ਭੀਖੀ, 3 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੀ ਜਿਲ੍ਹਾ ਇਕਾਈ ਮਾਨਸਾ ਦੀ ਇੱਕ ਅਹਿਮ ਮੀਟਿੰਗ
ਸਥਾਨ ਬਾਲ ਭਵਨ ਮਾਨਸਾ ਵਿਖੇ ਖੁਸਵਿੰਦਰ ਬਰਾੜ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੇ ਬੈਨਰ ਹੇਠ ਸਮੂਹ ਅਧਿਆਪਕ ਜਥੇਬੰਦੀਆਂ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਵਾਉਣ ਅਤੇ ਹੋਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਸੰਬੰਧੀ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਵਿੱਢਿਆ ਹੋਇਆ ਹੈ, ਜਿਸ ਦੌਰਾਨ ਮੰਚ ਵੱਲੋਂ ਦੀਨਾ ਨਗਰ, ਪਟਿਆਲਾ, ਵਿਖੇ ਪਿਛਲੇ ਲੰਬੇ ਸਮੇਂ ਦੌਰਾਨ ਵੱਡਾ ਇਕੱਠ ਕਰਕੇ ਗੂੰਗੀ ਬੋਲੀ ਸਰਕਾਰ ਨੂੰ ਅਧਿਆਪਕਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਗੱਲਬਾਤ ਕਰਨ ਲਈ ਮਜਬੂਰ ਕੀਤਾ ਹੈ।ਸਰਕਾਰ ਵੱਲੋਂ ਸਮੇਂ ਸਮੇਂ ਦੌਰਾਨ ਮੰਚ ਨੂੰ ਗੱਲਬਾਤ ਕਰਨ ਲਈ ਮੀਟਿੰਗਾਂ ਦਾ ਸੱਦਾ ਦਿੱਤਾ ਗਿਆ।ਜਿਸ ਦੌਰਾਨ ਸਿੱਖਿਆ ਮੰਤਰੀ ਪੰਜਾਬ, ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕਰਨ ਤੋਂ ਬਾਅਦ ਵੀ ਕੋਈ ਸਾਰਥਕ ਹੱਲ ਨਹੀਂ ਨਿਕਲ ਸਕਿਆ ਅਤੇ ਅਧਿਆਪਕਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਹਨ। ਸਰਕਾਰ ਹਰ ਵਾਰ ਦੀ ਤਰ੍ਹਾਂ ਲਾਰਿਆਂ ਵਿੱਚ ਸਮਾਂ ਟਪਾ ਰਹੀ ਹੈ ਜਿਸ ਦੇ ਰੋਸ ਵਜੋਂ ਮੰਚ ਵੱਲੋਂ ਪਟਿਆਲਾ ਵਿਖੇ ਪਿਛਲੇ ਦਿਨੀਂ ਮੋਤੀ ਮਹਿਲ ਦਾ ਘਿਰਾਓ ਵੀ ਕੀਤਾ ਗਿਆ।ਜਿਸ ਤੋਂ ਬਾਅਦ ਪ੍ਰਸਾਸ਼ਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਸੱਦਾ ਦਿੱਤਾ ਗਿਆ, ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਰਕਾਰ ਨੇ ਕੋਈ ਮੀਟਿੰਗ ਨਹੀਂ ਕੀਤੀ ਅਤੇ ਅਧਿਆਪਕਾਂ ਨਾਲ ਵਾਅਦਾ ਖਿਲਾਫੀ ਕੀਤੀ, ਜਿਸ ਦੇ ਰੋਸ ਵਜੋਂ ਮੰਚ ਵੱਲੋਂ 11 ਅਗਸਤ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਦਾ ਐਲਾਨ ਕਰ ਦਿੱਤਾ ਹੈ।
ਇਸ ਮੌਕੇ ਬੋਲਦਿਆਂ ਇੰਦਰਜੀਤ ਡੇਲੂਆਣਾ, ਸੁਖਚੈਨ ਗੁਰਨੇ, ਲਖਵੀਰ ਬੋਹਾ ਨੇ ਕਿਹਾ ਕਿ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਤੰਗ ਆ ਕੇ ਅਧਿਆਪਕਾਂ ਨੂੰ ਸੰਘਰਸ਼ ਦੇ ਰਾਹ ਤੇ ਤੁਰਨਾ ਪੈ ਰਿਹਾ ਹੈ।ਸਰਕਾਰ ਪਿਛਲੇ 14 ਸਾਲਾਂ ਤੋਂ ਸਰਕਾਰ ਦੀਆਂ ਵੱਖ-ਵੱਖ ਪਾਲਿਸੀਆਂ ਅਧੀਨ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਭੱਜ ਰਹੀ ਹੈ, ਜੋ ਕਿ ਉਹਨਾਂ ਦੀ ਹੱਕੀ ਮੰਗ ਹੈ।ਜਿਸ ਦਾ ਵਾਅਦਾ ਕਰਕੇ ਸਰਕਾਰ ਪਹਿਲਾਂ ਵੀ ਕਈ ਵਾਰ ਮੁਕਰ ਚੁੱਕੀ ਹੈ। ਹੁਣ ਇਹ ਸਾਰੀਆਂ ਅਧਿਆਪਕ ਜਥੇਬੰਦੀਆਂ ਰੈਗੂਲਰ ਦੀ ਮੰਗ ਨੂੰ ਲੈ ਕੇ ਸਿੱਖਿਆ ਬਚਾਓ ਮੰਚ ਦੇ ਬੈਨਰ ਹੇਠ ਸੰਘਰਸ਼ ਕਰ ਰਹੀਆਂ ਹਨ ਅਤੇ ਰੈਗੂਲਰ ਹੋਣ ਤੱਕ ਇਹ ਸੰਘਰਸ਼ ਜਾਰੀ ਰੱਖਣਗੀਆਂ।ਉਹਨਾਂ ਨੇ ਸਰਕਾਰ ਤੇ ਦੋਸ਼ ਲਾਉਂਦਿਆ ਕਿਹਾ ਕਿ ਅਜਿਹਾ ਕਰਕੇ ਸਰਕਾਰ ਕੱਚੇ ਅਧਿਆਪਕਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰ ਰਹੀ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਈ ਅਧਿਆਪਕ ਖੁਦਕੁਸ਼ੀਆਂ ਕਰ ਵੀ ਚੁੱਕੇ ਹਨ, ਜਿਸ ਦੀ ਜੁੰਮੇਵਾਰ ਪੰਜਾਬ ਸਰਕਾਰ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੀਤ ਲਾਲਿਆਂਵਾਲੀ, ਮਨਮੋਹਨ ਜੋਗਾ, ਦਿਨੇਸ਼ ਰਿਸ਼ੀ, ਵਰਿੰਦਰ ਬਰਾੜ, ਜਗਸੀਰ ਅਲੀਸ਼ੇਰ, ਸਮਰਜੀਤ ਸਮਰਾ, ਤਰਵਿੰਦਰ ਸਿੰਘ, ਗੁਰਬਚਨ ਸਿੰਘ, ਰਜਿੰਦਰ ਸਿੰਘ, ਬਿਹਾਰਾ ਸਿੰਘ, ਬੀਰਵਲ ਸਿੰਘ, ਸਰਬਜੀਤ ਕੌਰ, ਹਰਦੀਪ ਕੌਰ, ਲਵਪ੍ਰੀਤ ਕੌਰ, ਗੁਰਪ੍ਰੀਤ ਕੌਰ, ਵੀਰਪਾਲ ਕੌਰ, ਕੁਲਜੀਤ ਕੌਰ, ਰਿਤੂ ਬਾਲਾ, ਮਨਜੀਤ ਕੌਰ, ਰਾਜਵਿਦੰਰ ਕੌਰ, ਕਿਰਨਾ ਦੇਵੀ, ਰੁਪਿੰਦਰ ਕੌਰ, ਖੁਸ਼ਪ੍ਰੀਤ ਕੌਰ, ਹਰਪ੍ਰੀਤ ਕੌਰ ਅਤੇ ਸਮੂਹ ਅਧਿਆਪਕ ਜਿਲ੍ਹਾ ਮਾਨਸਾ ਹਾਜਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media