ਵਿਸ਼ਵ ਫੂਡ ਫੈਸਟੀਵਲ ਤੇ ਵਿਰਾਸਤੀ ਰਸੋਈ ਸੰਮੇਲਨ ਮੁੜ ਮਿਲਣ ਦੇ ਵਾਅਦੇ ਨਾਲ ਸਮਾਪਤ
ਅੰਮ੍ਰਿਤਸਰ, 15 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਵਿਸ਼ਵ ਪ੍ਰਸਿੱਧ ਖਾਨਸਾਮਿਆਂ ਦੀ ਅਗਵਾਈ `ਚ ਸਥਾਨਕ ਕਿਲ੍ਹਾ ਗੋਬਿੰਦਗੜ੍ਹ ਵਿਚ
12 ਅਕਤੂਬਰ ਤੋਂ ਬੜੀ ਸ਼ਾਨੋ-ਸ਼ੋਕਤ ਨਾਲ ਸ਼ੁਰੂ ਹੋਇਆ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ ਅੱਜ ਮੁੜ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਵਿਸ਼ਵ ਭਰ ਤੋਂ ਆਏ ਰਸੋਈਆ ਦਾ ਸਵਾਗਤ ਕਰਦੇ ਕਿਹਾ ਕਿ ਸਾਨੂੰ ਹਰ ਵਰ੍ਹੇ ਉਨਾਂ ਦਾ ਇੰਤਜ਼ਾਰ ਰਹੇਗਾ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਕਰਵਾਏ ਇਸ ਪਲੇਠੇ ਸੰਮੇਲਨ ਨੇ ਇਸ ਵਿਰਾਸਤੀ ਸ਼ਹਿਰ ਦੀ ਪ੍ਰਾਪਤੀ ਵਿਚ ਹੋਰ ਚੰਨ ਲਗਾਏ ਹਨ।ਉਨਾਂ ਅਰਮੀਨੀਆ, ਕੰਬੋਡੀਆ, ਕੈਨੇਡਾ, ਕਰੋਸ਼ੀਆ, ਚੈਕ ਗਣਰਾਜ, ਐਕਵਾਡੋਰ, ਮਿਸ਼ਰ, ਜਰਮਨੀ, ਘਾਨਾ, ਇੰਡੋਨੇਸ਼ੀਆ, ਇਟਲੀ, ਕੀਨੀਆ, ਮਕਾੳੂ, ਮਲੇਸ਼ੀਆ, ਮਾਲਦੀਵ, ਮਿਆਂਮਾਰ, ਨੇਪਾਲ, ਪੁਰਤਗਾਲ, ਕਤਰ, ਰੋਮਾਨੀਆ, ਸਾਊਦੀ ਅਰਬ, ਸਿੰਘਾਪੁਰ, ਸਪੇਨ, ਸ੍ਰੀਲੰਕਾ, ਸੀਰੀਆ, ਥਾਈਲੈਂਡ, ਤੁਰਕੀ, ਅਮਰੀਕਾ, ਯੁਕਰੇਨ, ਯੂ.ਏ.ਈ, ਵੀਅਤਨਾਮ ਤੇ ਵੇਲਸ ਆਦਿ ਦੇਸ਼ਾਂ ਤੋਂ ਰਸੋਈਆਂ ਦਾ ਸਵਾਗਤ ਕਰਦੇ ਕਿਹਾ ਕਿ ਉਹ ਭਵਿੱਖ ਵਿਚ ਵੀ ਇਸੇ ਤਰਾਂ ਗੁਰੂ ਨਗਰੀ ਆਉਂਦੇ ਰਹਿਣਗੇ।
ਸੰਘਾ ਨੇ ਕਿਹਾ ਕਿ ਇਸ ਸੰਮੇਲਨ ਨਾਲ ਜਿੱਥੇ ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਨੂੰ ਹੁੰਗਾਰਾ ਮਿਲੇਗਾ, ਉਥੇ ਸੰਸਕ੍ਰਿਤੀ ਤੌਰ ’ਤੇ ਇਕ-ਦੂਸਰੇ ਦੇ ਨੇੜੇ ਆਏ ਹਨ।ਪ੍ਰਸਿੱਧ ਰਸੋਈਏ ਮਨਜੀਤ ਗਿੱਲ ਨੇ ਕਿਹਾ ਕਿ ਉਨਾਂ ਦੀ ਟੀਮ ਅੰਮ੍ਰਿਤਸਰ ਦੀ ਮਹਿਮਾਨ ਨਿਵਾਜ਼ੀ ਅਤੇ ਇਥੋਂ ਦੇ ਭੋਜਨ ਵੇਖ ਕੇ ਬਹੁਤ ਪ੍ਰਸੰਨ ਹੋਈ ਹੈ ਅਤੇ ਕਿਲ੍ਹਾ ਗੋਬਿੰਦਗੜ੍ਹ ਦਾ ਇਹ ਖੁੱਲਾ-ਡੁੱਲਾ ਮਾਹੌਲ ਸੱਚਮੁੱਚ ਇਸ ਸੰਮੇਲਨ ਲਈ ਵਰਦਾਨ ਰਿਹਾ।
Punjab Post Daily Online Newspaper & Print Media