Tuesday, November 24, 2026

ਡੋਪ ਟੈਸਟ ਮਹਿਜ਼ ਇਕ ਨੌਟੰਕੀ – ਛੀਨਾ

ਡੋਪ ਟੈਸਟ ਦੀ ਬਜਾਏ ਨਸ਼ਿਆਂ ਦੇ ਖਾਤਮੇ ਲਈ ਉਠਾਉਣ ਸਖ਼ਤ ਕਦਮ ਮੁੱਖ ਮੰਤਰੀ

Rajinder Mohan Chhina-1ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਰਤੀ ਜਨਤਾ ਪਾਰਟੀ ਦੇ ਸਾਬਕਾ ਉਪ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੋਪ ਟੈਸਟ ਲੈਣ ਦੀ ਆਪਣੀ ਇੱਛਾ ਦੇ ਜਨਤਕ ਕੀਤੇ ਬਿਆਨ ’ਤੇ ਪ੍ਰਤੀਕ੍ਰਿਆ ਦਿੰਦਿਆ ਇਸ ਨੂੰ ਮਹਿਜ਼ ਨੌਟੰਕੀ ਦੱਸਿਆ। ਉਨ੍ਹਾਂ ਕਿਹਾ ਕਿ ਸਮੂਹ ਜਨਤਾ ਮੁੱਖ ਮੰਤਰੀ ਦੀਆਂ ਆਦਤਾਂ ਬਾਰੇ ਭਲੀਭਾਂਤ ਜਾਣੂ ਹੈ ਅਤੇ ਡੋਪ ਟੈਸਟ ਦੀ ਜਰੂਰਤ ਨਹੀਂ ਹੈ, ਬਲਕਿ ਨਸ਼ਿਆਂ ਦੇ ਖਾਤਮੇ ਲਈ ਜਨਤਾ ਸਰਕਾਰ ਪਾਸੋਂ ਸਖ਼ਤ ਕਦਮ ਉਠਾਏ ਜਾਣ ਦੀਆਂ ਯੋਜਨਾਵਾਂ ਬਾਰੇ ਜਵਾਬ ਚਾਹੀਦੀ ਹੈ।
ਅੱਜ ਇੱਥੇ ਜਾਰੀ ਇਕ ਬਿਆਨ ’ਚ ਛੀਨਾ ਨੇ ਕਿਹਾ ਕਿ ਡੋਪ ਟੈਸਟ ਲੈਣ ਦੇ ਮੁੱਦੇ ’ਤੇ ਹੋਰ ਡਰਾਮਾ ਕਰਨ ਦੀ ਲੋੜ ਨਹੀਂ ਹੈ, ਬਲਕਿ ਸਰਕਾਰ ਵੱਲੋਂ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਵਧੀਆ ਰਣਨੀਤੀ ਕੀ ਹੈ? ਉਨ੍ਹਾਂ ਕਿਹਾ ਕਿ ਪੁਲਿਸ, ਡਰੱਗ ਤਸਕਰਾਂ ਅਤੇ ਰਾਜਨੀਤਿਕ ਨੇਤਾਵਾਂ ਦੀ ਮਿਲੀਭੁਗਤ ਕਾਰਨ ਨਸ਼ਿਆਂ ’ਤੇ ਠੱਲ੍ਹ ਨਹੀਂ ਪੈ ਰਹੀ ਹੈ, ਜੋ ਸੂਬੇ ਦੇ ਸਮਾਜਿਕ ਜੀਵਨ ’ਚ ‘ਤਬਾਹੀ’ ਬਣਾ ਰਿਹਾ ਹੈ।ਉਨ੍ਹਾਂ ਨੇ ਸਿਆਸਤਦਾਨਾਂ ਨੂੰ ਜਨਤਕ ਮੰਚਾਂ ’ਤੇ ਨਾਟਕੀ ਅਤੇ ਬੇਬੁਨਿਆਦ ਬਿਆਨ ਕਰਨ ਤੋਂ ਟੋਕਿਆ।ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਦੀ ਘੱਟ ਸੰਜੀਦਗੀ ਕਾਰਨ ਨਸ਼ਿਆਂ ਖਿਲਾਫ਼ ਜੰਗ ’ਚ ਸਫ਼ਲਤਾ ਹਾਸਲ ਨਹੀਂ ਕਰ ਰਹੀ ਹੈ ਅਤੇ ਸੂਬੇ ਦੇ ਨੌਜਵਾਨ ਬੇਖੌਫ਼ ਟੀਕਿਆਂ, ਨਸ਼ੀਲੀਆਂ ਗੋਲੀਆਂ, ਹੈਰੋਇਨ ਆਦਿ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਹੇ ਹਨ।
ਛੀਨਾ ਨੇ ਕਿਹਾ ਕਿ ਮੀਡੀਆਂ ਵੱਲੋਂ ਹੈਰਾਨੀਜਨਕ ਅੰਕੜਿਆਂ ਨੂੰ ਉਜਾਗਰ ਕਰਨ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਕੋਈ ਕਦਮ ਨਾ ਉਠਾ ਕੇ, ਸਗੋਂ ਇਸ ’ਤੇ ਰਾਜਨੀਤੀ ਖੇਡ ਕਰ ਰਹੀ ਹੈ।ਛੀਨਾ ਨੇ ਕੈਪਟਨ ਨੂੰ ਸਿਆਸਤ ਤੋਂ ਉਪਰ ਉਠ ਕੇ ਨਸ਼ਾਖੋਰੀ ਦਾ ਖਾਤਮਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਪਾਸ ਤਾਕਤ ਹੈ ਕਿ ਉਹ ਇਸ ਸੂਬੇ ’ਚ ਨਸ਼ੀਲੇ ਪਦਾਰਥਾਂ ਦੀ ਮਹਾਂਮਾਰੀ ਬਾਰੇ ਪਤਾ ਲਗਾਉਣ ਅਤੇ ਰਣਨੀਤੀ ਜਾਂ ਯੋਜਨਾ ਤਿਆਰ ਕਰਨ।ਪਰ ਇੰਝ ਲੱਗ ਰਿਹਾ ਹੈ ਕਿ ਪੁਲਿਸ ਵਿਭਾਗ ਅਤੇ ਕੰਟਰੋਲਿੰਗ ਏਜੰਸੀਆਂ ਉਸ ਦੇ ਕਹਿਣੇ ਤੋਂ ਬਾਹਰ ਹਨ ਜਾਂ ਫ਼ਿਰ ਉਹ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰਨਾ ਚਾਹੀਦੀਆਂ।  

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply