ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀ ਜੰਮੂ-ਕਸ਼ਮੀਰ ਦੇ ਰਾਜੌਰੀ ਜਿਲ੍ਹੇ ਦੇ ਕੇਰੀ ਸੈਕਟਰ ਵਿਖੇ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ
ਤੇ ਪਾਕਿ ਫੌਜ਼ ਦੇ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਅਲਕੜੇ ਨਿਵਾਸੀ ਫੌਜ਼ੀ ਜ਼ਵਾਨ ਲਾਂਸ ਨਾਇਕ ਗੁਰਮੇਲ ਸਿੰਘ ਦੇ ਪੀੜ੍ਹਤ ਪਰਿਵਾਰ ਦੇ ਨਾਲ ਸ਼ੋ੍ਰਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸਾਬਕਾ ਐਮ.ਪੀ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ `ਤੇ ਪਾਰਟੀ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ, ਅਮਰੀਕ ਸਿੰਘ ਨੰਗਲ, ਕੁਲਵੰਤ ਸਿੰਘ ਮੁਝੈਲ, ਕੁਲਵੰਤ ਸਿੰਘ ਮਜੀਠਾ ਆਦਿ ਦੇ ਵੱਲੋਂ ਮੁਲਾਕਾਤ ਕਰਦੇ ਹੋਏ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਆਗੂਆਂ ਨੇ ਜ਼ਿਥੇ ਸ਼ਹੀਦ ਗੁਰਮੇਲ ਸਿੰਘ ਦੀ ਬਹਾਦਰੀ ਦੀ ਪ੍ਰਸ਼ੰਸ਼ਾ ਕੀਤੀ ਗਈ। ਉਥੇ ਸ਼ਹੀਦ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ ਗਿਆ। ਹਲੀਮੀ ਰਾਜ ਦੀ ਵਕਾਲਤ ਕਰਦਿਆਂ ਪਾਰਟੀ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਭਾਰਤੀ ਹਿੰਦੂਵਾਦੀ ਰਾਜਨੀਤਿਕ ਤਾਕਤਾਂ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਕਸ਼ੀਦਗੀ ਭਰੇ ਮਾਹੌਲ ਦਾ ਹਵਾਲਾ ਦੇ ਕੇ ਫੌਜ਼ ਤੇ ਅਰਧ ਸੈਨਿਕ ਬਲਾਂ ਦੇ ਵਿੱਚ ਤਾਇਨਾਤ ਘੱਟ ਗਿਣਤੀ ਕੌਮਾਂ ਖਾਸਕਰ ਸਿੱਖਾਂ ਨੂੰ ਅੱਗੇ ਕਰਕੇ ਤੇ ਇੱਕ ਗਿਣੀ ਮਿੱਥੀ ਸਾਜ਼ਿਸ ਤਹਿਤ ਪਾਕਿ ਫੌਜ਼ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਸ਼ੋ੍ਰਮਣੀ ਅਕਾਲੀ ਦਲ (ਅ) ਹਲੀਮੀ ਰਾਜ ਦੀ ਮੰਗ ਕਰਦਾ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਹਲੀਮੀ ਰਾਜ ਹੋਂਦ ਵਿੱਚ ਆ ਜਾਣ ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ, ਚੀਨ, ਬੰਗਲਾਦੇਸ਼, ਨੇਪਾਲ, ਭੁਟਾਨ, ਸ਼੍ਰੀਲੰਕਾ ਤੇ ਬ੍ਰਹਮਾ ਆਦਿ ਦੇਸ਼ਾਂ ਦੇ ਨਾਲ ਸਬੰਧ ਸੁਖਾਵੇਂ ਤੇ ਖੁਸ਼ਹਾਲ ਹੋਣਗੇ। ਉਨ੍ਹਾਂ ਕਿਹਾ ਕਿ ਹਲੀਮੀ ਰਾਜ ਵਿੱਚ ਹਰ ਧਰਮ, ਹਰ ਵਰਗ ਤੇ ਵਿਸ਼ੇਸ਼ਕਰ ਘੱਟ ਗਿਣਤੀ ਕੌਮਾਂ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਦਾ ਨਿੱਘ ਮਾਨਣ ਦੀ ਖੁੱਲ ਹੋਵੇਗੀ ਤੇ ਕਿਸੇ ਨੂੰ ਵੀ ਅਜਿਹੀ ਧੱਕੇਸ਼ਾਹੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media