Sunday, March 15, 2026

ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿੱਚੋਂ ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਘਟਾਉਣਾ ਨਿੰਦਣਯੋਗ- ਜਥੇ. ਅਵਤਾਰ ਸਿੰਘ

ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਵਿੱਚ ਲਏ ਗਏ ਅਹਿਮ ਫੈਸਲੇ

PPN23081424

ਫ਼ਤਹਿਗੜ੍ਹ ਸਾਹਿਬ, 23 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਇਕੱਤਰਤਾ ਹਾਲ ਵਿੱਚ ਹੋਈ ਜਿਸ ਵਿੱਚ ਸੈਕਸ਼ਨ 85, ਸੈਕਸ਼ਨ 87, ਟ੍ਰਸਟ ਤੇ ਅਮਲਾ ਵਿਭਾਗ ਦੇ ਮਾਮਲੇ ਵਿਚਾਰੇ ਗਏ। ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਗਿੱਣਤੀ 17 ਦੀ ਬਜਾਏ ਭਾਵੇਂ 21 ਕੀਤੀ ਗਈ ਹੈ ਪ੍ਰੰਤੂ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਇਸ ਵਿਚੋਂ ਘਟਾਉਣਾ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮਹਾਂਰਾਸਟਰ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਹਮੇਸ਼ਾਂ ਦੀ ਤਰ੍ਹਾਂ ਦਖਲਅੰਦਾਜੀ ਕਰਦਿਆਂ ਇਹ ਮੰਦਭਾਗਾ ਫੈਸਲਾ ਕੀਤਾ ਹੈ ਤੇ ਸਰਕਾਰ ਨੇ ਇਹ ਫੈਸਲਾ ਕਰਕੇ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਸਿੱਖਾਂ ਨਾਲੋਂ ਅਲੱਗ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੰਸਥਾਵਾਂ ਤੋਂ ਪ੍ਰਬੰਧਕੀ ਬੋਰਡ ਵਿੱਚ ਮੈਂਬਰ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਸਮੁੱਚੇ ਦੇਸ਼ ਦੀਆਂ ਸਿੱਖ ਸੰਗਤਾਂ ਆਪਸ ਵਿੱਚ ਜੁੜੀਆਂ ਰਹਿਣ ਪ੍ਰੰਤੂ ਮਹਾਂਰਾਸਟਰ ਸਰਕਾਰ ਨੇ ਸ਼੍ਰੋਮਣੀ ਕਮੇਟੀ, ਚੀਫ ਖਾਲਸਾ ਦੀਵਾਨ ਅਤੇ ਸਿੰਘ ਸਭਾਵਾਂ ਦੀ ਨੁਮਾਇੰਦਗੀ ਘਟਾ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਕੌਮ ਦੇ ਹੀਰੇ ਪੰਜਾਬੀ ਫਿਲਮ ਤੇ ਲੱਗੀ ਪਾਬੰਦੀ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸੁਵਾਲ ਦੇ ਜੁਆਬ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੱਚ ਕਦੇ ਲੋਕਿਆ ਨਹੀਂ ਜਾ ਸਕਦਾ ਤੇ ਨਾ ਹੀ ਦਬਾਇਆ ਜਾ ਸਕਦਾ ਹੈ ਜੇਕਰ ਸੈਂਸਰ ਬੋਰਡ ਨੂੰ ਇਸ ਫਿਲਮ ਦੇ ਰਲੀਜ਼ ਹੋਣ ਵਿੱਚ ਕੋਈ ਇਤਰਾਜ ਨਹੀਂ ਤਾਂ ਫਿਰ ਇਸ ਨੂੰ ਰਲੀਜ਼ ਹੋਣ ਤੋਂ ਰੋਕਿਆ ਜਾਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਦੇ ਰਲੀਜ਼ ਹੋਣ ਨਾਲ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੀਆਂ ਵਧੀਕੀਆਂ ਬਾਰੇ ਪੋਲ ਖੁਲ਼੍ਹੇਗੀ। ਇਕੱਤਰਤਾ ਬਾਰੇ ਹੋਰ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਗੁਰੂ ਰਾਮਦਾਸ ਨਿਵਾਸ ਦਾ ਨਵੀਨੀਕਰਨ ਕਰਕੇ ਉਸ ਦੀ ਪੁਰਾਣੀ ਦਿਖ ਨੂੰ ਬਹਾਲ ਰੱਖਿਆ ਜਾਵੇਗਾ। ਜਥੇਦਾਰ ਅਵਤਾਰ ਸਿੰਘ ਨੇ ਅਹਿਮ ਖੁਲਾਸਾ ਕਰਦਿਆਂ ਹੋਇਆਂ ਕਿਹਾ ਕਿ ਕਾਰਪੋਰੇਸ਼ਨ ਵੱਲੋਂ ਯੋਗ ਢੰਗ ਨਾਲ ਸਫਾਈ ਆਦਿ ਨਹੀਂ ਕੀਤੀ ਜਾਂਦੀ ਇਸ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਠੋਸ ਢੰਗ ਨਾਲ ਸਾਂਭ-ਸੰਭਾਲ ਤੇ ਸਫਾਈ ਨੂੰ ਮੁਖ ਰੱਖਦਿਆਂ ਹੋਇਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਲਿਆਰੇ ਦੀ ਹਦੂਦ ਵਿੱਚ ਆਪਣੇ ਤੌਰ ਤੇ ਵਿਸ਼ੇਸ਼ ਸਫਾਈ ਦੇ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਇਸ ਪਾਵਨ-ਪਵਿੱਤਰ ਅਸਥਾਨ ਦੀ ਖੂਬਸੂਰਤੀ ਨੂੰ ਸੰਦੀਵੀ ਰੂਪ ਵਿੱਚ ਬਹਾਲ ਰੱਖਿਆ ਸਕੇ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਿਛਲੇ ਦਿਨੀ ਸਹਾਰਨਪੁਰ (ਯੂ.ਪੀ.) ਵਿਖੇ ਵਾਪਰੇ ਦੁਖਦਾਈ ਕਾਂਡ ਦੇ ਪੀੜ੍ਹਤਾਂ ਦੀ ਯੋਗ ਮਦਦ ਨੂੰ ਮੁੱਖ ਰੱਖਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸੇ ਤਰ੍ਹਾਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਮੁਹਿੰਮ ਨੂੰ ਦੇਸ਼ ਦੇ ਦੂਜੇ ਸੂਬਿਆਂ ਵਿੱਚ ਪੂਰੀ ਸੁਹਿਰਦਤਾ ਦੇ ਨਾਲ ਚਲਾਉਣ ਲਈ ਜਲਦੀ ਹੀ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਹੋਰ ਪ੍ਰਚਾਰਕ ਰੱਖੇ ਜਾਣਗੇ ਅਤੇ ਇਸੇ ਲੜੀ ਦੇ ਅੰਤਰਗਤ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ (ਉੱਤਰਾਂਚਲ) ਵਿਖੇ ਉੱਤਰਾਂਚਲ ਸਿੱਖ ਮਿਸ਼ਨ ਦੇ ਸਬ-ਆਫ਼ਿਸ ਦੀ ਸਥਾਪਨਾ ਕੀਤੀ ਜਾਵੇਗੀ। ਇਸੇ ਤਰ੍ਹਾਂ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬ੍ਹੋ (ਬਠਿੰਡਾ) ਵਿੱਚ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਨੂੰ ਸ਼ੁੱਧ ਪਾਣੀ ਉਪਲੱਬਧ ਕਰਵਾਉਣ ਲਈ ਆਰ.ਓ. ਸਿਸਟਮ ਲਗਾਇਆ ਜਾਵੇਗਾ ਤੇ ਗੁਰਮਤਿ ਸੰਗੀਤ ਅਕੈਡਮੀ ਸੇਖੂਪੁਰ ਮੰਚੂਰੀ ਜਿਲ੍ਹਾ ਕਰਨਾਲ (ਹਰਿਆਣਾ) ਗੁਰਮਤਿ ਦੀ ਵਿਦਿਆਂ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਪਹਿਲ ਦੇ ਅਧਾਰ ਤੇ ਹਾਰਮੋਨੀਅਮ, ਤਬਲਾ ਸੈੱਟ, ਪਾਣੀ ਦੇ ਕੂਲਰ ਉਪੱਲਬਧ ਕਰਵਾਏ ਜਾਣਗੇ। ਉਨ੍ਹਾਂ ਹੋਰ ਜਾਣਕਾਰੀ ਦੇਂਦਿਆ ਦੱਸਿਆ ਕਿ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦਾ ਹੋਰ ਸੁੰਦਰੀਕਰਨ ਕਰਨ (ਰੰਗ-ਰੋਗਨ) ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਲਦੀ ਹੀ ਯੋਗ ਉਪਰਾਲੇ ਸ਼ੁਰੂ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ।
ਇਕੱਤਰਤਾ ਵਿੱਚ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ, ਸ.ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿੰਗ ਮੈਂਬਰਾਨ ਸ.ਸੂਬਾ ਸਿੰਘ ਡੱਬਵਾਲੀ, ਸ.ਦਿਆਲ ਸਿੰਘ ਕੋਲਿਆਂਵਾਲੀ, ਸ: ਨਿਰਮੈਲ ਸਿੰਘ ਜੌਲਾਂ ਕਲਾਂ, ਸ: ਕਰਨੈਲ ਸਿੰਘ ਪੰਜੋਲੀ, ਸ. ਰਜਿੰਦਰ ਸਿੰਘ ਮਹਿਤਾ, ਸ.ਗੁਰਬਚਨ ਸਿੰਘ ਕਰਮੂੰਵਾਲ, ਸ. ਰਾਮਪਾਲ ਸਿੰਘ ਬਹਿਣੀਵਾਲ, ਸ.ਮੋਹਨ ਸਿੰਘ ਬੰਗੀ, ਸ.ਮੰਗਲ ਸਿੰਘ, ਸ. ਭਜਨ ਸਿੰਘ ਸ਼ੇਰਗਿੱਲ ਤੇ ਸ. ਸੁਰਜੀਤ ਸਿੰਘ ਗੜ੍ਹੀ ਸ਼ਾਮਲ ਹੋਏ।
ਇਸ ਮੌਕੇ ਸ.ਦਲਮੇਘ ਸਿੰਘ, ਸ.ਰੂਪ ਸਿੰਘ, ਸ. ਮਨਜੀਤ ਸਿੰਘ, ਸ. ਸਤਬੀਰ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਕੇਵਲ ਸਿੰਘ, ਸ. ਹਰਭਜਨ ਸਿੰਘ ਮਨਾਵਾਂ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਤੇ ਸ. ਪ੍ਰਮਜੀਤ ਸਿੰਘ ਸਰੋਆ ਐਡੀ:ਸਕੱਤਰ, ਸ. ਸਤਿੰਦਰ ਸਿੰਘ ਨਿੱਜੀ ਸਹਾਇਕ ਪ੍ਰਧਾਨ ਸਾਹਿਬ, ਸ. ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਇੰਚਾਰਜ ਸ. ਪ੍ਰਮਦੀਪ ਸਿੰਘ, ਸ. ਤਲਵਿੰਦਰ ਸਿੰਘ, ਸ. ਸੁਖਬੀਰ ਸਿੰਘ ਤੇ ਸ. ਗੁਰਦਿਆਲ ਸਿੰਘ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨਜਰ ਸ. ਅਮਰਜੀਤ ਸਿੰਘ ਆਦਿ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply