ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਜਿਲ੍ਹੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਯਤਨ ਵਜੋਂ ਖੇਡ ਵਿਭਾਗ ਵੱਲੋਂ ਵੱਖ-ਵੱਖ ਉਮਰ ਵਰਗਾਂ ਵਿਚ ਜੋ ਖੇਡ ਮੁਕਾਬਲੇ ਕਰਵਾਏ ਗਏ, ਉਨਾਂ ਵਿਚ ਜਿਲ੍ਹੇ ਭਰ ਵਿਚੋਂ 5500 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।ਕਮਲਦੀਪ ਸਿੰਘ ਸੰਘਾ ਨੇ ਇੰਨੀ ਵੱਡੀ ਪੱਧਰ ’ਤੇ ਹੋਈ ਖ਼ਿਡਾਰੀਆਂ ਦੀ ਸ਼ਮੂਲੀਅਤ ਲਈ ਜਿੱਥੇ ਖੇਡ ਵਿਭਾਗ ਨੂੰ ਵਧਾਈ ਦਿੱਤੀ ਹੈ, ਉਥੇ ਜਿਲ੍ਹਾ ਵਾਸੀਆਂ ਨੂੰ ਪਿੰਡ-ਪਿੰਡ ਖੇਡ ਮੈਦਾਨ ਬਨਾਉਣ ਲਈ ਪ੍ਰੇਰਿਤ ਵੀ ਕੀਤਾ ਹੈ।
ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਨੂੰ ਸਫਲ ਬਣਾਉਣ ਲਈ ਜਿਲ੍ਹਾ ਪੱਧਰ ਟੂਰਨਾਮੈਂਟ ਅੰਡਰ 14, ਅੰਡਰ 18 ਅਤੇ ਅੰਡਰ 25 ਉਮਰ ਵਰਗ ਵਿਚ ਵੱਖ-ਵੱਖ ਥਾਵਾਂ ’ਤੇ ਕਰਵਾਏ ਗਏ ਜਿਸ ਵਿਚ ਕਰੀਬ 5500 ਖਿਡਾਰੀਆਂ ਨੇ ਭਾਗ ਲਿਆ।ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵਿਸ਼ੇਸ਼ ਤੌਰ ਅਰਜਨ ਐਵਾਰਡੀ ਹਰਦੀਪ ਸਿੰਘ, ਅੰਤਰ ਰਾਸ਼ਟਰੀ ਹਾਕੀ ਖਿਡਾਰਨ ਸੁਖਜੀਤ ਸ਼ੰਮੀ, ਅੰਤਰ ਰਾਸ਼ਟਰੀ ਸਾਬਕਾ ਖਿਡਾਰੀ ਬਲਬੀਰ ਸਿੰਘ ਰੰਧਾਵਾ ਤੋਂ ਇਲਾਵਾ ਖੇਡ ਜਗਤ ਦੀਆਂ ਉਘੀਆ ਹਸਤੀਆਂ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਆਉਂਦੀਆਂ ਰਹੀਆਂ।ਸੰਘਾ ਨੇ ਦੱਸਿਆ ਕਿ ਇਨ੍ਹਾਂ ਟੂਰਨਾਮੈਂਟ ਵਿੱਚ ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਕਬੱਡੀ, ਕੁਸ਼ਤੀ, ਟੇਬਲ, ਟੈਨਿਸ, ਤੈਰਾਕੀ ਤੋਂ ਇਲਾਵਾ ਹੋਰ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ ਸੀ।
ਸੰਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇਨਾਮ ਜਿੱਤਣ ਵਾਲੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਐਵਾਰਡ ਵਿਚ ਵੱਡਾ ਵਾਧਾ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਖਿਡਾਰੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ, ਜੋ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਹੈ। ਉਨਾਂ ਦੱਸਿਆ ਕਿ ਮੇਰੀ ਕੋਸ਼ਿਸ ਹੈ ਕਿ ਹਰੇਕ ਪਿੰਡ ਵਿਚ ਖੇਡ ਮੈਦਾਨ ਬਣਾਏ ਜਾਣ, ਕਿਉਂਕਿ ਅਕਸਰ ਵੇਖਿਆ ਗਿਆ ਹੈ ਕਿ ਜਿੱਥੇ ਖੇਡ ਮੈਦਾਨ ਵਿਚ ਸ਼ਾਮ-ਸਵੇਰੇ ਰੌਣਕ ਲੱਗਦੀ ਹੈ, ਉਥੋਂ ਦੇ ਨੌਜਵਾਨ ਨਸ਼ੇ ਵੱਲ ਮੂੰਹ ਨਹੀਂ ਕਰਦੇ ਅਤੇ ਫੌਜ ਤੇ ਪੁਲਿਸ ਆਦਿ ਵਿਚ ਵੀ ਅਸਾਨੀ ਨਾਲ ਭਰਤੀ ਹੋ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾ ਨਾਲ ਜੋੜਣ ਲਈ ਸੂਬੇ ਵਿੱਚ 32.90 ਕਰੋੜ ਰੁਪਏ ਦੀ ਲਾਗਤ ਨਾਲ 10 ਨਵੇਂ ਸਟੇਡੀਅਮ ਅਤੇ 2 ਸ਼ੂਟਿੰਗ ਰੇਜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।ਸੰਘਾ ਨੇ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਨੰੂ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੇ ਗਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜਮੀਨੀ ਪੱਧਰ ਤੇ ਛੋਟੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡ ਗਤੀਵਿਧੀਆਂ ਵਧਾਉਣ ਲਈ ਜਿਲ੍ਹਾ ਓਲੰਪਿਕ ਐਸੋਸੀਏਸ਼ਨਾਂ ਅਤੇ ਜਿਲ੍ਹਾ ਖੇਡ ਕੌਂਸਲਾਂ ਜੋ ਬੰਦ ਹੋਣ ਕਿਨਾਰੇ ਪਈਆਂ ਸਨ, ਨੂੰ ਵੀ ਸਰਗਰਮ ਕੀਤਾ ਜਾ ਰਿਹਾ ਹੈ।
ਸੰਘਾ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰੋਜਾਨਾਂ 10 ਮਿੰਟ ਖਿਡਾਰੀਆਂ/ਖਿਡਾਰਨਾਂ ਨੂੰ ਯੋਗਾ ਕਰਵਾਇਆ ਜਾਂਦਾ ਹੈ ਤਾਂ ਕਿ ਖਿਡਾਰੀ/ਖਿਡਾਰਨਾਂ ਨਸ਼ੇ ਵਰਗੀਆਂ ਬੁਰੀਆਂ ਅਲਾਮਤਾਂ ਤੋਂ ਜਾਗਰੂਕ ਹੋ ਸਕਣ ਅਤੇ ਆਪਣੇ ਪਰਿਵਾਰ ਅਤੇ ਆਂਢ-ਗੁਆਂਢ ਨੂੰ ਜਾਗਰੂਕ ਕਰ ਸਕਣ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media