ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ ਬਿਊਰੋ) – ਸੰਗਤ ਲਾਂਘਾ ਕਰਤਾਰਪੁਰ ਜਥਾ ਜੋ ਪਿਛਲੇ 17 ਸਾਲਾਂ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜੱਦੋਜਹਿਦ
ਕਰ ਰਿਹਾ ਹੈ ਦੇ ਮੁਖੀ ਬੀ.ਐਸ ਗੁਰਾਇਆ ਨੇ ਕੱਲ੍ਹ ਤੇ ਅੱਜ ਕੁੱਝ ਅਖਬਾਰਾਂ ਵਿੱਚ ਛਪੀ ਖਬਰ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਮਸਲੇ `ਤੇ ਪੈਰ ਪਿੱਛੇ ਖਿੱਚ ਰਿਹਾ ਹੈ, ਦਾ ਖੰਡਣ ਕੀਤਾ ਹੈ ਤੇ ਕਿਹਾ ਹੈ ਕਿ ਪਰਸੋਂ ਪਾਕਿਸਤਾਨ ਵਜਾਰਤ ਏ ਖਾਰਜਾ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਜੋ ਬਿਆਨ ਜਾਰੀ ਕੀਤਾ ਸੀ।ਉਸ ਨੂੰ ਕੁੱਝ ਭਾਰਤੀ ਅਖਬਾਰਾਂ ਤੋੜ ਮਰੋੜ ਕੇ ਪੇਸ਼ ਕਰ ਰਹੀਆਂ ਹਨ।ਗੁਰਾਇਆ ਨੇ ਦੁੱਖ ਜ਼ਾਹਿਰ ਕੀਤਾ ਹੈ ਕਿ 70 ਸਾਲ ਬੀਤ ਜਾਣ ਦੇ ਬਾਵਜ਼ੂਦ ਕੁੱਝ ਲੋਕ ਖਿੱਤੇ ਵਿਚ ਅਮਨ ਨਹੀ ਚਾਹੁੰਦੇ।ਉਹ ਨਹੀ ਚਾਹੁੰਦੇ ਕਿ ਦੋਵਾਂ ਦਸ਼ਾਂ ਵਿੱਚ ਤਰੱਕੀ ਤੇ ਵਿਕਾਸ ਹੋਵੇ।ਉਨਾਂ ਕਿਹਾ ਕਿ ਕੁੱਝ ਅਖਬਾਰਾਂ ਨੇ ਤਾਂ ਸਿੱਧਾ ਹੀ ਲਿਖ ਦਿੱਤਾ ਹੈ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਦੇ ਮਾਮਲੇ `ਤੇ ਮੁੱਕਰ ਗਿਆ ਹੈ।
ਗੁਰਾਇਆ ਨੇ ਕੁੱਝ ਅਖਬਾਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਡਾ. ਫੈਜ਼ਲ ਨੇ ਤਾਂ ਸਗੋਂ ਇਥੋਂ ਤੱਕ ਕਿਹਾ ਸੀ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਦੋਵਾਂ ਮੁਲਕਾਂ ਵਿਚ ਅਮਨ ਦੀਆਂ ਸੰਭਾਵਨਾਵਾਂ ਵਧਣ, ਹਾਲਾਂਕਿ ਦੋ ਮੁਲਕਾਂ ਦੇ ਵਿਗੜੇ ਸਬੰਧਾਂ ਦਾ ਹੱਲ ਇਨਾਂ ਸੌਖਾ ਨਹੀ, ਪਰ ਉਹ ਅਮਨ ਦੀ ਸੰਭਾਵਨਾਵਾਂ ਦੀ ਘੋਖ ਕਰ ਰਹੇ ਹਨ।ਅਮਨ ਦੀ ਕੋਈ ਵੀ ਪਹਿਲ ਲਮਕਦੇ ਮਸਲਿਆਂ ਨੂੰ ਹੱਲ ਕਰਨ ਵਿਚ ਸਹਾਈ ਹੋ ਸਕਦੀ ਹੈ ਅਤੇ ਹੋ ਸਕਦੇ ਕਿ ਇਕ ਦਿਨ ਜੰਮੂ ਕਸ਼ਮੀਰ ਦਾ ਮਸਲਾ ਵੀ ਹਲ ਹੋ ਜਾਵੇ।
ਗੁਰਾਇਆ ਅਨੁਸਾਰ ਡਾ. ਫੈਜ਼ਲ ਨੇ ਤਾਂ ਸਗੋਂ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਤਜ਼ਵੀਜ ਉਨਾਂ ਨੂੰ ਨੇੜੇ ਲਿਆਉਣ ਵਿਚ ਸਹਾਈ ਹੋ ਸਕਦੀ ਹੈ।ਉਨਾਂ ਕਿਹਾ ਹੈ ਕਿ ਪਾਕਿ-ਭਾਰਤ ਸਬੰਧ ਬਹੁਤ ਹੀ ਗੁੰਝਲਦਾਰ ਬੁਝਾਰਤ ਹੈ।ਉਨਾਂ ਕਿਹਾ ਕਿ ਅਮਨ ਦੇ ਰਾਹ ਵਿਚ ਰੁਕਾਵਟਾਂ ਜਰੂਰ ਹਨ, ਪਰ ਉਨਾਂ ਨੂੰ ਭਰੋਸਾ ਹੈ ਉਹ ਇਸ ਰਾਹ ਦੇ ਟੋਏ ਟਿੱਬੇ ਪਾਰ ਕਰ ਲੈਣਗੇ।ਗੁਰਾਇਆ ਨੇ ਦੁੱਖ ਜ਼ਾਹਿਰ ਕੀਤਾ ਕਿ ਭਾਰਤ ਦਾ ਕੁੱਝ ਮੀਡੀਆ ਆਪ ਹੀ ਖਬਰਾਂ ਘੜ ਲੈਂਦਾ ਹੈ, ਜੋ ਮੁਲਕ ਦੀ ਤਰੱਕੀ ਵਿੱਚ ਘਾਤਕ ਸਿੱਧ ਹੋ ਰਿਹਾ ਹੈ।
ਗੁਰਾਇਆ ਨੇ ਭਾਰਤ ਦੇ ਅਮਨ ਪਸੰਦ ਲੋਕਾਂ ਨੂੰ ਗੁਜਾਰਿਸ਼ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਜੋ ਗੱਲ ਉਠੀ ਹੈ, ਇਸ `ਤੇ ਫੁੱਲ ਚੜਾਉਣ।ਅਮਨ ਨੂੰ ਇਕ ਮੌਕਾ ਦਿੱਤਾ ਜਾਵੇ।ਸ਼ਰਾਰਤੀ ਤੇ ਵਿਕਾਸ ਵਿਰੋਧੀ ਅਨਸਰਾਂ ਨੂੰ ਪਛਾਣਿਆ ਜਾਏ।ਗੁਰਾਇਆ ਦਾ ਮੰਨਣਾ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਨਾਲ ਦੋਵਾਂ ਮੁਲਕਾਂ ਵਿਚ ਅਮਨ ਦੀ ਨਵੀ ਲਹਿਰ ਜਨਮ ਲਵੇਗੀ।ਗੁਰਾਇਆ ਦਾ ਕਹਿਣਾ ਹੈ ਕਿ ਦੁਨੀਆਂ ਦੇ ਵਿਦਵਾਨ ਮੰਨਦੇ ਹਨ ਕਿ 16ਵੀਂ ਸਦੀ ਵਿੱਚ ਗੁਰੂ ਨਾਨਕ ਦਾ ਆਗਮਨ ਇਸਲਾਮ ਤੇ ਹਿੰਦੂਮਤ ਦੇ ਤਿੜਕੇ ਹੋਏ ਰਿਸ਼ਤਿਆਂ ਵਿੱਚ ਪੁੱਲ ਦੀ ਨਿਆਈ ਉਭਰਿਆ ਸੀ।
ਯਾਦ ਰਹੇ ਪਿਛੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਂ ਦੇ ਸੌਂਹ ਚੁੱਕ ਸਮਾਗਮ ਮੌਕੇ ਭਾਰਤ ਤੋਂ ਗਏ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਨੂੰ ਓਥੋਂ ਦੇ ਫੌਜਾਂ ਦੇ ਮੁੱਖੀ ਨੇ ਨਿਓਤਾ ਦਿੱਤਾ ਸੀ ਕਿ ਆਓ ਆਪਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲੀਏ।ਉਸ ਤੋਂ ਬਾਅਦ ਲਾਂਘੇ ਦੇ ਹੱਕ ਤੇ ਵਿਰੋਧ ਵਿੱਚ ਇਕ ਲਹਿਰ ਜਿਹੀ ਚੱਲ ਰਹੀ ਹੈ।
ਗੁਰਾਇਆ ਦਾ ਕਹਿਣਾ ਹੈ ਕਿ ਅੱਜ ਦੀ ਸਭਿਅਕ ਦੁਨੀਆ ਸਰਹੱਦਾਂ ਦੀਆਂ ਨਫਰਤਾਂ ਘੱਟ ਕਰ ਰਹੀ ਹੈ।ਯੂਰਪ ਦੇ 27 ਮੁਲਕਾਂ ਨੇ ਆਪਣੀਆਂ ਸਰਹੱਦਾਂ ਇਕ ਦੂਸਰੇ ਦੇ ਬਾਸ਼ਿਦਿਆਂ ਲਈ ਖੋਲ ਦਿੱਤੀਆਂ ਹਨ।ਨਤੀਜਾ ਸਭ ਦੇ ਸਾਹਮਣੇ ਹੈ।ਓਹੋ ਅਰਬਾਂ ਰੁਪਿਆ ਜੋ ਫੌਜਾਂ `ਤੇ ਖਰਚ ਹੁੰਦਾ ਸੀ ਅਗਲੇ ਵਿਕਾਸ `ਤੇ ਲਾ ਰਹੇ ਨੇ।ਦੂਸਰੇ ਪਾਸੇ ਭਾਰਤ ਤੇ ਪਾਕਿਸਤਾਨ ਅੱਜ ਵੀ ਓਥੇ ਦੇ ਓਥੇ ਖੜੇ ਹਨ, ਜਿਥੇ 1947 ਵਿਚ ਸਨ।ਇਕ ਪਾਸੇ ਲੱਖਾਂ ਲੋਕ ਰਾਤ ਨੂੰ ਭੱਖੇ ਸੌਂਦੇ ਹਨ ਤੇ ਦੂਸਰੇ ਪਾਸੇ ਅਸੀ ਅਰਬਾਂ ਖਰਬਾਂ ਰੁਪਏ ਫੌਜਾਂ `ਤੇ ਲਾ ਰਹੇ ਹਾਂ।ਦੋਵਾਂ ਮੁਲਕਾਂ ਦੀਆਂ ਮੰਡੀਆਂ ਅੱਜ ਪ੍ਰਦੇਸੀ ਮਾਲ ਨਾਲ ਮਾਲੋ-ਮਾਲ ਹਨ।ਹੋਰ ਤੇ ਹੋਰ ਅੱਜ ਸਾਡੀ ਮੰਡੀ ਦਾ ਬਹੁਤਾ ਹਿੱੱਸਾ ਚੀਨ ਨੇ ਮੱਲ ਲਿਆ ਹੈ।ਗੁਰਾਇਆ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਫਿਰਾਖਦਿਲੀ ਤੇ ਦਲੇਰੀ ਦਿਖਾਉਣ ਤੇ ਭਾਰਤ ਪਾਕਿਸਤਾਨ ਸਬੰਧਾਂ ਨੂੰ ਦੁਬਾਰਾ ਪ੍ਰਭਾਸ਼ਿਤ ਕਰਨ।ਉਨਾਂ ਕਿਹਾ ਕਿ ਕੋਈ ਦਲੇਰ ਪ੍ਰਧਾਨ ਮੰਤਰੀ ਹੀ ਖਿੱਤੇ ਵਿਚ ਅਮਨ ਦੀ ਪਹਿਲ ਲਈ ਕਦਮ ਪੁੱਟ ਸਕਦਾ ਹੈ ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media