50 ਕਰੋੜ ਦੀ ਗਰਾਂਟ ਨਾਲ ਹੋਵੇਗਾ ਧੂਰੀ ਦਾ ਵਿਕਾਸ- ਧਨਵੰਤ ਸਿੰਘ
ਧੂਰੀ, 18 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਸ਼ਹਿਰ ਧੂਰੀ ਦਾ ਵਿਕਾਸ ਕਰਵਾ ਕੇ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੇ ਮਕਸਦ ਨਾਲ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ 50 ਕਰੋੜ ਰੁਪਏ ਦੀ ਗਰਾਂਟ ਸੰਬੰਧੀ ਸਹਿਮਤੀ ਲੈ ਲਈ ਗਈ ਹੈ, ਜਿਸ ਨਾਲ ਜਲਦ ਹੀ ਸ਼ਹਿਰ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ।ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਗੁਰੂ ਵਜੋਂ ਜਾਣੇ ਜਾਂਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਪਿਤਾ ਸਵ. ਭਗਵੰਤ ਸਿੰਘ ਸਿੱਧੂ ਦੀ ਯਾਦ ’ਚ ਨੇੜਲੇ ਪਿੰਡ ਕੱਕੜਵਾਲ ਦੇ ਡੀ.ਏ.ਵੀ ਸਕੂਲ `ਚ ਸ਼ੁਰੂ ਕੀਤੀ ਭਗਵੰਤ ਸਿੰਘ ਸਿੱਧੂ ਮੈਮੋਰੀਅਲ ਕ੍ਰਿਕਟ ਅਕੈਡਮੀ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ 50 ਕਰੋੜ ਦੀ ਗਰਾਂਟ ਨਾਲ ਸ਼ਹਿਰ ਅੰਦਰ ਸਟਰੀਟ ਲਾਈਟਾਂ, ਇੰਟਰਲਾਕ ਟਾਈਲਾਂ, ਸੜਕਾਂ ਦੀ ਉਸਾਰੀ ਅਤੇ ਬਰਸਾਤੀ ਪਾਣੀ ਦੀ ਸਹੀ ਤਰੀਕੇ ਨਾਲ ਨਿਕਾਸੀ ਸਮੇਤ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਰੀਬ 65 ਲੱਖ ਰੁਪਏ ਦੀ ਲਾਗਤ ਨਾਲ ਧੂਰੀ ਦੇ ਡਬਲ ਫਾਟਕ ਤੋਂ ਕਹੇਰੂ ਰੋਡ ਨੂੰ ਮਿਲਾਉਣ ਵਾਲੀ ਸੜਕ ਦਾ ਨਿਰਮਾਣ ਕਾਰਜ ਉਨ੍ਹਾਂ ਵੱਲੋਂ ਨਵਜੋਤ ਸਿੰਘ ਸਿੱਧੂ ਤੋਂ ਗਰਾਂਟ ਹਾਸਿਲ ਕਰ ਕੇ ਸ਼ੁਰੂ ਕਰਵਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਹਲਕਾ ਧੂਰੀ ਦਾ ਵਿਕਾਸ ਉਨ੍ਹਾਂ ਦਾ ਮੁੱਖ ਮਕਸਦ ਹੈ ਅਤੇ ਧੂਰੀ ਸ਼ਹਿਰ ਦੇ ਵਿਕਾਸ ਕਾਰਜ ਲਈ ਹੋਰ ਵੀ ਗਰਾਂਟ ਉਹ ਸਥਾਨਕ ਸਰਕਾਰਾਂ ਮੰਤਰੀ ਤੋਂ ਲਿਆਉਣਗੇ, ਭਾਵੇਂ ਸ਼ਹਿਰ ਅੰਦਰ ਹੋਣ ਵਾਲੇ ਵਿਕਾਸ ਕਾਰਜਾਂ ਦਾ ਸਿਹਰਾ ਕੋਈ ਵੀ ਆਪਣੇ ਸਿਰ ਲੈ ਲਵੇ। ਉਨ੍ਹਾਂ ਲੋਕ ਸਭਾ ਚੋਣਾਂ ਸੰਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਕਿਹਾ ਕਿ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਆਪਣੀ ਪਤਨੀ ਨੂੰ ਐਮ.ਪੀ ਚੋਣਾਂ ਲੜਾਉਣ ਦੀ ਇੱਛਾ ਜਤਾਈ ਜਾ ਰਹੀ ਹੈ, ਪ੍ਰੰਤੂ ਵਿਜੈਇੰਦਰ ਸਿੰਗਲਾ ਲੋਕ ਸਭਾ ਹਲਕਾ ਸੰਗਰੂਰ ਨਾਲ ਸੰਬੰਧਿਤ ਨਹੀਂ ਹਨ ਅਤੇ ਉਨ੍ਹਾਂ ਦੀ ਪਤਨੀ ਪੰਜਾਬ ਨਾਲ ਸੰਬੰਧਿਤ ਨਹੀਂ ਹਨ।ਉਨ੍ਹਾਂ ਕਿਹਾ ਕਿ ਹਲਕੇ ਦੇ ਕਰੀਬ 12 ਲੱਖ ਵਿਅਕਤੀਆਂ ’ਚੋਂ ਕਿਸੇ ਯੋਗ ਉਮੀਦਵਾਰ ਦੀ ਭਾਲ ਕਰ ਕੇ ਹੀ ਟਿਕਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਲਦ ਹੀ ਸ਼ਹਿਰ ਅੰਦਰ ਇੱਕ ਖੇਡ ਸਟੇਡੀਅਮ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਬੱਚਿਆਂ ਦੀ ਪ੍ਰਤਿਭਾ ਨਿੱਖਰ ਕੇ ਸਾਹਮਣੇ ਆ ਸਕੇ।
ਖਿਡਾਰੀ ਅਭਿਜੀਤ ਸਿੰਘ, ਰਾਹੁਲ ਕੁਮਾਰ, ਮਨੀ, ਅਵੀ, ਪਰਮਵੀਰ ਸਿੰਘ ਸੋਢੀ ਤੇ ਤਲਵੀਰ ਕੁਮਾਰ ਨੂੰ ਸਾਬਕਾ ਵਿਧਾਇਕ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਕ੍ਰਿਕਟ ਕੋਚ ਹਰਦੀਪ ਸਿੰਘ ਸੋਢੀ ਅਤੇ ਆਸ਼ੂ ਗੋਇਲ ਵੀ ਹਾਜ਼ਰ ਸਨ।
Punjab Post Daily Online Newspaper & Print Media