ਕਾਂਗਰਸ ਨੇ ਹਮੇਸ਼ਾਂ ਪੰਜਾਬ, ਪੰਜਾਬੀਅਤ ਅਤੇ ਗੁਰੂਆਂ ਤੇ ਸੰਤਾਂ ਦੇ ਇਤਹਾਸ ਨਾਲ ਕੀਤਾ ਖਿਲਵਾੜ – ਤਰੁਣ ਚੁੱਗ
ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਗ ਨੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਗੁਰੂਆਂ ਦੇ ਇਤਹਾਸ ਦੇ ਪੰਨਿਆਂ ਨੂੰ ਘਟਾ ਕੇ ਅਤੇ ਮੁਗਲਾਂ ਦੇ ਇਤਿਹਾਸ ਦੇ ਨੂੰ ਵਧਾ ਚੜਾ ਕੇ 12ਵੀਂ ਦੀਆਂ ਕਿਤਾਬਾਂ ਵਿੱਚ ਛੇੜ-ਛਾੜ ਕੀਤੀ ਸੀ ਅਤੇ ਭਾਜਪਾ ਅਤੇ ਅਕਾਲੀ ਦਲ ਵਲੋਂ ਇਹ ਮਾਮਲਾ ਚੁੱਕਣ ਦੇ ਬਾਅਦ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਕਿਰਪਾਲ ਸਿੰਘ ਦੀ ਕਮੇਟੀ ਨੇ ਵੀ ਭਾਜਪਾ ਅਕਾਲੀ ਸਟੈਂਡ ਦੀ ਪੁਸ਼ਟੀ ਕੀਤੀ ਹੈ ।
ਉਨ੍ਹਾਂ ਨੇ ਕਿਹਾ ਦੀ ਵਿਦਿਆਰਥੀ ਹਮੇਸ਼ਾਂ ਇਤਿਹਾਸ ਦੀਆਂ ਕਿਤਾਬਾਂ ਤੋਂ ਆਪਣੇ ਰੋਲ ਮਾਡਲ ਲੱਭਦੇ ਹਨ ਅਤੇ ਸਾਡੇ ਗੁਰੂਆਂ ਦਾ ਸਾਹਸ, ਕੁਰਬਾਨੀ ਦੀ ਪਰੰਪਰਾ ਦਾ ਇਤਿਹਾਸ ਹਮੇਸ਼ਾਂ ਪ੍ਰਰੇਣਾ ਦਿੰਦਾ ਹੈ।ਪੰਜਾਬ ਸਰਕਾਰ ਇਤਿਹਾਸ ਦੀ 12ਵੀਂ ਜਮਾਤ ਦੇ ਜਵਾਨੀ ਦੀ ਦਹਿਲੀਜ਼ `ਤੇ ਖੜੇ ਨੌਜਵਾਨਾਂ ਨੂੰ ਵਿਗੜਿਆ ਹੋਇਆ ਇਤਿਹਾਸ ਪੜਾ ਕੇ ਪੰਜਾਬ ਨੂੰ ਗੁਲਾਮੀ ਦੀ ਮਾਨਸਿਕਤਾ ਵੱਲ ਲੈ ਜਾਣਾ ਚਾਹੁੰਦੀ ਹੈ ।
ਚੁੱਗ ਨੇ ਕਿਹਾ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਨੇ ਹਮੇਸ਼ਾਂ ਅੰਗ੍ਰੇਜਾਂ, ਮੁਗਲਾਂ ਦੇ ਇਤਹਾਸ ਨੂੰ ਵਡਿਆਈ ਦੇ ਕੇ ਆਪਣੇ ਸਿਆਸੀ ਫਾਇਦੇ ਲਈ ਭਾਰਤ ਦੇ ਗੁਰੂਆਂ, ਸੰਤਾਂ, ਮਹਾਨ ਸਵਤੰਤਰਤਾ ਸੇਨਾਨੀਆਂ ਦੀ ਸੂਰਬੀਰਤਾ ਅਤੇ ਸਾਹਸ ਭਰੇ ਕੁਰਬਾਨੀ ਵਾਲੇ ਇਤਹਾਸ ਨੂੰ ਵਿਸਥਾਰ ਨਾਲ ਪੜਾਉਣ ਵਿੱਚ ਕਦੇ ਦਿਲਚਸਪੀ ਨਹੀ ਵਿਖਾਈ ।
ਚੁੱਗ ਨੇ ਪੰਜਾਬ ਦੇ ਨਵਨਿਯੁੱਕਤ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਤੋਂ ਮੰਗ ਕਰਦੇ ਹੋਏ ਕਿਹਾ ਦੀ ਪੰਜਾਬ ਸਰਕਾਰ ਵਲੋਂ ਗਠਿਤ 6 ਮੈਂਬਰੀ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਵਾ ਕੇ 12ਵੀਂ ਜਮਾਤ ਦੇ ਇਤਹਾਸ ਦੀਆਂ ਕਿਤਾਬਾਂ ਵਲੋਂ ਛੇੜਛਾੜ ਕਰਨ ਵਾਲੇ ਜਿੰਮੇਵਾਰ ਲੋਕਾਂ ਨੂੰ ਬਰਖਾਸਤ ਕਰਕੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂਕਿ ਭਵਿੱਖ ਵਿੱਚ ਕੋਈ ਅਜਿਹਾ ਕੰਮ ਕਰਨ ਦੀ ਹਿੰਮਤ ਨਾ ਕਰ ਸਕਣ ।