ਹਾ ਸਾਰਾ ਵੈਟ ਰੀਫਿੰਡ ਦਸੰਬਰ ਤੱਕ, ਨਵੀਂ ਸਨਅਤ ਨੀਤੀ ਅਗਲੇ ਮਹੀਨੇ
ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਸਨਅਤ ਅਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਐਲਾਨ ਕੀਤਾ ਕਿ ਪੰਜਾਬ ਦੀ ਸਨਅਤ ਨੂੰ ਹੁਲਾਰਾ ਦੇਣ ਲਈ ਬਣਾਈ ਗਈ ਨਵੀਂ ਸਨਅਤ ਨੀਤੀ ਅਗਲੇ ਮਹੀਨੇ ਲਾਗੂ ਕਰ ਦਿੱਤੀ ਜਾਵੇਗੀ, ਜਿਸ ਵਿਚ ਬਿਮਾਰ ਸਨਅਤਾਂ ਨੂੰ ਯਕਮੁਸ਼ਤ ਸਮਝੌਤੇ (ਵੰਨ ਟਾਈਮ ਸੈਟਲਮੈਂਟ) ਦਾ ਮੌਕਾ ਦਿੱਤਾ ਜਾਵੇਗਾ।ਸਥਾਨਕ ਸਨਅਤਕਾਰਾਂ ਅਤੇ ਵਪਾਰੀਆਂ ਕੋਲੋਂ ਉਨਾਂ ਦੀਆਂ ਮੁਸ਼ਿਕਲਾਂ ਤੇ ਮਸਲੇ ਸੁਣਨ ਲਈ ਵਿਸ਼ੇਸ਼ ਤੌਰ ’ਤੇ ਆਏ ਅਰੋੜਾ ਨੇ ਕਿਹਾ ਕਿ ਵੈਟ ਰਿਫੰਡ ਦੇ ਬਕਾਇਆ ਪਏ ਕੇਸਾਂ ਸਬੰਧੀ ਵਿਤ ਮੰਤਰੀ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਸਰਕਾਰ ਹਰ ਦੋ ਮਹੀਨੇ ਵਿਚ 300 ਕਰੋੜ ਰੁਪਏ ਦਾ ਫੰਡ ਜਾਰੀ ਕਰਕੇ ਦਸੰਬਰ 2018 ਤੱਕ ਸਾਰੀ ਰੀਫੰਡ ਰਕਮ ਦੇ ਦੇਵੇਗੀ।ਉਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਹਰ ਮਹੀਨੇ ਸਨਅਤਕਾਰਾਂ ਨਾਲ ਮਹੀਨਾਵਾਰ ਮੀਟਿੰਗ ਕੀਤੀ ਜਾਵੇਗੀ ਅਤੇ ਤਿੰਨ ਮਹੀਨੇ ਬਾਅਦ ਵਿਭਾਗੀ ਤੌਰ ’ਤੇ ਮੈਂ ਮੀਟਿੰਗ ਕਰਕੇ ਮੀਟਿੰਗਾਂ ਦੀ ਕਾਰਵਾਈ ਦਾ ਰੀਵਿਊ ਕਰਾਂਗਾ।
ਅਰੋੜਾ ਨੇ ਦੱਸਿਆ ਕਿ ਸਰਕਾਰ ਰਾਜ ਵਿਚ ਬੇਰੁਜ਼ਗਾਰੀ ਅਤੇ ਨਸ਼ੇ ਦੇ ਖਾਤਮੇ ਲਈ ਸਨਅਤ ਨੂੰ ਪ੍ਰਫੁਲਿਤ ਕਰਨ ਲਈ ਯਤਨਸ਼ੀਲ ਹੈ ਅਤੇ ਬਤੌਰ ਮੰਤਰੀ ਉਹ ਹਰ ਵੇਲੇ ਸਨਅਤਕਾਰਾਂ ਦੀ ਸੇਵਾ ਵਿਚ ਹਾਜ਼ਰ ਹਨ।ਅਰੋੜਾ ਨੇ ਦੱਸਿਆ ਕਿ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਕਿਰਤ, ਸਨਅਤ ਤੇ ਵਾਤਾਵਰਣ ਵਿਭਾਗ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਸਦੇ ਸਾਰਥਿਕ ਨਤੀਜੇ ਨਿਕਲਣਗੇ।ਉਨਾਂ ਦੱਸਿਆ ਕਿ ਸਨਅਤ ਵਿਭਾਗ ਵਲੋਂ ਸਾਰਾ ਕੰਮ ਆਨਲਾਈਨ ਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਵਿਚ ਜਿੱਥੇ ਸਮਾਂ ਤੇ ਪੈਸੇ ਦੀ ਬਚਤ ਹੋਵੇਗੀ, ਉਥੇ ਹਰ ਅਧਿਕਾਰੀ ਤੇ ਸਨਅਤਕਾਰ ਨੂੰ ਉਸ ਦੀ ਫਾਈਲ ਦਾ ਸਟੇਟਸ ਪਤਾ ਲੱਗਦਾ ਰਹੇਗਾ।
ਪੰਜਾਬ ਦੇ ਸਨਅਤਕਾਰਾਂ ਦੀ ਹੌਸਲਾ ਅਫਜਾਈ ਕਰਦੇ ਉਨਾਂ ਕਿਹਾ ਕਿ ਸਨਅਤਕਾਰਾਂ ਨੂੰ ਪੰਜ ਰਪੁਏ ਯੂਨਿਟ ਬਿਜਲੀ ਦੇਣ ਲਈ ਪਾਵਰਕੌਮ ਨੂੰ 1440 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਬੱਚਦੇ ਯੂਨਿਟਾਂ ਨੂੰ ਵੀ ਇਸੇ ਮੁੱਲ ’ਤੇ ਬਿਜਲੀ ਦੇਣ ਦੇ ਉਪਰਾਲੇ ਹੋ ਰਹੇ ਹਨ।ਸਰਹੱਦੀ ਪੱਟੀ ਦੀ ਸਨਅਤ ਬਾਰੇ ਬੋਲਦੇ ਅਰੋੜਾ ਨੇ ਕਿਹਾ ਕਿ ਇੰਨਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਜਾ ਚੁੱਕੀ ਹੈ ਅਤੇ ਅਸੀਂ ਕੋਈ ਵੀ ਯੂਨਿਟ ਰਾਜ ਤੋਂ ਬਾਹਰ ਤਬਦੀਲ ਨਹੀਂ ਹੋਣ ਦਿਆਂਗੇ।ਅਰੋੜਾ ਨੇ ਇਸ ਮੌਕੇ ਅੰਮਿ੍ਰਤਸਰ ਦੇ ਕਾਰੋਬਾਰੀਆਂ ਨਾਲ ਨਵੀਆਂ ਸਨਅਤਾਂ ਲਗਾਉਣ ਲਈ 590 ਕਰੋੜ ਰੁਪਏ ਦੇ ਇਕਾਰਾਰਨਾਮੇ ਵੀ ਕੀਤੇ।
ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਮੌਕੇ ਕੈਬਨਿਟ ਮੰਤਰੀ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਦੀ ਸਨਅਤ ਦਾ ਖੁੱਸ ਚੁੱਕਾ ਦਰਜਾ ਬਹਾਲ ਕਰਨ ਵਿਚ ਉਹ ਵਿਸ਼ੇਸ਼ ਤਵੱਜੋ ਦੇਣ, ਤਾਂ ਜੋ ਇੱਥੋਂ ਦੇ ਸਨਅਤੀ ਅਦਾਰੇ ਮੁੜ ਆਪਣੀ ਪਛਾਣ ਬਣਾ ਸਕਣ।ਉਨਾਂ ਇਸ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਦਿਲੋਂ-ਜਾਨ ਨਾਲ ਕੰਮ ਕਰਨ ਦੀ ਅਪੀਲ ਵੀ ਕੀਤੀ।ਵਿਧਾਇਕ ਸੁਨੀਲ ਦੱਤੀ ਨੇ ਉਦਯੋਗ ਮੰਤਰੀ ਦਾ ਅੰਮ੍ਰਿਤਸਰ ਆਉਣ ’ਤੇ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਸਰਕਾਰ ਨੇ ਜੋ ਵਾਅਦੇ ਤੁਹਾਡੇ ਨਾਲ ਕੀਤੇ ਹਨ, ਉਹ ਹਰ ਹਾਲ ਪੂਰੇ ਕੀਤੇ ਜਾਣਗੇ।ਪ੍ਰਿੰਸੀਪਲ ਸਕੱਤਰ ਸਨਅਤ ਤੇ ਵਣਜ ਰਾਕੇਸ਼ ਕੁਮਾਰ ਵਰਮਾ, ਡਾਇਰੈਕਟਰ ਡੀ.ਪੀ ਐਸ ਖਰਬੰਦਾ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਸ੍ਰੀਮਤੀ ਦੀਪਤੀ ਉਪਲ, ਅਵਨੀਤ ਕੁਮਾਰ ਆਈ.ਏ.ਐਸ, ਸ਼ਹਿਰੀ ਕਾਂਗਰਸ ਪ੍ਰਧਾਨ ਜੁਗਲ ਕਿਸ਼ੋਰ, ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਕੈਪਟਨ ਸੰਜੀਵ ਓ.ਐਸ.ਡੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media