Saturday, August 22, 2026

ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਸਿਕਲੀਗਰ ਸਿੱਖਾਂ ਲਈ ਇੰਦੌਰ ’ਚ ਉਦਯੋਗਿਕ ਸਿਖਲਾਈ ਕੇਂਦਰ ਦਾ ਐਲਾਨ

ਇੰਦੌਰ ਦੇ ਗੁਰਦੁਆਰਾ ਸਾਹਿਬ ਵਿਖੇ ਕਾਰ ਸੇਵਾ ’ਚ ਲਿਆ ਹਿੱਸਾ

PPN1306201811ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇੰਦੌਰ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਬੇਟਮਾਂ ਸਾਹਿਬ ਵਿਖੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਸਿਕਲੀਗਰ ਸਿੱਖਾਂ ਦੇ ਬੱਚਿਆਂ ਲਈ ਇੰਦੌਰ ਵਿਖੇ ਉਦਯੋਗਿਕ ਸਿਖਲਾਈ ਕੇਂਦਰ ਸਥਾਪਤ ਕਰੇਗੀ ਅਤੇ ਸਿਕਲੀਗਰ ਸਿੱਖ ਭਾਈਚਾਰੇ ਨੂੰ ਸਿੱਖਾਂ ਦੇ ਰਵਾਇਤੀ ਸ਼ਸਤਰ ਬਣਾਉਣ ਲਈ ਦਸਤਕਾਰੀ ਸਕੂਲ (ਕਾਰਖਾਨਾ) ਲਗਾਉਣ ਲਈ ਵੀ ਸਹਾਇਤਾ ਦੇਵੇਗੀ।ਲੌਂਗੋਵਾਲ ਬਾਬਾ ਘੋਲਾ ਸਿੰਘ ਸਰਹਾਲੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਦੀ ਪਹਿਲੀ ਮੰਜ਼ਲ ਦੇ ਲੈਂਟਰ ਦੀ ਕਾਰ ਸੇਵਾ ਸਮੇਂ ਇੰਦੌਰ ਵਿਖੇ ਪਹੁੰਚੇ ਹੋਏ ਸਨ।ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਅਤੇ ਦਿੱਲੀ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੀ ਮੌਜੂਦ ਸਨ।ਪ੍ਰਧਾਨ ਨੇ ਕਿਹਾ ਕਿ ਸਿਕਲੀਗਰ ਸਿੱਖ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਸਿੱਖੀ ਨਾਲ ਜੁੜੇ ਹੋਏ ਹਨ ਅਤੇ ਸ਼੍ਰੋਮਣੀ ਕਮੇਟੀ ਇਨ੍ਹਾਂ ਦੀ ਹਰ ਸੰਭਵ ਮੱਦਦ ਲਈ ਵਚਨਬਧ ਹੈ।ਉਨ੍ਹਾਂ ਕਿਹਾ ਕਿ ਸਿਕਲੀਗਰ ਸਿੱਖਾਂ ਨੂੰ ਰਵਾਇਤੀ ਸਿੱਖ ਸ਼ਸਤਰ ਤਿਆਰ ਕਰਨ ਵਿਚ ਮੁਹਾਰਤ ਹਾਸਲ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਅੰਮ੍ਰਿਤ ਸੰਚਾਰ ਸਮਾਗਮਾਂ ਲਈ ਸਿਕਲੀਗਰ ਸਿੱਖਾਂ ਪਾਸੋਂ ਕਿਰਪਾਨਾਂ ਤੇ ਕੜੇ ਖਰੀਦੇ ਜਾਇਆ ਕਰਨਗੇ।ਕਮੇਟੀ ਪ੍ਰਧਾਨ ਨੇ ਸਿਕਲੀਗਰ ਸਿੱਖਾਂ ਦੇ ਇਕ ਹਜ਼ਾਰ ਬੱਚਿਆਂ ਨੂੰ ਦੁਨਿਆਵੀ ਅਤੇ ਗੁਰਮਤਿ ਦੀ ਵਿਦਿਆ ਦੇਣ ਦਾ ਵੀ ਭਰੋਸਾ ਦਿੱਤਾ।ਜੀ.ਕੇ ਨੇ ਸਿਕਲੀਗਰ ਸਿੱਖਾਂ ਦੇ ਬੱਚਿਆਂ ਲਈ ਬਣਾਏ ਜਾਣ ਵਾਲੇ ਉਦਯੋਗਿਕ ਸਿਖਲਾਈ ਕੇਂਦਰ ਵਾਸਤੇ ਪੰਜ ਲੱਖ ਰੁਪਏ ਦਾ ਚੈਕ ਵੀ ਦਿੱਤਾ।    
    ਇਸ ਮੌਕੇ ਬਾਬਾ ਘੋਲਾ ਸਿੰਘ ਕਾਰਸੇਵਾ ਸਰਹਾਲੀ ਵਾਲੇ, ਧਰਮ ਪ੍ਰਚਾਰ ਕਮੇਟੀ ਦਿੱਲੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ, ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਪ੍ਰਧਾਨ ਮਨਜੀਤ ਸਿੰਘ ਰਿੰਕੂ ਭਾਟੀਆ, ਜਨਰਲ ਸਕੱਤਰ ਜਸਬੀਰ ਸਿੰਘ ਗਾਂਧੀ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਦਰਸ਼ਨ ਸਿੰਘ ਲੌਂਗੋਵਾਲ, ਬਾਬਾ ਗਿਆਨ ਸਿੰਘ ਮਨਹਾਲਾ, ਬਾਬਾ ਤੇਗਾ ਸਿੰਘ ਸ਼ਿਵਪੁਰੀ, ਕਾਰਸੇਵਾ ਸੰਪ੍ਰਦਾ ਭੂਰੀਵਾਲਿਆਂ ਵੱਲੋਂ ਬਾਬਾ ਸਰਪੰਚ ਉਜੈਨ, ਗਿਆਨੀ ਗੁਰਮੀਤ ਸਿੰਘ, ਚਰਨਬੀਰ ਸਿੰਘ, ਨਿਰਮਲ ਸਿੰਘ ਇੰਦੌਰ, ਮਨਵਿੰਦਰ ਸਿੰਘ, ਅਮਰਜੀਤ ਸਿੰਘ, ਦਿਲਬਾਗ ਸਿੰਘ, ਬਾਬਾ ਗੁਰਭੇਜ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।

 

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply