Saturday, March 14, 2026

ਸ੍ਰੀ ਅਕਾਲ ਤਖਤ ਸਾਹਿਬ ਦੀ ਨਿਗਰਾਨੀ `ਚ ਹੋਵੇ ਚੀਫ ਖਾਲਸਾ ਦੀਵਾਨ ਦੀ ਚੋਣ – ਪ੍ਰੋ. ਬਲਜਿੰਦਰ ਸਿੰਘ

PPN0112201801ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੈਂਬਰ ਤੇ ਚੋਣ ਅਧਿਕਾਰੀ ਪ੍ਰੋ. ਬਲਜਿੰਦਰ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਸੌਂਪ ਕੇ ਸੁਸਾਇਟੀ ਦੇ ਅਹੁੱਦੇਦਾਰਾਂ ਦੀ 2 ਦਸੰਬਰ (ਐਤਵਾਰ) ਨੂੰ ਹੋ ਰਹੀ ਚੋਣ ਸੰਸਥਾ ਦੇ ਸੰਵਿਧਾਨ ਮੁਤਾਬਿਕ ਕਰਵਉਣ ਲਈ ਦਖਲ ਮੰਗਿਆ ਹੈ।ਉਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨ, ਖਾਲਸਾ ਪੰਥ ਦੀ ਆਤਮਕ, ਮਾਨਸਿਕ, ਸਦਾਚਾਰਕ ਅਤੇ ਵਿਦਿਆ ਦੇ ਵਿਸਥਾਰ ਲਈ ਅਤੇ ਪੰਥ ਖਾਲਸਾ ਦੇ ਰਾਜਸੀ ਹਕੂਕ ਦੀ ਰਾਖੀ ਕਰਨ ਲਈ ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ 1904 `ਚ ਕੀਤੀ ਗਈ ਸੀ। ਸਿੱਖ ਕੌਮ ਦੀਆਂ ਮਹਾਨ ਸ਼ਖਸ਼ੀਅਤਾਂ ਭਾਈ ਵੀਰ ਸਿੰਘ, ਹਰਬੰਸ ਸਿੰਘ ਅਟਾਰੀ, ਤਰਲੋਚਨ ਸਿੰਘ ਆਦਿ ਵਲੋਂ ਦੀਵਾਨ ਦੇ ਸੰਵਿਧਾਨ ਦੀ ਘਾੜਤ ਘੜਨ ਵੇਲੇ ਦੀਰਘ ਦ੍ਰਿਸ਼ਟੀ ਤੋਂ ਕੰਮ ਲੈਂਦਿਆਂ ਸੰਸਥਾ ਦਾ ਮੈਂਬਰ ਬਣਨ ਲਈ `ੳ` ਅਤੇ `ੳੳ` ਦੇ ਇਕਰਾਰਨਾਮੇ ਅਧੀਨ ਇਹ ਸ਼ਰਤ ਰੱਖੀ ਸੀ ਕਿ ਸੰਸਥਾਂ ਦਾ ਮੈਂਬਰ ਅੰਮ੍ਰਿਤਧਾਰੀ ਹੋਵੇ ਅਤੇ ਪੰਜ ਕਕਾਰਾਂ ਦੀ ਰਹਿਤ ਰੱਖਦਾ ਹੋਵੇ।ਪਰ ਮੌਜੂਦਾ ਮੈਂਬਰ ਸੁਚੀ `ਤੇ ਝਾਤ ਮਾਰਿਆਂ ਇਹ ਸਪੱਸ਼ਟ ਪ੍ਰਤੀਤ ਹੁੰਦਾ ਹੈ ਕਿ ਦੀਵਾਨ ਦੇ ਮੈਂਬਰ ਬਨਾਉਣ ਸਮੇਂ ਕੁੱਝ ਮੈਂਬਰਾਂ ਵਲੋਂ ਸੰਸਥਾ ਤੇ ਪ੍ਰਬੰਧਕੀ ਕਬਜ਼ਾ ਕਰਨ ਦੇ ਮਨੋਰਥ ਨਾਲ ਆਪਣੇ ਪਰਿਵਾਰਾਂ ਦੇ ਵੱਧ ਤੋਂ ਵੱਧ ਮੈਂਬਰ ਬਣਾਏ ਗਏ ਹਨ ਜੋ ਕਿ ਗੈਰ ਅੰਮ੍ਰਿਤਧਾਰੀ ਹਨ। ਦੀਵਾਨ ਦੇ ਦਫ਼ਤਰ ਤੋਂ ਨਰਿੰਦਰ ਸਿੰਘ ਖੁਰਾਣਾ ਦੇ ਦਸਤਖਤਾਂ ਹੇਠ ਜੋ 433 ਵੋਟਰਾਂ (ਮੈਂਬਰਾਂ) ਦੀ ਸੂਚੀ ਬਤੌਰ ਚੌਣ ਅਧਿਕਾਰੀ ਉਨਾਂ ਨੂੰ 1 ਨਵੰਬਰ 2018 ਨੂੰ ਪ੍ਰਾਪਤ ਹੋਈ ਸੀ ਉਸ ਵਿੱਚ ਅਨੇਕਾਂ ਤਰੁੱਟੀਆਂ ਸਨ।
ਉਨਾਂ ਆਖਿਆ ਹੈ ਕਿ ਮਾਰਚ 2018 ਦੀ ਉਪ ਚੌਣਾਂ ਸਮੇਂ ਉਨਾਂ (ਪ੍ਰੋ. ਬਲਜਿੰਦਰ ਸਿੰਘ) ਡਾ. ਐਸ.ਪੀ ਸਿੰਘ ਅਤੇ ਇਕਬਾਲ ਸਿੰਘ ਲਾਲਪੁਰਾ ਚੌਣ ਅਧਿਕਾਰੀ ਸੀ। ਉਸ ਸਮੇਂ ਜਿਹਨਾਂ ਪਤਿਤ ਮੈਂਬਰਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ ਸੀ, ਉਨ੍ਹਾਂ ਦੇ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਉਨਾਂ ਸਕੱਤਰ ਖੁਰਾਣਾ ਨੂੰ 3 ਨਵੰਬਰ 2018 ਨੂੰ 433 ਮੈਂਬਰਾਂ ਦੀ ਵੋਟਰ ਸੂਚੀ ਮੂਲ ਰੂਪ `ਚ ਵਾਪਸ ਭੇਜੀ ਗਈ ਸੀ ਅਤੇ ਬੇਨਤੀ ਕੀਤੀ ਸੀ ਕਿ ਸੰਵਿਧਾਨ ਦੀਆਂ ਸ਼ਰਤਾਂ ਅਨੁਸਾਰ ਦੱਸਿਆ ਜਾਵੇ ਕਿਹੜੇ ਮੈਂਬਰ ਅੰਮ੍ਰਿਤਧਾਰੀ ਹਨ।ਪਰ ਦੀਵਾਨ ਤੋਂ ਚੌਣ ਦਫ਼ਤਰ ਨੂੰ ਅੱਜ-ਤੱਕ (29-11-2018) ਸੰਵਿਧਾਨ ਦੀ ਸ਼ਰਤਾਂ ਅਨੁਸਾਰ ਸੋਧੀ ਹੋਈ ਵੋਟਰ ਸੂਚੀ ਪ੍ਰਾਪਤ ਨਹੀਂ ਹੋਈ ਹੈ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਦੀਵਾਨ ਦੇ ਦਫ਼ਤਰ ਵਿੱਚ 433 ਮੈਂਬਰਾਂ ਦਾ `ੳ` ਅਤੇ `ੳੳ` ਇਕਰਾਰਨਾਮਾ ਵੀ ਮੌਜੂਦ ਨਹੀਂ ਹੈ।
ਮਾਰਚ 2018 ਦੀ ਚੋਣ ਬਾਅਦ ਉਨਾਂ ਨੇ ਕਾਰਜ ਸਾਧਕ ਕਮੇਟੀ ਇਕੱਤਰਤਾਵਾਂ ਵਿੱਚ ਕਈ ਵਾਰ ਇਹ ਮੁੱਦਾ ਉਠਾਇਆ ਸੀ ਕਿ ਪਤਿਤ ਅਤੇ ਗੈਰ ਅੰਮ੍ਰਿਤਧਾਰੀ ਮੈਂਬਰਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਅੰਮ੍ਰਿਤਧਾਰੀ ਬਣਾਇਆ ਜਾਵੇ ਪਰ ਦੁੱਖ ਦੀ ਗੱਲ ਹੈ ਕਿ ਉਸ `ਤੇ ਅਮਲ ਨਹੀਂ ਕੀਤਾ ਗਿਆ।ਉਨਾ ਕਿਹਾ ਕਿ ਚੀਫ਼ ਖਾਲਸਾ ਦੀਵਾਨ ਦਾ ਮੈਂਬਰ ਹੋਣ ਨਾਤੇ ਖਾਲਸਾ ਪੰਥ ਨੂੰ ਵੀ ਜੁਆਬ ਹਨ। ਚੋਣਾਂ ਵਿੱਚ ਪਾਰਦਰਸ਼ਤਾ ਦੀ ਅਣਹੋਂਦ ਕਾਰਨ ਉਨਾ ਦੀ ਜ਼ਮੀਰ ਇਜਾਜ਼ਤ ਨਹੀਂ ਦੇਂਦੀ ਕਿ ਉਹ ਗ਼ੈਰ ਅੰਮ੍ਰਿਤਧਾਰੀਆਂ ਨੂੰ ਵੋਟਾ ਪਾਉਣ ਦੀ ਇਜਾਜ਼ਤ ਦੇਣ।ਇਸ ਲਈ ਆਪਣਾ ਕੌਮੀ ਫਰਜ਼ ਸਮਝਦਿਆਂ ਹੋਇਆਂ ਆਪ ਜੀ ਨੂੰ ਬੇਨਤੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਹੇਠ ਪੰਜ ਪਿਆਰਿਆਂ ਨੂੰ ਭੇਜ ਕੇ ਕੇਵਲ ਅੰਮ੍ਰਿਤਧਾਰੀ ਮੈਂਬਰਾਂ ਨੂੰ ਹੀ 2 ਦਸੰਬਰ ਨੂੰ ਹੋਣ ਵਾਲੀ ਚੋਣ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ।ਇਸ ਦੇ ਨਾਲ ਜਿਥੇ ਚੀਫ਼ ਖ਼ਾਲਸਾ ਦੀਵਾਨ ਦਾ ਇੱਕ ਨਵਾਂ ਇਤਿਹਾਸ ਸਿਰਜਿਆ ਜਾਵੇਗਾ ਉਥੇ ਖਾਲਸਾ ਪੰਥ ਦੀ ਇਸ ਮਹਾਨ ਸੰਸਥਾਂ ਪ੍ਰਤੀ ਕੌਮ ਦਾ ਭਰੋਸਾ ਜਾਗੇਗਾ। 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply