ਬਠਿੰਡਾ, 28 ਅਕਤੂਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬਠਿੰਡਾ ਮਾਨਸਾ ਰੋਡ ‘ਤੇ ਸੂਏ ਦੇ ਕਿਨਾਰੇ ਬਣੇ ਕਚਰਾ ਪਲਾਂਟ ਨੂੰ ਸੰਘਣੀ ਅਬਾਦੀ ਅਤੇ ਪੀਣ
ਵਾਲੇ ਪਾਣੀ ਦੇ ਸੂਏ ਤੋਂ ਦੂਰ ਤਬਦੀਲ ਕਰਨ ਨੂੰ ਲੈ ਕੇ ਕੂੜਾ ਡੰਪ ਹਟਾਓ ਮੋਰਚੇ ਦੇ ਮੈਂਬਰਾਂ ਅਤੇ ਸਮੂਹ ਕਲੋਨੀਆਂ ਵਾਸੀਆਂ ਵੱਲੋਂ ਆਈ ਟੀ.ਆਈ ਪਾਰਕ ਵਿਖੇ ਇਕੱਤਰਤਾ ਕਰਕੇ ਕੂੜਾ ਡੰਪ ਤਬਦੀਲ ਕਰਨ ਸਬੰਧੀ ਵਿਚਾਰ ਚਰਚਾ ਕੀਤੀ।ਕਾਂਗਰਸ ਸਰਕਾਰ ਵੱਲੋਂ ਪਿਛਲੇ ਸੰਘਰਸ਼ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਲੰਮਾਂ ਸਮਾਂ ਉਡੀਕਣ ਤੋਂ ਬਾਅਦ ਵਾਅਦਾ ਖਿਲਾਫੀ ਪ੍ਰਤੀ ਜਵਾਬ ਦੇਣ ਦੇ ਮੰਤਵ ਨਾਲ ਮੁੜ ਸੰਘਰਸ਼ ਛੇੜਨ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਅਨੁਸਾਰ ਪੀਣ ਵਾਲੇ ਪਾਣੀ ਦੇ ਸੂਏ ਅਤੇ ਸੰਘਣੀ ਆਬਾਦੀ ’ਚ ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗ ਕੇ ਲੋਕਾਂ ਵੱਲੋਂ ਕੀਤੇ ਵਿਰੋਧ ਦੇ ਬਾਵਜੂਦ ਵੀ ਅਕਾਲੀ ਭਾਜਪਾ ਸਰਕਾਰ ਨੇ ਬਕਫ ਬੋਰਡ ਦੀ ਜ਼ਮੀਨ ‘ਤੇ ਇਸ ਕੂੜਾ ਡੰਪ ਦੀ ਉਸਾਰੀ ਕੀਤੀ ਸੀ।ਕੂੜਾ ਡੰਪ ਮੋਰਚੇ ਦੇ ਸਮੂਹ ਮੈਂਬਰਾਂ ਅਤੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਕਾਲੀ ਲੀਡਰ ਚੋਣਾਂ ਸਮੇਂ ਵੋਟਾਂ ਵਟੋਰਣ ਲਈ ਇਸ ਜਹਿਰੀਲੇ ਖੂਹ ਨੂੰ ਨਜ਼ਾਇਜ਼ ਮੰਨਦੇ ਰਹੇ, ਪਰ ਲੋਕ ਸਭ ਜਾਣਦੇ ਸਨ ਕਿ ਇਹ ਸਭ ਦਿਖਾਵਾ ਸੀ, ਜਿਸ ਕਰਕੇ ਉਨ੍ਹਾਂ ਨੂੰ ਹਾਰ ਦਾ ਸਹਮਣਾ ਕਰਨਾ ਪਿਆ, ਕਾਂਗਰਸ ਸਰਕਾਰ ਸੱਤਾ ‘ਚ ਆਈ ਉਨ੍ਹਾਂ ਵੀ ਝੂਠੇ ਲਾਰਿਆਂ ਤੋਂ ਬਿਨ੍ਹਾਂ ਇੱਕ ਵੀ ਅਜਿਹਾ ਕਦਮ ਨਹੀਂ ਚੁੱਕਿਆ, ਜਿਸ ਨਾਲ ਸਰਕਾਰ ’ਤੇ ਵਿਸ਼ਵਾਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ 2019 ਦੀਆਂ ਚੋਣਾਂ ਸਿਰ ‘ਤੇ ਹਨ ਅਤੇ ਵਿੱਤ ਮੰਤਰੀ ਵੱਲੋਂ ਅਨੇਕਾਂ ਵਾਰ ਭਰੋਸਾ ਦੁਆ ਚੁੱਕੇ ਹਨ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਮੋਰਚਾ ਮੈਂਬਰਾਂ ਨੇ ਕਿਹਾ ਕਿ ਉਹ ਭਾਵੇਂ ਵੱਖ-ਵੱਖ ਪਾਰਟੀਆਂ ਨਾਲ ਹਮਦਰਦੀ ਰਖਦੇ ਹਨ, ਪਰ ਮੋਰਚੇ ਦਾ ਮੰਤਵ ਕਿਸੇ ਵੀ ਤਰ੍ਹਾਂ ਸਿਆਸੀ ਲਾਹਾ ਲੈਣਾ ਨਹੀਂ ਬਲਕਿ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਮੁਕਤ ਕਰਨਾ ਹੈ ਅਤੇ ਨਿਰਪੱਖ ਤੌਰ ‘ਤੇ ਸੰਘਰਸ਼ ਕਰ ਰਹੇ ਹਨ।ਆਗੂਆਂ ਨੇ ਕਿਹਾ ਕਿ ਗੁਰਪੁਰਬ ਉਪਰੰਤ ਉਨ੍ਹਾਂ ਵੱਲੋਂ ਧਰਨੇ ਰੈਲੀਆਂ ਦਾ ਸਿਲਸਿਲਾ ਜਾਰੀ ਕੀਤਾ ਜਾਵੇਗਾ, ਜਿਸ ਲਈ ਉਨ੍ਹਾਂ ਵੱਲੋਂ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਲੋਕਾਂ ਦੇ ਦੁੱਖ ਦਰਦਾਂ ਨਾਲ ਖਿਲਵਾੜ ਨਾ ਕਰਨ, ਜੇਕਰ 2019 ਤੱਕ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ 36 ਪੀੜਤ ਕਲੋਨੀਆਂ ਚੋਣਾਂ ਦਾ ਬਾਈਕਾਟ ਕਰਨਗੀਆਂ।
ਇਸ ਮੌਕੇ ਬਲਵਿੰਦਰ ਸਿੰਘ ਵਾਲੀਆ, ਰਣਜੀਤ ਸਿੰਘ ਜਲਾਲ, ਸੁਖਦੇਵ ਸਿੰਘ ਗਿੱਲ, ਸੋਹਣ ਸਿੰਘ ਜਵੰਧਾ, ਬਿਕਰਮ ਸਿੰਘ ਧਿੰਗੜ, ਕੈਪਟਨ ਮੱਲ ਸਿੰਘ, ਸੁਰਜੀਤ ਸਿੰਘ, ਬਾਬੂ ਰਾਮ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਵਾਸੀ ਮੌਜ਼ੁਦ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media