
ਫਾਜ਼ਿਲਕਾ, 25 ਫਰਵਰੀ (ਵਿਨੀਤ ਅਰੋੜਾ)- ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਲਕਾ ਵਿਧਾਇਕ ਅਤੇ ਸਿਹਤ ਮੰਤਰੀ ਪੰਜਾਬ ਦੇ ਨਿੱਜੀ ਸ਼ਹਿਰ ਫਾਜਿਲਕਾ ਦੇ ਸਿਵਲ ਹਸਪਤਾਲ ਵਿੱਚ ਮਰੀਜਾਂ ਦੀ ਇੰਨੀ ਦੁਰਦਸ਼ਾ ਹੈ, ਜਿਸ ਤੋਂ ਮਜ਼ਬੂਰ ਹੋ ਕੇ ਲੋਕ ਮਹਿੰਗੇ ਹਸਪਤਾਲਾਂ ਤੋਂ ਖੱਲ ਲੁਹਾ ਰਹੇ ਹਨ। ਅਜਿਹਾ ਇੱਕ ਮਾਮਲਾ ਨਸਬੰਦੀ ਅਪਰੇਸ਼ਨਾਂ ਵਿੱਚ ਕੁਤਾਹੀਆਂ ਵਰਤਣ ਦੇ ਰੂਪ ਵਿੱਚ ਸਾਹਮਣੇ ਆਇਆ ਹੈ।ਵੀਰਵਾਰ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਵਲੋਂ 21 ਨਸਬੰਦੀ ਅਪਰੇਸ਼ਨ ਕੀਤੇ ਗਏ।ਅਪਰੇਸ਼ਨ ਕਰਵਾਉਣ ਗਈ ਸੀਮਾਂ ਰਾਣੀ ਵਾਸੀ ਝੁੱਗੇ ਲਾਲ ਸਿੰਘ ਨੇ ਦੱਸਿਆ ਕਿ ਅਪਰੇਸ਼ਨ ਥੀਏਟਰ ਮੁਸ਼ਕ ਮਾਰ ਰਿਹਾ ਸੀ, ਬੇਹੋਸ਼ੀ ਦਾ ਟੀਕਾ ਦੋ ਤਿੰਨ-ਤਿੰਨ ਮਰੀਜਾਂ ਨੂੰ ਇੱਕੋ ਹੀ ਲਗਾਇਆ ਜਾ ਰਿਹਾ ਸੀ, ਬੇਹੋਸ਼ੀ ਨਾ ਹੋਣ ਕਾਰਨ ਔਰਤਾਂ ਤੜਪ ਰਹੀਆ ਸਨ। ਉਨਾਂ ਦੱਸਿਆ ਕਿ ਸ਼ਰਮਸਾਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਔਰਤਾਂ ਦੀ ਨਸਬੰਦੀ ਮਰਦ ਡਾਕਟਰਾਂ ਵਲੋਂ ਕੀਤੀ ਜਾ ਰਹੀ ਸੀ, ਅਪਰੇਸ਼ਨ ਕਰ ਕੇ ਮਰੀਜ ਪੀੜ ਨਾਲ ਤੜਪ ਰਹੇ ਸਨ, ਪਰ ਉਨਾਂ ਨੂੰ ਪਾਉਣ ਲਈ ਬੈਡ ਹੀ ਨਹੀ ਸਨ, ਇਸ ਦਿਨ 21 ਮਰੀਜਾਂ ਦੇ ਨਸਬੰਦੀ ਅਪਰੇਸ਼ਨ ਕੀਤੇ ਗਏ, ਬੈੱਡ ਸਿਰਫ ੬ ਹੀ ਸਨ, ਇੱਕ-ਇੱਕ ਬੈੱਡ ਤੇ ਤਿੰਨ-ਤਿੰਨ ਮਰੀਜ ਪਾ ਕੇ ਮਰੀਜਾਂ ਦੀ ਪੀੜ ਵਿੱਚ ਹੋਰ ਵੀ ਵਾਧਾ ਕੀਤਾ ਗਿਆ। ਸੀਮਾ ਰਾਣੀ ਨੇ ਦੱਸਿਆ ਕਿ ਅਪਰੇਸ਼ਨ ਦੌਰਾਨ ਵਰਤੀ ਜਾਂਦੀ ਦਵਾਈ ਲਈ ਪਰਚੀ ਬਣਾਕੇ ਹੱਥ ਫੜਾ ਦਿੱਤੀ ਜਾਂਦੀ ਹੈ।ਦਵਾਈ ਵੀ ਮੁੱਲ ਖਰੀਦਣੀ ਪੈਦੀ ਹੈ, ਜਦੋਂ ਕਿ ਪੰਜਾਬ ਸਰਕਾਰ ਵਲੋਂ ਸਭ ਸਹੂਲਤਾਂ ਮੁਫਤ ਹਨ, ਇਸ ਕਰਕੇ ਮਨੁੱਖੀ ਜਿੰਦਗੀਆਂ ਨਾਲ ਪਸ਼ੂਆਂ ਵਾਂਗ ਖਿਲਵਾੜ ਚੰਗਾ ਨਹੀ ਹੈ।ਸੀਮਾ ਰਾਣੀ ਨੇ ਇਹ ਵੀ ਦੱਸਿਆ ਕਿ ਨਸਬੰਦੀ ਸਰਟੀਫਿਕੇਟ ਲਈ ਵੀ ਪ੍ਰਾਈਵੇਟ ਦੁਕਾਨਦਾਰਾਂ ਕੋਲ ਧੱਕੇ ਖਾਣੇ ਪੈਂਦੇ ਹਨ।ਆਲ-ਇੰਡੀਆ ਰਾਏ ਸਿੱਖ ਸਿਰਕੀਬੰਦ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਔਰਤਾਂ ਦੀ ਨਸਬੰਦੀ ਔਰਤ ਡਾਕਟਰਾਂ ਦੁਆਰਾ ਕੀਤੀ ਜਾਵੇ, ਅਪਰੇਸ਼ਨ ਥੀਏਟਰ ਦੀ ਸਫਾਈ ਰੱਖੀ ਜਾਵੇ, ਬੈੱਡਾ ਦੀ ਗਿਣਤੀ ਵਧਾਈ ਜਾਵੇ, ਦਵਾਈਆਂ ਪ੍ਰਬੰਧ ਕੀਤਾ ਜਾਵੇ ਤਾਂ ਕਿ ਸਿਹਤ ਸਹੂਲਤਾਂ ਆਮ ਵਿਅਕਤੀ ਤੱਕ ਪਹੁੰਚ ਸਕਣ। ਜਦੋ ਇਸ ਬਾਬਤ ਸਿਵਲ ਸਰਜਨ ਬਲਦੇਵ ਰਾਜ ਨਾਲ ਫੌਨ ਤੇ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਸਾਫ ਸਫਾਈ ਨੂੰ ਦੇਖ ਲਿਆ ਜਾਵੇਗਾ ਅਤੇ ਇੱਕ ਮਰੀਜ ਨੂੰ ਇੱਕ ਹੀ ਟੀਕਾ ਲਗਾਇਆ ਜਾਂਦਾ ਹੈ ਅਤੇ ਅਪਰੇਸ਼ਨ ਕਰਨ ਲਈ ਸਰਜਨ ਨਾਲ ਨਰਸਾਂ ਮੌਜ਼ੂਦ ਹੁੰਦੀਆਂ ਹਨ ਅਤੇ ਅਪਰੇਸ਼ਨ ਕਰਨ ਤੋਂ ਬਾਦ ਮਰੀਜ਼ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ।
Punjab Post Daily Online Newspaper & Print Media