸ਼ਤ ਕਰਨ ਦੇ ਚਾਹਵਾਨ ਕਿਸਾਨਾਂ ਨੂੰ ਤਕਨੀਕੀ ਗਿਆਨ ਤੋਂ ਇਲਾਵਾ ਸੁਧਰਿਆ ਬੀਜ ਵੀ ਮੁਹੱਈਆ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਬਲਾਕ ਧਾਰਕਲਾਂ ਵਿੱਚ ਦਵਾਈਆਂ ਵਿੱਚ ਵਰਤੀਆਂ ਜਾਣ ਵਾਲੀਆਂ ਫਸਲਾਂ ਦੀ ਕਾਸਤ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media