ਪਾਣੀ, ਹਵਾ ਅਤੇ ਵਾਤਾਵਰਣ ਬਚਾਉਣਾ ਸਰਕਾਰ ਦੀ ਮੁੱਖ ਤਰਜੀਹ-ਸਿੱਧੂ
ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) -ਵਿਸ਼ਵ ਵਾਤਾਵਰਣ ਦਿਵਸ ਮੌਕੇ ਪੰਜਾਬੀਆਂ ਨੂੰ ਵਾਤਾਵਰਣ ਪ੍ਰਤੀ ਜਾਗਣ ਦਾ ਹੋਕਾ ਦੇਣ ਦੇ ਇਰਾਦੇ ਨਾਲ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਰਿਆ ਬਿਆਸ, ਜਿੱਥੇ ਕਿ ਬੀਤੇ ਦਿਨੀਂ ਇਕ ਮਿਲ ਵਿਚੋਂ ਸੀਰਾ ਰਿਸਣ ਕਾਰਨ ਸੈਂਕੜੇ ਜਲ ਜੀਵ ਮਾਰੇ ਗਏ ਸਨ, ਵਿਖੇ ਪਹੁੰਚ ਕੇ ਮੱਛੀ ਦਾ 10 ਹਜ਼ਾਰ ਪੂੰਗ ਦਰਿਆ ਵਿਚ ਪਾ ਕੇ ਜਲ ਅਤੇ ਜਲ ਜੀਵ ਬਚਾਉਣ ਦਾ ਹੋਕਾ ਦਿੱਤਾ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰਾ ਨਾਲ ਬਿਆਸ ਪੁੱਜੇ ਸਿੱਧੂ ਕਿਸ਼ਤੀ ਤੇ ਸਵਾਰ ਹੋਏ ਅਤੇ ਦਰਿਆ ਦੇ ਵਿਚ ਜਾ ਕੇ ਮੱਛੀ ਪੂੰਗ ਪਾਉਣ ਦੀ ਸ਼ੁਰੂਆਤ ਕੀਤੀ।ਉਨਾਂ ਦੇ ਸੈਂਕੜੇ ਹਮਾਇਤੀਆਂ ਨੇ ਦਰਿਆ ਬਚਾਉ, ਵਾਤਾਵਰਣ ਬਚਾਓ ਦਾ ਹੋਕਾ ਦਿੰਦੇ ਬੈਨਰ ਹੱਥਾਂ ਵਿਚ ਚੁੱਕੇ ਹੋਏ ਸਨ।ਸਿੱਧੂ ਨੇ ਆਪ ਵੀ ਇਸ ਮੌਕੇ ਲੋਕਾਂ ਨੂੰ ਜਗਾਉਣ ਦੇ ਮਕਸਦ ਨਾਲ ਪਾਣੀ ਤੇ ਹਵਾ ਬਚਾਉਣ ਦੇ ਨਾਅਰੇ ਲਗਾਏ।
ਇਸ ਮੌਕੇ ਮੀਡੀਏ ਨਾਲ ਗੱਲਬਾਤ ਕਰਦੇ ਸਿੱਧੂ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਤੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁੱਤ ਵੱਡੀ ਲੋੜ ਹੈ।ਉਨਾਂ ਕਿਹਾ ਕਿ ਜੋ ਨੁਕਸਾਨ ਪੰਜਾਬ ਦੀ ਆਬੋ-ਹਵਾ ਦਾ ਹੋ ਚੁੱਕਾ ਹੈ, ਉਸ ਨੂੰ ਭਰਨਾ ਬੜਾ ਔਖਾ ਹੈ, ਪਰ ਇਸ ਵਿਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਤਾਂ ਹੋਣੀਆਂ ਚਾਹੀਦੀਆਂ ਹਨ।ਉਨਾਂ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਦਰਿਆਈ ਪਾਣੀ ਨੂੰ ਪ੍ਰਦੂਸ਼ਣ ਤੋਂ ਮੁੁੱਕਤ ਕਰਨ ਤੱਕ ਕੋਸ਼ਿਸ਼ ਜਾਰੀ ਰਹੇਗੀ।
ਉਨਾਂ ਕਿਹਾ ਕਿ ਦਰਿਆ ਬਿਆਸ ਵਿਚ ਮੇਰੇ ਇਕੱਲੇ ਦੇ ਮੱਛੀਆਂ ਪਾਉਣ ਨਾਲ ਪੰਜਾਬ ਦਾ ਵਾਤਾਵਰਣ ਸਾਫ ਨਹੀਂ ਹੋ ਜਾਣਾ, ਬਲਕਿ ਇਸ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪੈਣਾ ਹੈ ਅਤੇ ਇਹ ਤਾਂ ਲੋਕਾਂ ਨੂੰ ਜਗਾਉਣ ਦੀ ਇਕ ਕੋਸ਼ਿਸ਼ ਹੈ।ਸਿੱਧੂ ਨੇ ਕਿਹਾ ਕਿ ਗੰਦਲੇ ਹੋ ਰਹੇ ਦਰਿਆਵਾਂ ਨੂੰ ਸਾਫ ਕਰਨਾ, ਪਲਾਸਟਿਕ ਤੋਂ ਮੁੱਕਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ, ਜੋ ਕਿ ਕੇਵਲ ਜਲ ਜੀਵਾਂ ਲਈ ਹੀ ਨਹੀਂ, ਬਲਕਿ ਮਨੁੱਖੀ ਜੀਵਨ ਲਈ ਵੀ ਹਾਨੀਕਾਰਕ ਹੈ।ਉਨਾਂ ਮੁੱਖ ਮੁੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਾਹਨਾ ਕੀਤੀ ਜਿੰਨਾਂ ਨੇ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ।ਸਿੱਧੂ ਨੇ ਡਿਪਟੀ ਕਮਿਸ਼ਨਰ ਸੰਘਾ ਦੀ ਵੀ ਸਿਫਤ ਕਰਦੇ ਕਿਹਾ ਕਿ ਇੰਨਾਂ ਨੇ ਵੀ ਆਪਣੇ ਪੱਧਰ ’ਤੇ ਜ਼ਿਲ੍ਹੇ ਵਿਚੋਂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਡੇ ਕਦਮ ਚੁੱਕੇ ਹਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media