ਸੰਘਰਸ਼ ਸਦਕਾ ਮ੍ਰਿਤਕ ਨੌਜੁਆਨ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣ ਦੀ ਬੱਝੀ ਉਮੀਦ
ਸੰਦੌੜ, 8 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਮਾਣਕੀ ਦੇ ਨੌਜਵਾਨ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਦੀ ਦੁਰਘਟਨਾ ਵਿਚ ਹੋਈ ਮੌਤ ਤੋਂ
ਬਾਅਦ ਕੋਈ ਵੀ ਕਾਰਵਾਈ ਨਾ ਹੋਣ ਤੇ ਰੋਸ ਵਜੋਂ ਸੰਦੌੜ ਥਾਣੇ ਦਾ ਘਿਰਾਓ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ।
ਵਰਨਣਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਪੁਲਸ ਅਧਿਕਾਰੀਆਂ ਵਲੋਂ ਲਗਾਤਾਰ ਟਾਲ ਮਟੋਲ ਤੋਂ ਤੰਗ ਆਏ ਲੋਕਾਂ ਅਤੇ ਪੀੜਤ ਪਰਵਾਰ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਥਾਣੇ ਅੱਗੇ ਧਰਨਾ ਦਿੱਤਾ ਹੋਇਆ ਸੀ, ਪਰ ਅੱਜ ਕਿਸਾਨਾਂ ਨੇ ਸੰਦੌੜ ਥਾਣੇ ਦਾ ਮੁਕੰਮਲ ਤੌਰ ਤੇ ਘਿਰਾਓ ਕਰ ਲੈਣ ਉਪਰੰਤ ਪੁਲਿਸ ਥਾਣੇ ਦੇ ਉੱਚ ਅਧਿਕਾਰੀਆਂ ਨੂੰ ਥਾਣੇ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ।ਇਸ ਦੌਰਾਨ ਕਿਸੇ ਵੀ ਅਧਿਕਾਰੀ ਨੰੂ ਥਾਣੇ ਤੋਂ ਬਾਹਰ ਨਾ ਆਉਣ ਦਿੱਤਾ ਗਿਆ।
ਇਸ ਮੌਕੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਦੋਸ਼ੀਆਂ ਨਾਲ ਮਿਲੀ ਭੁਗਤ ਨਾਲ ਪੈਸੇ ਅਤੇ ਸਿਆਸੀ ਜ਼ੋਰ `ਤੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।ਉਨਾਂ ਨੇ ਐਲਾਨ ਕੀਤਾ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣ ਤੱਕ ਥਾਣੇ ਦਾ ਘਿਰਾਓ ਲਗਾਤਾਰ ਜਾਰੀ ਰੱਖਿਆ ਜਾਵੇਗਾ।ਇਸ ਵਧਦੇ ਜਾ ਰਹੇ ਰੋਸ ਅੱਗੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਜਿਸ ਦੇ ਮੱਦੇਨਜ਼ਰ ਧਰਨਾਕਾਰੀਆਂ ਦੀਆਂ ਮੰਗਾ ਨੂੰ ਮੰਨਦੇ ਹੋਏ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮ੍ਰਿਤਕ ਨੌਜੁਆਨ ਜਸ਼ਨਪ੍ਰੀਤ ਸਿੰਘ ਦੇ ਪਿਤਾ ਪਿ੍ਰਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ `ਤੇ ਦੋ ਸ਼ੱਕੀ ਵਿਅਕਤੀ ਸਤਵੀਰ ਸਿੰਘ ਪੁੱਤਰ ਚਮਕੌਰ ਸਿੰਘ ਅਤੇ ਗੁਰਬਖ਼ਸ਼ ਸਿੰਘ ਪੁੱਤਰ ਬਿੱਕਰ ਸਿੰਘ ਦੋਵੇਂ ਵਾਸੀ ਮਾਣਕੀ ਖਿਲਾਫ ਧਾਰਾ 279, 304ਏ, 427 ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ।ਇਸ ਉਪਰੰਤ ਗੇਟ ਦਾ ਘਿਰਾਓ ਖ਼ਤਮ ਕਰ ਦਿਤਾ ਗਿਆ।
ਉਪਰੰਤ ਬੁਲਾਰਿਆਂ ਨੇ ਐਲਾਨ ਕੀਤਾ ਕਿ ਜੇਕਰ ਪੀੜਤਾਂ ਨੂੰ ਪੂਰਾ ਇਨਸਾਫ਼ ਨਾ ਮਿਲਿਆਂ ਤਾਂ ਦੁਬਾਰਾ ਵੀ ਸੰਘਰਸ਼ ਕੀਤਾ ਜਾ ਸਕਦਾ ਹੈ। ਸੰਬੋਧਨ ਕਰਨ ਵਾਲੇ ਆਗੂਆਂ ਵਿਚ ਬਲਜਿੰਦਰ ਸਿੰਘ ਹਥਨ, ਹਰਬੰਸ ਸਿੰਘ ਲੱਡਾ, ਦਰਬਾਰਾ ਸਿੰਘ ਛਾਜਲਾ, ਦਿਲਬਾਗ ਸਿੰਘ ਹਰੀਗੜ, ਜਸਵਿੰਦਰ ਸੋਮਾ ਲੌਂਗੋਵਾਲ ਅਤੇ ਜਿੱਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਸ਼ਾਮਲ ਸਨ ਉਨਾਂ ਇਲਾਕਾ ਨਿਵਾਸੀਆਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਵੰਤ ਸਿੰਘ ਮਾਣਕੀ, ਜਰਨੈਲ ਸਿੰਘ ਭੈਣੀ ਕਲਾਂ, ਨਿਰਮਲ ਸਿੰਘ ਰੋਹਣੋਂ, ਦਰਸ਼ਨ ਸਿੰਘ ਰੋਹਣੋਂ, ਬਲਵਿੰਦਰ ਸਿੰਘ ਭੋਗੀਵਾਲ, ਸੰਦੀਪ ਸਿੰਘ ਧੂਰੀ, ਸੁਖਮੀਤ ਸਿੰਘ ਅਲੀਪੁਰ, ਜਰਨੈਲ ਸਿੰਘ ਹਿੰਮਤਾਨਾ, ਸ਼ੇਰ ਸਿੰਘ ਖੱਟੜਾ, ਗੁਰਜੀਤ ਸਿੰਘ ਚੁੰਘਾ, ਮਹਿੰਦਰ ਸਿੰਘ ਜਾਤੀ ਮਾਜਰਾ, ਮਨਜੀਤ ਸਿੰਘ ਜਹਾਂਗੀਰ, ਬੰਤ ਸਿੰਘ ਹਥਨ, ਚਮਕੌਰ ਸਿੰਘ ਭੁਰਥਲਾ, ਦਰਸ਼ਨ ਸਿੰਘ ਰੁੜਕੀ ਕਲਾਂ, ਰਾਜ ਸਿੰਘ ਰੁੜਕੀ ਕਲਾਂ, ਜਸਵੀਰ ਕੌਰ ਪ੍ਰਧਾਨ ਮਾਣਕੀ ਅਤੇ ਗੁਰਪ੍ਰੀਤ ਕੌਰ ਹਥਨ ਆਦਿ ਆਗੂ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media